ਭਾਰਤ ਬਨਾਮ ਆਸਟਰੇਲੀਆ : ਦੂਜੇ ਦਿਨ ਦੀ ਖੇਡ ਖਤਮ, ਭਾਰਤ ਅਜੇ ਵੀ ਆਸਟਰੇਲੀਆ ਤੋਂ 52 ਦੌੜਾਂ ਪਿੱਛੇ

03/26/2017 5:28:18 PM

ਧਰਮਸ਼ਾਲਾ— ਓਪਨਰ ਲੋਕੇਸ਼ ਰਾਹੁਲ (60) ਅਤੇ ਸ਼੍ਰੀਮਾਨ ਭਰੋਸੇਮੰਦ ਚੇਤੇਸ਼ਵਰ ਪੁਜਾਰਾ (57) ਨੇ ਸ਼ਾਨਦਾਰ ਅਰਧ ਸੈਂਕੜੇ ਵਾਲੀ ਪਾਰੀਆਂ ਖੇਡੀਆਂ ਪਰ ਆਸਟਰੇਲੀਆ ਦੇ ਆਫ ਸਪਿਨਰ ਨਾਥਨ ਲਿਓਨ ਨੇ ਜ਼ਬਰਦਸਤ ਗੇਂਦਬਾਜ਼ੀ ਕਰਦੇ ਹੋਏ 67 ਦੌੜਾਂ ''ਤੇ ਚਾਰ ਵਿਕਟ ਲੈ ਕੇ ਭਾਰਤ ਦੇ ਖਿਲਾਫ ਚੌਥੇ ਅਤੇ ਫੈਸਲਾਕੁੰਨ ਟੈਸਟ ਦੇ ਦੂਜੇ ਦਿਨ ਐਤਵਾਰ ਨੂੰ ਮੈਚ ਨੂੰ ਰੋਮਾਂਚਕ ਮੋੜ ''ਤੇ ਪਹੁੰਚਾ ਦਿੱਤਾ ਹੈ। ਭਾਰਤ ਨੇ ਦੂਜੇ ਦਿਨ ਦੀ ਖੇਡ ਖਤਮ ਹੋਣ ਤੱਕ 91 ਓਵਰ ''ਚ 6 ਵਿਕਟਾਂ ''ਤੇ 248 ਦੌੜਾਂ ਬਣਾ ਲਈਆਂ ਹਨ ਅਤੇ ਉਹ ਆਸਟਰੇਲੀਆ ਦੇ ਪਹਿਲੀ ਪਾਰੀ ਦੇ 300 ਦੌੜਾਂ ਦੇ ਸਕੋਰ ਤੋਂ 52 ਦੌੜਾਂ ਪਿੱਛੇ ਹੈ ਜਦਕਿ ਉਸ ਦੀਆਂ ਚਾਰ ਵਿਕਟਾਂ ਬਾਕੀ ਹਨ। ਮੈਚ ਕਾਫੀ ਰੋਮਾਂਚਕ ਹੋ ਗਿਆ ਹੈ ਅਤੇ ਦੋਹਾਂ ਹੀ ਟੀਮਾਂ ''ਚ ਬੜ੍ਹਤ ਦੇ ਲਈ ਜ਼ਬਰਦਸਤ ਸੰਘਰਸ਼ ਛਿੜਿਆ ਹੋਇਆ ਹੈ।

