ਭਾਰਤ ਨੇ ਦੂਜੇ ਮਹਿਲਾ ਟੀ-20 ਮੈਚ 'ਚ ਬੰਗਲਾਦੇਸ਼ ਨੂੰ 8 ਦੌੜਾਂ ਨਾਲ ਹਰਾ ਕੇ 2-0 ਦੀ ਬੜ੍ਹਤ ਬਣਾਈ

07/11/2023 5:21:48 PM

ਮੀਰਪੁਰ (ਏਜੰਸੀ)- ਦੀਪਤੀ ਸ਼ਰਮਾ ਤੇ ਸ਼ੈਫਾਲੀ ਵਰਮਾ ਦੀ ਫਿਰਕੀ ਦੇ ਜਾਦੂ ਨਾਲ ਭਾਰਤ ਨੇ ਮੰਗਲਵਾਰ ਨੂੰ ਇੱਥੇ ਘੱਟ ਸਕੋਰ ਵਾਲੇ ਦੂਜੇ ਟੀ-20 ਕੌਮਾਂਤਰੀ ਮੁਕਾਬਲੇ ’ਚ ਬੰਗਲਾਦੇਸ਼ ਨੂੰ 8 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ’ਚ 2-0 ਦੀ ਅਜੇਤੂ ਬੜ੍ਹਤ ਬਣਾ ਲਈ। ਆਫ ਸਪਿਨਰ ਸੁਲਤਾਨਾ ਖਾਤੂਨ ਨੇ ਕਰੀਅਰ ਦੀ ਸਰਵਸ੍ਰੇਸ਼ਠ ਗੇਂਦਬਾਜ਼ੀ ਕਰਦੇ ਹੋਏ 21 ਦੌੜਾਂ ਦੇ ਕੇ 3 ਵਿਕਟਾਂ ਲਈਆਂ, ਜਿਸ ਨਾਲ ਬੰਗਲਾਦੇਸ਼ ਨੇ ਭਾਰਤ ਨੂੰ 8 ਵਿਕਟਾਂ ’ਤੇ 95 ਦੌੜਾਂ ’ਤੇ ਰੋਕ ਦਿੱਤਾ, ਜਿਹੜਾ ਮੇਜ਼ਾਬਨ ਟੀਮ ਵਿਰੁੱਧ ਉਸਦਾ ਮਹਿਲਾ ਟੀ-20 ’ਚ ਸਭ ਤੋਂ ਘੱਟ ਸਕੋਰ ਹੈ। ਹਾਲਾਂਕਿ ਭਾਰਤ ਨੇ ਦੀਪਤੀ (12 ਦੌੜਾਂ ’ਤੇ 3 ਵਿਕਟਾਂ) ਤੇ ਸ਼ੈਫਾਲੀ ਵਰਮਾ (15 ਦੌੜਾਂ ’ਤੇ 3 ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਬੰਗਲਾਦੇਸ਼ ਨੂੰ 20 ਓਵਰਾਂ ’ਚ ਸਿਰਫ 87 ਦੌੜਾਂ ’ਤੇ ਢੇਰ ਕਰ ਦਿੱਤਾ। ਬੰਗਲਾਦੇਸ਼ ਦੀ ਟੀਮ ਇਕ ਸਮੇਂ ਪੰਜ ਵਿਕਟਾਂ ’ਤੇ 86 ਦੌੜਾਂ ਬਣਾ ਕੇ ਚੰਗੀ ਸਥਿਤੀ ’ਚ ਸੀ ਪਰ ਟੀਮ ਨੇ ਇਸ ਤੋਂ ਬਾਅਦ 8 ਗੇਂਦਾਂ ’ਚ ਸਿਰਫ 1 ਦੌੜ ਜੋੜ ਕੇ ਬਾਕੀ ਬਚੀਆਂ 5 ਵਿਕਟਾਂ ਗੁਆ ਦਿੱਤੀਆਂ ਤੇ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਦੀਪਤੀ ਤੇ ਸ਼ੈਫਾਲੀ ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਪਹਿਲਾਂ ਦੋ ਨੌਜਵਾਨ ਸਪਿਨਰਾਂ ਮੀਨੂ ਮਣੀ (9 ਦੌੜਾਂ ’ਤੇ 2 ਵਿਕਟਾਂ) ਤੇ ਖੱਬੇ ਹੱਥ ਦੀ ਸਪਿਨਰ ਅਨੁਸ਼ਾ ਬਾਰੈੱਡੀ (20 ਦੌੜਾਂ ’ਤੇ 1 ਵਿਕਟ) ਨੇ ਭਾਰਤ ਨੂੰ ਚੰਗੀ ਸ਼ੁਰੂਆਤ ਦਿਵਾਈ। ਸ਼ੈਫਾਲੀ ਨੇ ਆਪਣੀਆਂ ਤਿੰਨੇ ਵਿਕਟਾਂ ਮੈਚ ਦੇ ਆਖਰੀ ਓਵਰ ’ਚ ਲਈਆਂ, ਜਿਸ ਦੌਰਾਨ ਬੰਗਲਾਦੇਸ਼ ਨੂੰ ਜਿੱਤ ਲਈ 10 ਦੌੜਾਂ ਦੀ ਲੋੜ ਸੀ ਜਦਕਿ ਉਸਦੀਆਂ 4 ਵਿਕਟਾਂ ਬਾਕੀ ਸਨ। ਇਸ ਓਵਰ ’ਚ ਸਿਰਫ 1 ਦੌੜ ਬਣੀ।

