ਜੂਨੀਅਰ ਵਿਸ਼ਵ ਕੱਪ 'ਚ ਭਾਰਤ ਦੀ ਐਲਾਵੇਨਿਲ ਨੇ ਜਿੱਤਿਆ ਸੋਨ ਤਗਮਾ

03/22/2018 5:28:25 PM

ਸਿਡਨੀ, (ਬਿਊਰੋ)— ਭਾਰਤੀ ਨਿਸ਼ਾਨੇਬਾਜ਼ ਐਲਾਵੇਨਿਲ ਵਾਲਾਰੀਵਾਨ ਨੇ ਵਿਸ਼ਵ ਰਿਕਾਰਡ ਤੋੜਦੇ ਹੋਏ ਇੱਥੇ ਵੀਰਵਾਰ ਨੂੰ ਆਈ.ਐੱਸ.ਐੱਸ.ਐੱਫ. ਜੂਨੀਅਰ ਨਿਸ਼ਾਨੇਬਾਜ਼ੀ ਵਿਸ਼ਵ ਕੱਪ 'ਚ ਮਹਿਲਾਵਾਂ ਦੀ 10 ਮੀਟਰ ਏਅਰ ਰਾਈਫਲ ਮੁਕਾਬਲੇ 'ਚ ਸੋਨ ਤਗਮੇ 'ਤੇ ਨਿਸ਼ਾਨਾ ਵਿੰਨ੍ਹਿਆ। ਨਿੱਜੀ ਮੁਕਾਬਲੇ 'ਚ ਸੋਨ ਤਮਗੇ ਦੇ ਇਲਾਵਾ ਐਲਾਵੇਨਿਲ ਨੇ ਮਹਿਲਾ ਟੀਮ ਮੁਕਾਬਲੇ 'ਚ ਸ਼ੇਆ ਅੱਗਰਵਾਲ ਅਤੇ ਜੀਨਾ ਖਿੱਟਾ ਦੇ ਨਾਲ ਭਾਰਤ ਨੂੰ ਸੋਨ ਤਮਗਾ ਦਿਵਾਉਣ 'ਚ ਮਦਦ ਕੀਤੀ। 

ਅਰਜੁਨ ਬਰੂਤਾ ਨੇ ਪੁਰਸ਼ਾਂ ਦੀ 10 ਮੀਟਰ ਏਅਰ ਰਾਈਫਲ 'ਚ ਕਾਂਸੀ ਤਮਗਾ ਜਿੱਤਿਆ ਜੋ ਉਸ ਦਾ ਦੂਜਾ ਵਿਸ਼ਵ ਕੱਪ ਵੀ ਹੈ। 18 ਸਾਲ ਦੀ ਐਲਾਵੇਨਿਲ ਆਪਣੇ ਕਰੀਅਰ ਦੇ ਦੂਜੇ ਹੀ ਵਿਸ਼ਵ ਕੱਪ 'ਚ ਖੇਡਣ ਉਤਰੀ ਹੈ ਜਦਕਿ ਉਹ ਪਹਿਲੀ ਵਾਰ ਫਾਈਨਲ 'ਚ ਪਹੁੰਚੀ ਜਿੱਥੇ ਉਨ੍ਹਾਂ ਨੇ ਫਾਈਨਲ 'ਚ 249.8 ਦਾ ਸਭ ਤੋਂ ਵੱਧ ਸਕੋਰ ਹਾਸਲ ਕੀਤਾ। ਉਨ੍ਹਾਂ ਨੇ ਨਾਲ ਹੀ ਕੁਆਲੀਫਿਕੇਸ਼ਨ 'ਚ 631.4 ਦਾ ਸਕੋਰ ਬਣਾਇਆ ਜੋ ਵਿਸ਼ਵ ਕੱਪ 'ਚ ਨਵਾਂ ਰਿਕਾਰਡ ਹੈ।