ਵਿਸ਼ਵ ਦੀ ਨੰਬਰ ਇਕ ਟੀਮ ਭਾਰਤ ਇਕ ਸਮੇਂ 2 ਵਿਕਟਾਂ ''ਤੇ 157 ਦੌੜਾਂ ਬਣਾ ਕੇ ਕਾਫੀ ਚੰਗੀ ਸਥਿਤੀ ''ਚ ਸੀ ਪਰ ਉਸ ਨੇ 221 ਦੌੜਾਂ ਤੱਕ ਜਾਂਦੇ-ਜਾਂਦੇ ਆਪਣੀਆਂ 6 ਵਿਕਟਾਂ ਗੁਆ ਦਿੱਤੀਆਂ। ਆਫ ਸਪਿਨਰ ਲਿਓਨ ਨੇ ਇਸ ਦੌਰਾਨ ਭਾਰਤ ਨੂੰ ਚਾਰ ਵਿਕਟਾਂ ਲੈ ਕੇ ਸਭ ਤੋਂ ਜ਼ਿਆਦਾ ਨੁਕਸਾਨ ਪਹੁੰਚਾਇਆ। ਲਿਓਨ ਨੇ ਪੁਜਾਰਾ (57), ਕਰੁਣ ਨਾਇਰ (5), ਕਾਰਜਵਾਹਕ ਕਪਤਾਨ ਅਜਿੰਕਯ ਰਹਾਣੇ (46) ਅਤੇ ਰਵੀਚੰਦਰਨ ਅਸ਼ਵਿਨ (30) ਦੇ ਵਿਕਟ ਝਟਕ ਕੇ ਆਸਟਰੇਲੀਆ ਨੂੰ ਵਾਪਸ ਮੁਕਾਬਲੇ ''ਚ ਲਿਆ ਦਿੱਤਾ। ਇਸ ਤੋਂ ਪਹਿਲਾਂ ਤੇਜ਼ ਗੇਂਦਬਾਜ਼ ਜੋਸ਼ ਹੇਜਲਵੱਡ ਨੇ ਓਪਨਰ ਮੁਰਲੀ ਵਿਜੇ (11) ਅਤੇ ਪੈਟ ਕਮਿੰਸ ਨੇ ਲੋਕੇਸ਼ ਰਾਹੁਲ (60) ਦੇ ਵਿਕਟ ਝਟਕੇ। ਦੂਜੇ ਦਿਨ ਸਟੰਪਸ ਦੇ ਸਮੇਂ ਰਿਧੀਮਾਨ ਸਾਹਾ 10 ਅਤੇ ਰਵਿੰਦਰ ਜਡੇਜਾ 16 ਦੌੜਾਂ ਬਣਾ ਕੇ ਕ੍ਰੀਜ਼ ''ਤੇ ਹੈ। ਜਡੇਜਾ ਨੇ ਪਹਿਲੀ ਪਾਰੀ ਦੇ ਦੌਰਾਨ ਆਪਣੀਆਂ 1000 ਟੈਸਟ ਦੌੜਾਂ ਪੂਰੀਆਂ ਕੀਤੀ ਹਨ।

ਮੈਚ ਦੇ ਤੀਜੇ ਦਿਨ ਸਵੇਰੇ ਦਾ ਸੈਸ਼ਨ ਬੇਹੱਦ ਫੈਸਲਾਕੁੰਨ ਰਹੇਗਾ। ਦੋਹਾਂ ਹੀ ਟੀਮਾਂ ਇਸ ਗੱਲ ਦੀ ਪੂਰੀ ਕੋਸ਼ਿਸ਼ ਕਰਨਗੀਆਂ ਕਿ ਪਹਿਲੀ ਪਾਰੀ ''ਚ ਬੜ੍ਹਤ ਲੈ ਕੇ ਵਿਰੋਧੀ ਟੀਮ ''ਤੇ ਮਨੋਵਿਗਿਆਨਕ ਦਬਾਅ ਬਣਾਇਆ ਜਾਵੇ। ਮੈਚ ਦੇ ਦੋਵੇਂ ਹੀ ਦਿਨ ਅਜੇ ਤੱਕ ਸ਼ਾਨਦਾਰ ਖੇਡ ਦੇਖਣ ਨੂੰ ਮਿਲਿਆ ਹੈ ਅਤੇ ਵਿਸ਼ਵ ਰੈਂਕਿੰਗ ''ਚ ਨੰਬਰ ਇਕ ਅਤੇ ਨੰਬਰ ਦੋ ਟੀਮਾਂ ਨੇ ਉਤਰਾਅ-ਚੜ੍ਹਾਅ ਨਾਲ ਗੁਜ਼ਰਦੇ ਹੋਏ ਵਾਪਸੀ ਕੀਤੀ। ਪਹਿਲੇ ਦਿਨ ਜਿੱਥੇ ਭਾਰਤੀ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਨੇ ਚਾਰ ਵਿਕਟਾਂ ਝਟਕੀਆਂ ਤਾਂ ਦੂਜੇ ਦਿਨ ਆਸਟਰੇਲੀਆਈ ਆਫ ਸਪਿਨਰਾਂ ਲਿਓਨ ਨੇ ਚਾਰ ਵਿਕਟਾਂ ਝਟਕ ਲਈਆਂ।