ਬੰਗਲਾਦੇਸ਼ ਲਈ ਕਪਤਾਨ ਨਿਗਾਰ ਸੁਲਤਾਨਾ 55 ਗੇਂਦਾਂ ’ਚ 38 ਦੌੜਾਂ ਬਣਾ ਕੇ ਟਾਪ ਸਕੋਰਰ ਰਹੀ। ਉਹ ਦੋਹਰੇ ਅੰਕ ’ਚ ਪਹੁੰਚਣ ਵਾਲੀ ਬੰਗਲਾਦੇਸ਼ ਦੀ ਇਕਲੌਤੀ ਬੱਲੇਬਾਜ਼ੀ ਰਹੀ। ਨਿਗਾਰ ਕੋਲ ਬੰਗਲਾਦੇਸ਼ ਨੂੰ ਜਿੱਤ ਦਿਵਾਉਣ ਦਾ ਮੌਕਾ ਸੀ ਪਰ 19ਵੇਂ ਓਵਰ ’ਚ ਦੀਪਤੀ ਦੀ ਗੇਂਦ ’ਤੇ ਵਿਕਟਕਪੀਰ ਯਸਤਿਕਾ ਭਾਟੀਆ ਨੇ ਉਸ ਨੂੰ ਸਟੰਪ ਕਰ ਦਿੱਤਾ, ਜਿਸ ਤੋਂ ਬਾਅਦ ਹੇਠਲੇ ਕ੍ਰਮ ਦੇ ਬੱਲੇਬਾਜ਼ਾਂ ਨੇ ਗੋਡੇ ਟੇਕ ਦਿੱਤੇ। ਭਾਰਤੀ ਸੀਨੀਅਰ ਟੀਮ ’ਚ ਜਗ੍ਹਾ ਬਣਾਉਣ ਵਾਲੀ ਕੇਰਲ ਦੀ ਪਹਿਲੀ ਮਹਿਲਾ ਮੀਨੂ ਨੇ ਸ਼ਮੀਮਾ ਸੁਲਤਾਨਾ (5) ਨੂੰ ਸ਼ੈਫਾਲੀ ਦੇ ਹੱਥੋਂ ਕੈਚ ਕਰਵਾ ਕੇ ਭਾਰਤ ਨੂੰ ਪਹਿਲੀ ਸਫਲਤਾ ਦਿਵਾਈ। ਭਾਰਤ ਨੂੰ ਦੋਵੇਂ ਪਾਸਿਆਂ ਤੋਂ ਸਪਿਨਰਾਂ ਤੋਂ ਗੇਂਦਬਾਜ਼ੀ ਕਰਵਾਉਣ ਦਾ ਫਾਇਦਾ ਮਿਲਿਆ। ਦੀਪਤੀ ਨੇ ਸ਼ਥੀ ਰਾਣੀ (5) ਨੂੰ ਪੈਵੇਲੀਅਨ ਭੇਜਿਆ, ਜਿਸ ਦਾ ਪਹਿਲੀ ਸਲਿਪ ’ਚ ਕਪਤਾਨ ਹਰਮਨਪ੍ਰੀਤ ਨੇ ਇਕ ਹੱਥ ਨਾਲ ਸ਼ਾਨਦਾਰ ਕੈਚ ਫੜਿਆ। ਬੰਗਲਾਦੇਸ਼ ਦੀ ਕਪਤਾਨ ਨਿਗਾਰ ਨੇ ਹਾਲਾਂਕਿ ਸ਼ੋਰਨਾ ਅਖਤਰ (7) ਨਾਲ ਮਿਲ ਕੇ 34 ਦੌੜਾਂ ਜੋੜ ਕੇ ਮੇਜ਼ਬਾਨ ਟੀਮ ਨੂੰ ਟੀਚੇ ਦੇ ਨੇੜੇੇ ਪਹੁੰਚਾਇਆ। ਦੀਪਤੀ ਨੇ ਸ਼ੋਰਨਾ ਨੂੰ ਆਪਣੀ ਹੀ ਗੇਂਦ ’ਤੇ ਕੈਚ ਕਰਕੇ ਇਸ ਸਾਂਝੇਦਾਰੀ ਨੂੰ ਤੋੜਿਆ, ਜਿਸ ਤੋਂ ਬਾਅਦ ਭਾਰਤ ਤੇ ਜ਼ੋਰਦਾਰ ਵਾਪਸੀ ਕਰਦੇ ਹੋਏ ਜਿੱਤ ਦਰਜ ਕੀਤੀ।

