ਮਹਿਲਾ ਹਾਕੀ ਵਿਸ਼ਵ ਲੀਗ : ਭਾਰਤ ਨੇ ਚਿਲੀ ਨੂੰ ਹਰਾ ਕੀਤਾ ਕੁਆਰਟਰ ਫਾਈਨਲ ''ਚ ਪ੍ਰਵੇਸ਼

07/12/2017 8:09:35 PM

ਜੋਹਾਨਿਸਬਰਗ — ਪ੍ਰੀਤੀ ਦੁਬੇ ਦੇ ਮਹੱਤਵਪੂਰਣ ਗੋਲ ਦੀ ਬਦੌਲਤ ਭਾਰਤ ਨੇ ਅੱਜ ਇੱਥੇ ਚਿਲੀ ਨੂੰ 1-0 ਨਾਲ ਹਰਾ ਕੇ ਮਹਿਲਾ ਹਾਕੀ ਵਿਸ਼ਵ ਲੀਗ ਸੈਮੀਫਾਈਨਲ ਦੇ ਕੁਆਰਟਰ ਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ। ਪ੍ਰੀਤੀ ਦੇ 38ਵੇਂ ਮਿੰਟ 'ਚ ਕੀਤੇ ਗਏ ਗੋਲ ਨੇ ਯਕੀਨੀ ਬਣਾਇਆ ਕਿ ਭਾਰਤ ਟੂਰਨਾਮੈਂਟ 'ਚ ਆਪਣੀ ਪਹਿਲੀ ਜਿੱਤ ਦਰਜ ਕਰੇ, ਜਦਕਿ ਉਸ ਨੇ ਪਿਛਲੇ ਮੈਚਾਂ 'ਚ ਦੱਖਣੀ ਅਫਰੀਕਾ ਖਿਲਾਫ ਇਕ ਗੋਲਰਹਿਤ ਡਰਾਅ ਖੇਡਿਆ ਸੀ ਅਤੇ ਉਸ ਨੂੰ ਮਜ਼ਬੂਤ ਅਮਰੀਕਾ ਤੋਂ 1-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਚਿਲੀ ਨੇ ਮੈਚ ਦੇ ਚੌਥੇ ਹੀ ਮਿੰਟ 'ਚ ਪਹਿਲਾ ਪੇਨਲਟੀ ਕਾਰਨਰ ਹਾਸਲ ਕਰ ਲਿਆ ਸੀ ਜਦਕਿ ਭਾਰਤ ਨੂੰ 12 ਵੇਂ ਮਿੰਟ 'ਚ ਪਹਿਲਾ ਸ਼ਾਰਟ ਕਾਰਨਰ ਮਿਲਿਆ। ਹਾਲਾਂਕਿ ਅਜਿਹਾ ਲੱਗ ਰਿਹਾ ਸੀ ਕਿ ਭਾਰਤ ਨੇ ਰਿਬਾਊਂਡ 'ਤੇ ਗੋਲ ਕੀਤਾ ਹੈ ਪਰ ਵੀਡੀਓ ਰੇਫਰਲ ਤੋਂ ਬਾਅਦ ਇਸ ਨੂੰ ਗੋਲ ਨਹੀਂ ਮੰਨਿਆ ਗਿਆ ਕਿਉਂਕਿ ਇਹ ਖਿਡਾਰੀ ਦੇ ਸ਼ਰੀਰ ਨਾਲ ਹੋਇਆ ਸੀ, ਸਟਿਕ ਨਾਲ ਨਹੀਂ।
ਦੂਜੇ ਕੁਆਰਟਰ 'ਚ ਚਿਲੀ ਨੇ ਕੁੱਝ ਮੌਕੇ ਬਣਾਏ ਪਰ ਭਾਰਤ ਨੂੰ ਗੋਲ ਕਰਨ ਦੇ ਮੌਕਿਆਂ ਤੋਂ ਨਹੀਂ ਰੋਕ ਸਕਿਆ। ਅਜਿਹਾ ਹੀ ਮੌਕਾ 19ਵੇਂ ਮਿੰਟ 'ਚ ਮਿਲਿਆ, ਜਦੋਂ ਅਨੂਪਾ ਬਾਲਰਾ ਨੇ ਚਿੱਲੀ ਦੀ ਖਿਡਾਰੀ ਤੋਂ ਗੇਂਦ ਖੋਹ ਕੇ ਸਰਕਲ ਅੰਦਰ ਰਾਣੀ  ਕੋਲ ਭੇਜੀ ਪਰ ਇਹ ਸਟ੍ਰਾਇਕਰ ਮੌਕਾ ਖੁੰਝ ਗਈ। ਪਹਿਲੇ ਹਾਫ 'ਚ ਦੋਵੇਂ ਟੀਮਾਂ ਕੋਈ ਗੋਲ ਨਹੀਂ ਕਰ ਸਕੀਆਂ ਪਰ ਭਾਰਤ ਨੂੰ ਆਖਿਰ ਰਾਣੀ ਅਤੇ ਪ੍ਰੀਤੀ ਦੀ ਕੋਸ਼ਿਸ਼ ਨਾਲ ਸਫਲਤਾ ਮਿਲੀ।