ਸੁਰੱਖਿਆ ਦੇ ਮਾਮਲੇ ''ਚ ਭਾਰਤ ''ਚ ਪਾਕਿਸਤਾਨ ਨਾਲੋਂ ਵੱਧ ਖਤਰਾ : PCB ਪ੍ਰਧਾਨ

12/23/2019 6:09:38 PM

ਕਰਾਚੀ : ਪਾਕਿਸਤਾਨ ਕ੍ਰਿਕਟ ਬੋਰਡ ਦੇ ਪ੍ਰਧਾਨ ਅਹਿਸਾਨ ਮਨੀ ਨੇ ਸ਼੍ਰੀਲੰਕਾ ਖਿਲਾਫ ਘਰੇਲੂ ਟੈਸਟ ਸੀਰੀਜ਼ ਦੇ ਖਤਮ ਹੋਣ ਤੋਂ ਬਾਅਦ ਸੋਮਵਾਰ ਨੂੰ ਕਿਹਾ ਕਿ ਭਾਰਤ ਵਿਚ ਉਨ੍ਹਾਂ ਦੇ ਦੇਸ਼ ਨਾਲੋਂ ਵੱਧ ਸੁਰੱਖਿਆ ਦਾ ਖਤਰਾ ਹੈ। ਸ਼੍ਰੀਲੰਕਾ ਦੀ ਕ੍ਰਿਕਟ ਟੀਮ 'ਤੇ 2009 ਵਿਚ ਹੋਏ ਅੱਤਵਾਦੀ ਹਮਲੇ ਦੇ 10 ਸਾਲ ਤੋਂ ਬਾਅਦ ਪਾਕਿਸਤਾਨ ਨੇ ਘਰੇਲੂ ਧਰਤੀ 'ਤੇ ਟੈਸਟ ਸੀਰੀਜ਼ ਦਾ ਆਯੋਜਨ ਕੀਤਾ ਹੈ। ਇਸ ਦੌਰਾਨ ਕਿਸੇ ਵੀ ਵੱਡੀ ਟੀਮ ਨੇ ਪਾਕਿਸਤਾਨ ਦਾ ਦੌਰਾ ਨਹੀਂ ਕੀਤਾ ਹੈ।

ਅਹਿਸਾਨ ਮਨੀ ਨੇ ਪਾਕਿਸਾਤਨੀ ਮੀਡੀਆ ਨੂੰ ਦਿੱਤੀ ਇੰਟਰਵਿਊ 'ਚ ਕਿਹਾ, ''ਅਸੀਂ ਇਹ ਸਾਬਤ ਕੀਤਾ ਹੈ ਕਿ ਪਾਕਿਸਤਾਨ ਸੁਰੱਖਿਅਤ ਹੈ।, ਜੇਕਰ ਕੋਈ ਟੀਮ ਇੱਥੇ ਨਹੀਂ ਆ ਰਹੀ ਤਾਂ ਉਨ੍ਹਾਂ ਨੂੰ ਸਾਬਤ ਕਰਨਾ ਹੋਵੇਗਾ ਕਿ ਪਾਕਿਸਤਾਨ ਅਸੁਰੱਖਿਅਤ ਹੈ। ਅੱਜ ਦੇ ਸਮੇਂ ਵਿਚ ਪਾਕਿਸਤਾਨ ਦੀ ਤੁਲਨਾ ਵਿਚ ਭਾਰਤ ਵਿਚ ਸੁਰੱਖਿਆ ਦਾ ਜ਼ਿਆਦਾ ਖਤਰਾ ਹੈ।'' ਆਈ. ਸੀ. ਸੀ. ਦੇ ਇਸ ਸਾਬਕਾ ਪ੍ਰਧਾਨ ਨੇ ਸ਼੍ਰੀਲੰਕਾ ਦੇ ਪਾਕਿਸਤਾਨ ਦੌਰੇ ਨੂੰ ਮਹੱਤਵਪੂਰਨ ਮੋੜ ਕਰਾਰ ਦਿੱਤਾ। ਸ਼੍ਰੀਲੰਕਾ ਖਿਲਾਫ ਟੈਸਟ ਸੀਰੀਜ਼ ਦੇ ਸਫਲ ਆਯੋਜਨ ਤੋਂ ਬਾਅਦ ਹੁਣ ਕਿਸੇ ਨੂੰ ਵੀ ਪਾਕਿਸਤਾਨ ਵਿਚ ਸੁਰੱਖਿਆ ਇੰਤਜ਼ਾਮ 'ਤੇ ਸ਼ੱਕ ਨਹੀਂ ਕਰਨਾ ਚਾਹੀਦਾ। ਇਹ ਪਾਕਿਸਤਾਨ ਵਿਚ ਟੈਸਟ ਕ੍ਰਿਕਟ ਦੀ ਸ਼ੁਰੂਆਤ ਲਈ ਮਹੱਤਵਪੂਰਨ ਮੋੜਾ ਹੈ।'' ਪਾਕਿਸਤਾਨ ਨੂੰ ਹੁਣ 3 ਟੀ-20 ਕੌਮਾਂਤਰੀ ਅਤੇ 2 ਟੈਸਟ ਮੈਚਾਂ ਲਈ ਜਨਵਰੀ ਵਿਚ ਬੰਗਲਾਦੇਸ਼ ਦੀ ਮੇਜ਼ਬਾਨੀ ਕਰਨੀ ਹੈ। ਬੰਗਲਾਦੇਸ਼ ਕ੍ਰਿਕਟ ਬੋਰਡ ਦੇ ਅਧਿਕਾਰੀਆਂ ਨੇ ਹਾਲਾਂਕਿ ਕਿਹਾ ਕਿ ਉਹ ਸੁਰੱਖਿਆ ਕਾਰਨਾਂ ਤੋਂ 5 ਵਨ ਡੇ ਮੈਚ ਨਹੀਂ ਖੇਡਣਗੇ।