ਐਲਾਵੇਨਿਲ ਨੇ ਅਹਿਮ 24ਵੇਂ ਸ਼ਾਟ 'ਤੇ 10.7 ਦੇ ਸਕੋਰ ਦੇ ਨਾਲ ਚੀਨੀ ਤਾਈਪੇ ਦੀ ਲਿਨ ਯਿੰਗ ਸ਼ਿਨ ਨੂੰ ਪਿੱਛੇ ਛੱਡਿਆ। ਐਲਾਵੇਨਿਲ ਨੇ ਪਿਛਲੇ ਹਫਤੇ ਫਿਸੂ ਵਿਸ਼ਵ ਸ਼ੂਟਿੰਗ ਸਪੋਰਟਸ ਚੈਂਪੀਅਨਸ਼ਿਪ 'ਚ ਕਾਂਸੀ ਦਾ ਤਗਮਾ ਜਿੱਤਿਆ ਸੀ। ਚੀਨ ਦੀ ਵਾਂਗ ਜ਼ੇਰੂ ਨੇ ਆਪਣੇ ਪਹਿਲੇ ਹੀ ਵਿਸ਼ਵ ਕੱਪ 'ਚ 228.4 ਦੇ ਸਕੋਰ ਦੇ ਨਾਲ ਕਾਂਸੀ ਤਗਮਾ ਜਿੱਤਿਆ। ਮੁਕਾਬਲੇ ਦੇ ਫਾਈਨਲ 'ਚ ਪਹੁੰਚੀ ਹੋਰ ਭਾਰਤੀ ਸ਼੍ਰੇਆ ਅਤੇ ਜੀਨਾ ਛੇਵੇਂ ਅਤੇ ਸਤਵੇਂ ਪਾਇਦਾਨ 'ਤੇ ਰਹੀਆਂ ਪਰ ਉਨ੍ਹਾਂ ਦੇ ਪ੍ਰਦਰਸ਼ਨ ਨਾਲ ਐਲਾਵੇਨਿਲ ਸਮੇਤ ਤਿੰਨਾਂ ਮਹਿਲਾਵਾਂ ਦੀ ਤਿਕੜੀ ਨੇ ਟੀਮ ਮੁਕਾਬਲੇ 'ਚ ਭਾਰਤ ਨੂੰ ਸੋਨ ਤਗਮਾ ਦਿਵਾ ਦਿੱਤਾ। 

ਚੀਨੀ ਤਾਈਪੇ ਦੀ ਲਿਨ, ਸਾਈ ਯਿ ਟਿੰਗ ਅਤੇ ਹੰਗ ਚੇਨ ਚਿੰਗ ਨੂੰ ਕਾਂਸੀ ਤਗਮਾ ਮਿਲਿਆ ਜਦਕਿ ਚੀਨ ਦੀ ਝੂ, ਵਾਂਗ ਅਤੇ ਗਾਓ ਮਿੰਗਵੇਈ ਦੀ ਤਿਕੜੀ ਨੇ ਕਾਂਸੀ ਤਗਮਾ ਜਿੱਤਿਆ। ਪੁਰਸ਼ ਮੁਕਾਬਲੇ 'ਚ ਭਾਰਤ ਦੀ ਨਿਸ਼ਾਨੇਬਾਜ਼ ਬਬੁਤਾ ਨੇ 226.3 ਦੇ ਸਕੋਰ ਦੇ ਨਾਲ ਤੀਜਾ ਸਥਾਨ ਹਾਸਲ ਕੀਤਾ। ਪਿਛਲੇ ਸਾਲ ਵਾਕੋ ਸਿਟੀ 'ਚ ਏਸ਼ੀਅਨ ਚੈਂਪੀਅਨਸ਼ਿਪ 'ਚ ਚਾਂਦੀ ਦਾ ਤਮਗਾ ਜਿੱਤਣ ਵਾਲੇ ਬਬੁਤਾ ਨੂੰ ਕਾਂਸੀ ਦਾ ਤਗਮਾ ਮਿਲਿਆ ਜਦਕਿ ਚੀਨ ਦੇ ਯੂਕੀ ਲਿਊ (247.1) ਨੂੰ ਸੋਨ ਅਤੇ ਹੰਗਰੀ ਦੇ ਜਲਾਨ ਪੇਕਲਰ (246) ਨੂੰ ਚਾਂਦੀ ਮਿਲਿਆ। ਹੋਰਨਾਂ ਭਾਰਤੀ ਨਿਸ਼ਾਨੇਬਾਜ਼ਾਂ ਸੂਰਯਾ ਪ੍ਰਤਾਪ ਸਿੰਘ ਅਤੇ ਸ਼ਾਹੂ ਤੁਸ਼ਾਰ ਮਾਨੇ ਛੇਵੇਂ ਅਤੇ ਅੱਠਵੇਂ ਪਾਇਦਾਨ 'ਤੇ ਰਹੇ।