ਭਾਰਤੀ ਜੂਨੀਅਰ ਹਾਕੀ ਟੀਮ ਜੋਹੋਰ ਕੱਪ 'ਚ ਜਾਪਾਨ ਹੱਥੋਂ ਹਾਰੀ

10/16/2019 10:00:15 AM

ਸਪੋਰਟਸ ਡੈਸਕ— ਭਾਰਤੀ ਜੂਨੀਅਰ ਪੁਰਸ਼ ਹਾਕੀ ਟੀਮ ਨੂੰ 9ਵੇਂ ਸੁਲਤਾਨ ਜੋਹੋਰ ਕੱਪ ਹਾਕੀ ਟੂਰਨਾਮੈਂਟ 'ਚ ਮੰਗਲਵਾਰ ਜਾਪਾਨ ਹੱਥੋਂ ਸਖਤ ਸੰਘਰਸ਼ 'ਚ 3-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਪਹਿਲਾਂ ਭਾਰਤ ਨੇ ਮਲੇਸ਼ੀਆ ਨੂੰ 4-2 ਨਾਲ ਅਤੇ ਨਿਊਜ਼ੀਲੈਂਡ ਨੂੰ 8-2 ਦੇ ਵੱਡੇ ਫਰਕ ਨਾਲ ਹਰਾਇਆ ਸੀ ਪਰ ਜਾਪਾਨ ਹੱਥੋਂ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਦੀ ਤਿੰਨ ਮੈਚਾਂ 'ਚ ਇਹ ਪਹਿਲੀ ਹਾਰ ਹੈ।
ਜਾਪਾਨ ਨੇ ਮੈਚ ਦੇ ਸ਼ੁਰੂਆਤੀ ਪਲਾਂ 'ਚ ਹੀ ਜ਼ਬਰਦਰਸਤ ਖੇਡ ਦੇ ਦਮ 'ਤੇ ਪਹਿਲਾ ਪੈਨੇਲਟੀ ਕਾਰਨਰ ਹਾਸਲ ਕੀਤਾ ਅਤੇ ਇਸ ਨੂੰ ਗੋਲ 'ਚ ਬਦਲ ਕੇ ਟੀਮ ਦੀ ਬੜ੍ਹਤ ਬਣਾ ਲਈ। ਜਾਪਾਨ ਨੇ ਅੱਧੇ ਸਮੇਂ ਤਕ 2-0 ਦੀ ਬੜ੍ਹਤ ਬਣਾਈ ਅਤੇ ਦੂਜੇ ਹਾਫ 'ਚ ਤੀਜੇ ਕੁਆਰਟਰ ਤਕ 4-2 ਦੀ ਬੜ੍ਹਤ ਬਣਾਈ। ਭਾਰਤ ਵਲੋਂ ਗੁਰਸਾਹਿਬਜੀਤ ਸਿੰਘ ਨੇ 31ਵੇਂ, ਸ਼ਾਰਦਾਨੰਦ ਤਿਵਾੜੀ ਨੇ 38ਵੇਂ ਮਿੰਟ 'ਚ ਗੋਲ ਕੀਤੇ। ਆਖਰੀ ਕੁਆਟਰ 'ਚ ਭਾਰਤ ਨੇ ਜ਼ਬਰਦਸਤ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਜਾਪਾਨ ਦੇ ਸਰਕਲ 'ਚ ਪਹੁੰਚ ਕੇ ਗੋਲ ਕਰਨ ਦੇ ਕਈ ਮੌਕੇ ਬਣਾਏ ਅਤੇ ਇਸ ਦਾ ਫਾਇਦਾ ਪ੍ਰਤਾਪ ਲਾਕੜਾ ਨੇ 53ਵੇਂ ਮਿੰਟ 'ਚ ਗੋਲ ਕਰ ਕੇ ਮਿਲਿਆ। ਇਸ ਤੋਂ ਬਾਹਰ ਭਾਰਤ ਨੂੰ ਕੋਈ ਸਫਲਤਾ ਨਹੀਂ ਮਿਲੀ।

ਜਾਪਾਨ ਵਲੋਂ ਵਤਾਰੂ ਮਤਸੁਮੋਤੋ ਨੇ ਸ਼ੁਰੂਆਤੀ ਮਿੰਟਾਂ ਚ ਗੋਲ ਕੀਤਾ, ਜਦਕਿ ਕੋਸੇਈ ਕਵਾਬੇ ਨੇ 22ਵੇਂ ਮਿੰਟ ਵਿਚ ਦੂਜਾ ਗੋਲ ਕੀਤਾ। ਜਾਪਾਨ ਦਾ ਤੀਜਾ ਗੋਲ ਕੀਤਾ ਵਤਾਨਬੇ ਨੇ ਅਤੇ ਚੌਥਾ ਗੋਲ ਕਵਾਬੇ ਨੇ 37ਵੇਂ ਮਿੰਟ ਵਿਚ ਕੀਤਾ।  ਉਪ-ਜੇਤੂ ਭਾਰਤ ਦਾ ਚੌਥਾ ਮੁਕਾਬਲਾ ਆਸਟਰੇਲੀਆ ਨਾਲ ਬੁੱਧਵਾਰ ਨੂੰ ਹੋਵੇਗਾ।