ਪਾਣੀ ਨਹੀਂ ਇੰਦੌਰ 'ਚ ਹੋਵੇਗੀ ਦੌੜਾਂ ਦੀ ਬਰਸਾਤ, ਪਿੱਚ 'ਤੇ ਹੋਵੇਗਾ ਖਾਸ ਕੈਮੀਕਲ ਦਾ ਕਮਾਲ

01/07/2020 10:43:56 AM

ਸਪੋਰਟਸ ਡੈਸਕ— ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਤਿੰਨ ਮੈਚਾਂ ਦੀ ਸੀਰੀਜ਼ ਦਾ ਦੂਜਾ ਟੀ-20 ਮੈਚ ਅੱਜ ਭਾਵ 7 ਜਨਵਰੀ 2020 ਦਿਨ ਮੰਗਲਵਾਰ ਨੂੰ ਇੰਦੌਰ ਦੇ ਹੋਲਕਰ ਸਟੇਡੀਅਮ 'ਚ ਖੇਡਿਆ ਜਾਵੇਗਾ। ਗੁਹਾਟੀ 'ਚ ਮੀਂਹ ਤੋਂ ਬਾਅਦ ਪਿੱਚ ਨਹੀਂ ਸੁੱਕਣ ਦੇ ਕਾਰਨ ਪਹਿਲਾ ਟੀ-20 ਮੁਕਾਬਲਾ ਬਿਨਾ ਇਕ ਵੀ ਗੇਂਦ ਸੁੱਟੇ ਬੇਨਤੀਜਾ ਐਲਾਨਿਆ ਗਿਆ ਸੀ। ਕਥਿਤ ਤੌਰ 'ਤੇ ਪਿੱਚ 'ਤੇ ਵਿਛਾਏ ਗਏ ਕਵਰ 'ਚ ਮੋਰੀਆਂ ਹੋਣ ਕਾਰਨ ਅਜਿਹਾ ਹੋਇਆ ਸੀ। ਇਸ ਨੂੰ ਲੈ ਕੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੂੰ ਕਾਫੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ।

ਦੂਜੇ ਮੈਚ 'ਚ ਅਜਿਹੇ ਕਿਸੇ ਵੀ ਹਾਲਾਤ ਦਾ ਸਾਹਮਣਾ ਨਹੀਂ ਕਰਨਾ ਪਵੇ, ਇਸ ਦੇ ਲਈ ਆਯੋਜਕ ਮੱਧ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ (ਐੱਮ. ਪੀ. ਸੀ. ਏ.) ਨੇ ਮੈਦਾਨ ਨੂੰ ਤਿਆਰ ਕਰਨ 'ਚ ਖਾਸ ਕੈਮੀਕਲ ਦੀ ਵਰਤੋਂ ਕੀਤੀ ਹੈ। ਪਿੱਚ ਕਿਊਰੇਟਰ ਦੀ ਮੰਨੀਏ ਤਾਂ ਬੱਲੇਬਾਜ਼ਾਂ ਦੀ ਬੱਲੇ-ਬੱਲੇ ਰਹੇਗੀ ਅਤੇ ਦਰਸ਼ਕ ਮੈਦਾਨ 'ਤੇ ਪਾਣੀ ਦੀ ਜਗ੍ਹਾ-ਚੌਕਿਆਂ-ਛੱਕਿਆਂ ਦੀ ਬਰਸਾਤ ਹੁੰਦੇ ਦੇਖਣਗੇ।

ਮੁਕਾਬਲਾ ਸ਼ਾਮ 7 ਵਜੇ ਸ਼ੁਰੂ ਹੋਵੇਗਾ ਅਤੇ ਤ੍ਰੇਲ ਪੈਣ ਦੀ ਸੰਭਾਵਨਾ ਵੀ ਹੈ। ਅਜਿਹੇ 'ਚ ਐੱਮ. ਪੀ. ਸੀ. ਏ. ਨੇ ਤ੍ਰੇਲ ਦੇ ਅਸਰ ਨੂੰ ਘੱਟ ਕਰਨ ਦੀ ਕੋਸ਼ਿਸ਼ 'ਚ ਹੋਲਕਰ ਸਟੇਡੀਅਮ 'ਤੇ ਪਿਛਲੇ ਤਿੰਨ ਦਿਨਾਂ ਤੋਂ ਇਕ ਖਾਸ ਕੈਮੀਕਲ ਦਾ ਛਿੜਕਾਅ ਕੀਤਾ ਜਾ ਰਿਹਾ ਹੈ। ਐੱਮ. ਪੀ. ਸੀ. ਏ. ਦੇ ਮੁੱਖ ਕਿਊਰੇਟਰ ਸਮੰਦਰ ਸਿੰਘ ਚੌਹਾਨ ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ, ''ਤ੍ਰੇਲ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਪਿਛਲੇ ਤਿੰਨ ਦਿਨਾਂ ਤੋਂ ਪਾਣੀ ਦਾ ਛਿੜਕਾਅ ਨਹੀਂ ਕੀਤਾ ਜਾ ਰਿਹਾ ਹੈ। ਸਾਨੂੰ ਪੂਰੀ ਉਮੀਦ ਹੈ ਕਿ ਇਹ ਕੋਸ਼ਿਸ਼ ਬੱਲੇਬਾਜ਼ਾਂ ਲਈ ਕਾਫੀ ਮਦਦਗਾਰ ਹੋਵੇਗੀ ਅਤੇ ਦਰਸ਼ਸਕਾਂ ਨੂੰ ਮੈਚ ਦੌਰਾਨ ਚੌਕੇ-ਛੱਕਿਆਂ ਦੀ ਬਰਸਾਤ ਦੇਖਣ ਨੂੰ ਮਿਲੇਗੀ।''

Tarsem Singh

This news is Content Editor Tarsem Singh