ਇਸ ਤੋਂ ਪਹਿਲਾਂ ਹਰਮਨਪ੍ਰੀਤ ਕੌਰ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਦਾ ਫੈਸਲਾ ਕੀਤਾ। ਸਮ੍ਰਿਤੀ ਮੰਧਾਨਾ (13 ਗੇਂਦਾਂ ’ਤੇ 13 ਦੌੜਾਂ) ਤੇ ਸ਼ੈਫਾਲੀ (14 ਗੇਂਦਾਂ ’ਤੇ 19 ਦੌੜਾਂ) ਨੇ ਟੀਮ ਨੂੰ ਚੰਗੀ ਸ਼ੁਰੂਆਤ ਦਿੱਤੀ। ਭਾਰਤ ਨੇ 26 ਗੇਂਦਾਂ ਬਿਨਾਂ ਕਿਸੇ ਨੁਕਸਾਨ ਦੇ 33 ਦੌੜਾਂ ਬਣਾਈਆਂ ਸਨ ਪਰ ਅੱਧੀ ਟੀਮ 13.1 ਓਵਰਾਂ ’ਚ 58 ਦੇ ਸਕੋਰ ’ਤੇ ਪੈਵੇਲੀਅਨ ਪਰਤ ਗਈ। ਸੁਲਤਾਨਾ ਨੇ ਸ਼ੈਫਾਲੀ ਤੇ ਹਰਮਨਪ੍ਰੀਤ ਨੂੰ ਲਗਾਤਾਰ ਗੇਂਦਾਂ ’ਤੇ ਆਊਟ ਕੀਤਾ। ਖੱਬੇ ਹੱਥ ਦੀ ਸਪਿਨਰ ਨਾਹਿਦਾ ਅਖਤਰ ਨੇ ਮੰਧਾਨਾ ਦੀ ਕੀਮਤੀ ਵਿਕਟ ਲਈ, ਜਿਹੜੀ ਸਲਾਗ ਸਵੀਪ ਖੇਡਣ ਦੀ ਕੋਸ਼ਿਸ਼ ’ਚ ਬੋਲਡ ਹੋ ਗਈ। ਅਗਲੇ ਓਵਰ ’ਚ ਸੁਲਤਾਨਾ ਨੇ ਸ਼ੈਫਾਲੀ ਨੂੰ ਮਿਡ ਆਫ ’ਤੇ ਕੈਚ ਕਰਵਾਇਆ। ਉੱਥੇ ਹੀ ਹਰਮਨਪ੍ਰੀਤ ਵਾਧੂ ਉਛਾਲ ਲੈਂਦੀ ਗੇਂਦ ’ਤੇ ਝਕਾਨੀ ਖਾ ਗਈ ਤੇ ਉਸਦੀ ਆਫ ਸਟੰਪ ਉਖੜ ਗਈ। ਜੇਮਿਮਾ ਨੇ 21 ਗੇਂਦਾਂ ’ਚ 8 ਦੌੜਾਂ ਬਣਾਈਆਂ ਤੇ ਉਹ ਰਾਬਿਆ ਖਾਨ ਦੀ ਸ਼ਿਕਾਰ ਹੋਈ। ਤਜਰਬੇਕਾਰ ਸਲਮਾ ਖਾਤੂਨ ਦੀ ਜਗ੍ਹਾ ਖੇਡ ਰਹੀ ਫਾਹਿਮਾ ਖਾਤੂਨ ਨੇ ਯਸਤਿਕਾ ਭਾਟੀਆ (11) ਤੇ ਦੀਪਤੀ ਸ਼ਰਮਾ (10) ਦੀ ਵਿਕਟ ਲਈ। ਭਾਰਤ ਨੇ ਪਹਿਲਾ ਟੀ-20 ਸੱਤ ਵਿਕਟਾਂ ਨਾਲ ਜਿੱਤਣ ਵਾਲੀ ਟੀਮ ’ਚ ਕੋਈ ਬਦਲਾਅ ਨਹੀਂ ਕੀਤਾ ਸੀ।

cherry

This news is Content Editor cherry