ਭਾਰਤ ਨੇ ਮਲੇਸ਼ੀਆ ਨੂੰ 5-0 ਨਾਲ ਹਰਾਇਆ, ਸੈਮੀਫਾਈਨਲ ਦੇ ਕਰੀਬ

08/07/2023 12:09:36 PM

ਚੇਨਈ, (ਭਾਸ਼ਾ)–ਜਿੱਤ ਦੇ ਰਸਤੇ ’ਤੇ ਵਾਪਸੀ ਕਰਦੇ ਹੋਏ ਭਾਰਤੀ ਹਾਕੀ ਟੀਮ ਨੇ ਮਲੇਸ਼ੀਆ ਨੂੰ ਏਸ਼ੀਆਈ ਚੈਂਪੀਅਨਸ ਟਰਾਫੀ ਦੇ ਰਾਊਂਡ ਰੌਬਿਨ ਮੈਚ ’ਚ ਐਤਵਾਰ ਨੂੰ 5-0 ਨਾਲ ਹਰਾ ਦਿੱਤਾ। ਭਾਰਤ ਲਈ ਕਾਰਤੀ ਸੇਲਵਮ (15ਵਾਂ ਮਿੰਟ), ਹਾਰਦਿਕ ਸਿੰਘ (32ਵਾਂ ਮਿੰਟ), ਕਪਤਾਨ ਹਰਮਨਪ੍ਰੀਤ ਸਿੰਘ (42ਵਾਂ ਮਿੰਟ), ਗੁਰਜੰਟ ਸਿੰਘ (53ਵਾਂ ਮਿੰਟ) ਤੇ ਜੁਗਰਾਜ ਸਿੰਘ (54ਵਾਂ ਮਿੰਟ) ਨੇ ਗੋਲ ਕੀਤੇ। ਇਸ ਜਿੱਤ ਤੋਂ ਬਾਅਦ ਭਾਰਤ ਅੰਕ ਸੂਚੀ ’ਚ ਚੋਟੀ ’ਤੇ ਪਹੁੰਚ ਗਿਆ ਹੈ ਤੇ ਸੈਮੀਫਾਈਨਲ ਦਾ ਰਸਤਾ ਵੀ ਸਾਫ ਕਰ ਲਿਆ ਹੈ।

ਭਾਰਤ ਨੇ ਪਹਿਲੇ ਕੁਆਰਟਰ ’ਚ ਕਾਫੀ ਹਮਲਵਾਰ ਸ਼ੁਰੂਆਤ ਕੀਤੀ ਤੇ ਕਈ ਚੰਗੇ ਮੌਕੇ ਬਣਾਏ। ਪਹਿਲੇ ਕੁਆਰਟਰ ਦੇ ਆਖਰੀ ਮਿੰਟ ’ਚ ਹਰਮਨਪ੍ਰੀਤ ਸਿੰਘ ਮਲੇਸ਼ੀਆਈ ਬਾਕਸ ਵੱਲ ਗੇਂਦ ਲੈ ਕੇ ਦੌੜਿਆ ਤੇ ਸੇਲਵਮ ਨੂੰ ਪਾਸ ਦਿੱਤਾ, ਜਿਸ ਨੇ ਆਸਾਨ ਗੋਲ ਕਰ ਦਿੱਤਾ।

ਇਹ ਵੀ ਪੜ੍ਹੋ : ਕਰਤਾਰਪੁਰ ਦੇ ਸੰਦੀਪ ਸਿੰਘ ਦੇ ਕੈਨੇਡਾ 'ਚ ਚਰਚੇ, ਹਾਸਲ ਕੀਤੀ ਵੱਡੀ ਪ੍ਰਾਪਤੀ

ਦੂਜੇ ਕੁਆਰਟਰ ’ਚ ਭਾਰਤੀਆਂ ਨੇ ਹਮਲੇ ਬੋਲਣੇ ਜਾਰੀ ਰੱਖੇ ਤੇ ਦੋ ਪੈਨਲਟੀ ਕਾਰਨਰ ਵੀ ਬਣਾਏ ਪਰ ਉਨ੍ਹਾਂ ’ਤੇ ਗੋਲ ਨਹੀਂ ਹੋ ਸਕਿਆ। ਤੀਜੇ ਕੁਆਰਟਰ ਦੇ ਦੂਜੇ ਹੀ ਮਿੰਟ ’ਚ ਹਾਲਾਂਕਿ ਹਾਰਦਿਕ ਨੇ ਪੈਨਲਟੀ ਕਾਰਨਰ ’ਤੇ ਰਿਬਾਊਂਡ ਸ਼ਾਟ ਰਾਹੀਂ ਗੋਲ ਕਰ ਦਿੱਤਾ ਜਦਕਿ ਹਰਮਨਪ੍ਰੀਤ ਮੂਲ ਸ਼ਾਟ ਤੋਂ ਖੁੰਝ ਗਿਆ ਸੀ। ਮਲੇਸ਼ੀਆ ਨੂੰ ਵੀ ਇਸ ਕੁਆਰਟਰ ’ਚ ਪੈਨਲਟੀ ਕਾਰਨਰ ਮਿਲਿਆ ਤੇ ਨਜਮੀ ਜਜਲਾਨ ਨੇ ਗੋਲ ਵੀ ਕਰ ਦਿੱਤਾ ਸੀ ਪਰ ਭਾਰਤ ਨੇ ਵੀਡੀਓ ਰੈਫਰਲ ਲਿਆ। ਖਤਰਨਾਕ ਫਲਿੱਕ ਹੋਣ ਕਾਰਨ ਇਹ ਗੋਲ ਰੱਦ ਕਰ ਦਿੱਤਾ ਗਿਆ।

ਭਾਰਤ ਨੂੰ 42ਵੇਂ ਮਿੰਟ ’ਚ ਲਗਾਤਾਰ ਤਿੰਨ ਪੈਨਲਟੀ ਕਾਰਨਰ ਮਿਲੇ, ਜਿਨ੍ਹਾਂ ’ਚੋਂ ਤੀਜੇ ’ਤੇ ਗੋਲ ਹੋਇਆ। ਭਾਰਤ ਦਾ ਚੌਥਾ ਗੋਲ ਗੁਰਜੰਟ ਨੇ ਕੀਤਾ, ਜਿਸ ਦੀ ਨੀਂਹ ਹਾਰਦਿਕ ਤੇ ਮਨਦੀਪ ਸਿੰਘ ਨੇ ਰੱਖੀ। ਜੁਗਰਾਜ ਨੇ ਅਗਲੇ ਮਿੰਟ ’ਚ ਇਕ ਹੋਰ ਗੋਲ ਕਰਕੇ ਭਾਰਤ ਦੀ ਬੜ੍ਹਤ 5 ਗੋਲਾਂ ਦੀ ਕਰ ਦਿੱਤੀ। ਭਾਰਤ ਨੂੰ ਹੁਣ ਸਾਬਕਾ ਚੈਂਪੀਅਨ ਦੱਖਣੀ ਕੋਰੀਆ ਨਾਲ ਸੋਮਵਾਰ ਨੂੰ ਖੇਡਣਾ ਹੈ ਜਦਕਿ ਮਲੇਸ਼ੀਆ ਦੀ ਟੱਕਰ ਜਾਪਾਨ ਨਾਲ ਹੋਵੇਗੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh