ਵਰਲਡ ਸ਼ੂਟਿੰਗ ''ਚ ਤਮਗਾ ਸੂਚੀ ''ਚੋਂ ਬਾਹਰ ਰਿਹਾ ਭਾਰਤ

07/11/2019 4:18:21 PM

ਨਵੀਂ ਦਿੱਲੀ : ਆਈ. ਐੱਸ. ਐੱਸ. ਐੱਫ. ਵਰਲਡ ਨਿਸ਼ਾਨੇਬਾਜ਼ੀ ਵਿਚ ਭਾਰਤ ਦਾ ਨਿਰਾਸ਼ਾਜਨਕ ਪ੍ਰਦਰਸ਼ਨ ਰਿਹਾ ਅਤੇ ਉਹ ਅੰਕ ਤਮਗਾ ਸੂਚੀ ਵਿਚ ਜਗ੍ਹਾ ਤੱਕ ਨਹੀਂ ਬਣਾ ਸਕਿਆ ਜਦਕਿ ਮੇਜ਼ਬਾਨ ਇਟਲੀ 6 ਸੋਨ ਤਮਗਿਆਂ ਸਮੇਤ ਕੁਲ 15 ਤਮਗੇ ਜਿੱਤ ਕੇ ਚੋਟੀ 'ਤੇ ਰਿਹਾ। ਇਟਲੀ ਦੇ ਸ਼ਹਿਰ ਲੋਨਾਟਾ ਡੇਲ ਗਾਰਦਾ ਵਿਚ ਹੋਈ ਚੈਂਪੀਅਨਸ਼ਿਪ ਵਿਚ ਅਮਰੀਕਾ 5 ਸੋਨ ਸਮੇਤ 15 ਤਮਗਿਆਂ ਦੇ ਨਾਲ ਦੂਜੇ ਸਥਾਨ 'ਤੇ ਰਿਹਾ। ਚੈਂਪੀਅਨਸ਼ਿਪ ਦੇ ਫਾਈਨਲ ਵਿਚ ਮਹਿਲਾ ਸਕੀਟ ਵਿਚ ਸਾਬਕਾ ਓਲੰਪਿਕ ਚੈਂਪੀਅਨ ਇਟਲੀ ਦੀ ਡਾਇਨਾ ਬਕੋਸੀ ਨੇ ਸੋਨ ਤਮਗਾ ਜਿੱਤਿਆ ਜਦਕਿ ਚੈਕ ਗਣਰਾਜ ਦੇ ਡੇਨਿਅਲ ਕੋਰਾਕ ਜੂਨੀਅਰ ਪੁਰਸ਼ ਸਕੀਟ ਮੁਕਾਬਲੇ ਵਿਚ ਚੈਂਪੀਅਨ ਬਣੇ।

ਭਾਰਤੀਆਂ ਵਿਚ ਮਹਿਲਾ ਸਕੀਟ ਮੁਕਾਬਲੇ ਵਿਚ ਸਾਨਿਆ ਸ਼ੇਖ ਖਾਨ ਦਾ 112 ਅੰਕਾਂ ਦੇ ਨਾਲ 30ਵੇਂ ਸਥਾਨ 'ਤੇ ਸਰਵਸ੍ਰੇਸ਼ਠ ਪ੍ਰਦਰਸ਼ਨ ਰਿਹਾ। ਇਸ ਤੋਂ ਇਲਾਵਾ ਸਕੀਟ ਮਹਿਲਾ ਮੁਕਾਬਲੇ ਵਿਚ ਹੋਰ ਭਾਰਤੀਆਂ ਵਿਚ ਅਰੀਬਾ ਖਾਨ 109 ਅੰਕਾਂ ਨਾਲ 47ਵੇਂ ਸਥਾਨ, ਕਾਰਤਿਕੀ ਸਿੰਘ ਸ਼ੇਖਾਵਤ 108 ਅੰਕਾਂ ਨਾਲ 50ਵੇਂ ਨੰਬਰ 'ਤੇ ਰਹੀ। ਸਕੀਟ ਪੁਰਸ਼ ਮੁਕਾਬਲੇ ਵਿਚ ਭਾਰਤ ਦੇ ਗੁਰਨੈਲ ਸਿੰਘ ਗਾਰਚਾ 109 ਅੰਕਾਂ ਨਾਲ 31ਵੇਂ, ਆਯੁਸ਼ ਰੁਦਰ ਰਾਜੂ 107 ਅੰਕਾਂ ਨਾਲ 32ਵੇਂ ਨੰਬਰ 'ਤੇ, ਅਰਜੁਨੀ ਠਾਕੁਰ 104 ਦੇ ਨਾਲ 35ਵੇਂ ਨੰਬਰ 'ਤੇ ਰਹੇ।