ਭਾਰਤ ਨੂੰ ਫੀਫਾ ਰੈਂਕਿੰਗ ''ਚ ਹੋਇਆ ਇਕ ਸਥਾਨ ਦਾ ਨੁਕਸਾਨ

09/19/2020 12:54:59 AM

ਨਵੀਂ ਦਿੱਲੀ- ਭਾਰਤ ਫੀਫਾ ਦੀ ਤਾਜ਼ਾ ਫੁੱਟਬਾਲ ਰੈਂਕਿੰਗ 'ਚ ਇਕ ਸਥਾਨ ਦੇ ਨੁਕਸਾਨ ਨਾਲ 109ਵੇਂ ਸਥਾਨ 'ਤੇ ਖਿਸਕ ਗਿਆ ਹੈ। ਕੋਰੋਨਾ ਤੋਂ ਪ੍ਰਭਾਵਿਤ ਫੁੱਟਬਾਲ ਸੈਸ਼ਨ 'ਚ ਪਿਛਲੇ ਪੰਜ ਮਹੀਨਿਆਂ 'ਚ ਪਹਿਲੀ ਬਾਰ ਫੀਫਾ ਨੇ ਰੈਂਕਿੰਗ ਜਾਰੀ ਕੀਤੀ ਹੈ। ਭਾਰਤ 2018 'ਚ ਆਪਣੀ ਸਰਵਸ੍ਰੇਸ਼ਠ 97ਵੇਂ ਰੈਂਕਿੰਗ 'ਤੇ ਪਹੁੰਚਿਆ ਸੀ। ਭਾਰਤ 2019 'ਚ 108ਵੇਂ ਸਥਾਨ 'ਤੇ ਸੀ ਅਤੇ 2020 'ਚ ਕੋਰੋਨਾ ਤੋਂ ਪ੍ਰਭਾਵਿਤ ਸੈਸ਼ਨ 'ਚ 109ਵੇਂ ਸਥਾਨ 'ਤੇ ਹੈ। ਭਾਰਤ ਦੇ ਹੁਣ 1187 ਅੰਕ ਹਨ। ਫੀਫਾ ਰੈਂਕਿੰਗ 'ਚ ਯੂਰਪੀਅਨ ਦੇਸ਼ ਬੈਲਜੀਅਮ ਚੋਟੀ ਦੇ ਸਥਾਨ 'ਤੇ ਹੈ ਜਦਕਿ ਏਸ਼ੀਆਈ ਦੇਸ਼ ਇਰਾਨ ਨੇ ਤਿੰਨ ਸਥਾਨ ਫਾਇਦੇ ਨਾਲ ਟਾਪ-30 'ਚ ਜਗ੍ਹਾ ਬਣਾ ਲਈ ਹੈ।
ਗਲੋਬਲ ਮਹਾਮਾਰੀ ਕੋਰੋਨਾ ਵਾਇਰਸ ਦੇ ਕਾਰਨ ਬੰਦ ਪਈਆਂ ਖੇਡ ਗਤੀਵਿਧੀਆਂ ਦੇ ਲੱਗਭਗ 6 ਮਹੀਨੇ ਬਾਅਦ ਯੂਰੋਪ 'ਚ ਆਖਿਰਕਾਰ ਯੂਏਫਾ ਨੇਸ਼ਨਸ ਲੀਗ ਦੀ ਸ਼ੁਰੂਆਤ ਤੋਂ ਬਾਅਦ ਸਤੰਬਰ 'ਚ ਅੰਤਰਰਾਸ਼ਟਰੀ ਮੁਕਾਬਲੇ ਸ਼ੁਰੂ ਹੋ ਗਏ ਜਿਸ ਦਾ ਵਿਸ਼ਵ ਰੈਂਕਿੰਗ 'ਤੇ ਤਤਕਾਲ ਪ੍ਰਭਾਵ ਪਿਆ ਹੈ। ਫੀਫਾ ਵਲੋਂ ਜਾਰੀ ਨਵੀਂ ਰੈਂਕਿੰਗ ਦਾ ਹਾਲਾਂਕਿ ਚੋਟੀਆਂ ਦੀਆਂ ਚਾਰ ਟੀਮਾਂ 'ਤੇ ਕੋਈ ਅਸਰ ਨਹੀਂ ਪਿਆ ਹੈ। ਬੈਲਜੀਅਮ ਪਹਿਲੇ ਸਥਾਨ 'ਤੇ, ਫਰਾਂਸ ਦੂਜੇ ਸਥਾਨ 'ਤੇ, ਬ੍ਰਾਜ਼ੀਲ ਤੀਜੇ ਸਥਾਨ 'ਤੇ ਅਤੇ ਇੰਗਲੈਂਡ ਚੌਥੇ ਸਥਾਨ 'ਤੇ ਹੈ। ਪਿਛਲੇ ਵਿਸ਼ਵ ਕੱਪ ਦੀ ਉਪ ਜੇਤੂ ਟੀਮ ਕ੍ਰੋਏਸ਼ੀਆ ਨੂੰ ਹਾਲ ਹੀ 'ਚ ਹੋਏ ਅੰਤਰਰਾਸ਼ਟਰੀ ਮੁਕਾਬਲੇ 'ਚ ਹਾਰਨ ਦਾ ਪੁਰਤਗਾਲ ਨੂੰ ਫਾਇਦਾ ਹੋਇਆ ਹੈ। ਪੁਰਤਗਾਲ ਨੇ ਕ੍ਰੋਏਸ਼ੀਆ ਤੇ ਸਵੀਡਨ ਨੂੰ ਹਰਾਇਆ ਤੇ ਉਹ ਚੋਟੀ ਪੰਜ ਦੇਸ਼ਾਂ 'ਚ ਪੁਹੰਚ ਗਿਆ ਹੈ। ਕ੍ਰੋਏਸ਼ੀਆ ਦੋ ਸਥਾਨ ਦੇ ਨੁਕਸਾਨ ਨਾਲ 8ਵੇਂ ਸਥਾਨ 'ਤੇ ਪਹੁੰਚ ਗਿਆ ਹੈ, ਜਦਕਿ ਸਵੀਡਨ ਇਕ ਸਥਾਨ ਦੇ ਨੁਕਸਾਨ ਨਾਲ 18ਵੇਂ ਨੰਬਰ 'ਤੇ ਪਹੁੰਚ ਗਿਆ ਹੈ। ਇਸ ਦੌਰਾਨ ਸਪੇਨ 7ਵੇਂ ਸਥਾਨ 'ਤੇ, ਇਟਲੀ 12ਵੇਂ ਸਥਾਨ 'ਤੇ, ਹਾਲੈਂਡ 13ਵੇਂ ਅਤੇ ਜਰਮਨੀ 14ਵੇਂ ਸਥਾਨ 'ਤੇ ਆ ਗਿਆ ਹੈ।

Gurdeep Singh

This news is Content Editor Gurdeep Singh