ਭਾਰਤ-ਬੰਗਲਾਦੇਸ਼ ਨੇ ਗੁਲਾਬੀ ਗੇਂਦ ਨਾਲ ਕੀਤਾ ਅਭਿਆਸ

11/21/2019 2:21:14 AM

ਕੋਲਕਾਤਾ— ਭਾਰਤ ਤੇ ਬੰਗਲਾਦੇਸ਼ ਵਿਚਾਲੇ 22 ਨਵੰਬਰ ਤੋਂ ਸ਼ੁਰੂ ਹੋਣ ਵਾਲੇ ਇਤਿਹਾਸਕ ਡੇਅ-ਨਾਈਟ ਟੈਸਟ ਤੋਂ ਪਹਿਲਾਂ ਬੁੱਧਵਾਰ ਨੂੰ ਈਡਨ ਗਾਰਡਨ 'ਤੇ ਦੋਵਾਂ ਟੀਮਾਂ ਨੇ ਗੁਲਾਬੀ ਗੇਂਦ ਨਾਲ ਅਧਿਕਾਰਤ ਤੌਰ 'ਤੇ ਅਭਿਆਸ ਕੀਤਾ। ਦੋਵੇਂ ਕ੍ਰਿਕਟ ਟੀਮਾਂ ਮੰਗਲਵਾਰ ਨੂੰ ਕੋਲਕਾਤਾ ਪਹੁੰਚ ਗਈਆਂ ਸਨ, ਜਿਥੇ ਉਹ ਆਪਣੇ ਕ੍ਰਿਕਟ ਇਤਿਹਾਸ 'ਚ ਪਹਿਲੀ ਵਾਰ ਡੇਅ-ਨਾਈਟ ਸਵਰੂਪ ਵਿਚ ਟੈਸਟ ਖੇਡਣ ਉਤਰਨਗੀਆਂ। ਇਸ ਮੈਚ ਨੂੰ ਯਾਦਗਾਰੀ ਬਣਾਉਣ ਲਈ ਪੂਰੇ ਸ਼ਹਿਰ ਵਿਚ ਹੀ ਜ਼ੋਰਦਾਰ ਤਿਆਰੀਆਂ ਕੀਤੀਆਂ ਗਈਆਂ ਹਨ, ਨਾਲ ਹੀ ਮੈਚ ਲਈ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਸੱਦਾ ਦਿੱਤਾ ਗਿਆ ਹੈ, ਜਿਹੜੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਮੁਖੀ ਸੌਰਭ ਗਾਂਗੁਲੀ ਦੇ ਸੱਦੇ 'ਤੇ ਆਪਣੀ ਟੀਮ ਦਾ ਹੌਸਲਾ ਵਧਾਉਣ ਲਈ ਇਥੇ ਮੌਜੂਦ ਰਹੇਗੀ। ਮਹਿਮਾਨ ਬੰਗਲਾਦੇਸ਼ ਟੀਮ ਨੂੰ ਸਵੇਰੇ 10 ਵਜੇ ਤੋਂ 1 ਵਜੇ ਤਕ ਈਡਨ ਗਾਰਡਨ ਮੈਦਾਨ 'ਤੇ ਗੁਲਾਬੀ ਗੇਂਦ ਨਾਲ ਅਭਿਆਸ ਕਰਨ ਦਾ ਸਮਾਂ ਦਿੱਤਾ ਗਿਆ, ਜਦਕਿ ਮੇਜ਼ਬਾਨ ਭਾਰਤੀ ਟੀਮ ਇਸ ਤੋਂ ਬਾਅਦ ਇਥੇ ਅਭਿਆਸ ਲਈ ਉਤਰੀ।
ਕ੍ਰਿਕਟ ਮਾਹਿਰਾਂ ਦੀ ਮੰਨੀਏ ਤਾਂ ਈਡਨ ਗਾਰਡਨ ਗੁਲਾਬੀ ਗੇਂਦ ਨਾਲ ਮੈਚ ਆਯੋਜਿਤ ਕਰਨ ਲਈ ਪੂਰੀ ਤਰ੍ਹਾਂ ਉਪਯੋਗੀ ਮੈਦਾਨ ਹੈ, ਜਿਥੇ ਦੋਵੇਂ ਹੀ ਟੀਮਾਂ ਪਹਿਲੀ ਵਾਰ ਇਸ ਸਵਰੂਪ ਵਿਚ ਖੇਡਣ ਉਤਰਨਗੀਆਂ। ਕੈਬ ਕਿਊਰੇਟਰ ਸੁਜਾਨ ਮੁਖਰਜੀ ਨੇ ਕਿਹਾ ਕਿ ਉਹ ਗੁਲਾਬੀ ਗੇਂਦ ਨਾਲ ਇਸ ਪਿੱਚ 'ਤੇ ਖੇਡਣ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ ਤੇ ਉਸ ਦਾ ਮੰਨਣਾ ਹੈ ਕਿ ਦੋਵਾਂ ਹੀ ਟੀਮਾਂ ਨੂੰ ਪਿੱਚ ਤੋਂ ਫਾਇਦਾ ਪਹੁੰਚੇਗਾ।
ਮੁਖਰਜੀ ਨੇ ਕਿਹਾ ਕਿ ਆਮ ਤੌਰ 'ਤੇ ਇਥੇ ਕ੍ਰਿਕਟ ਲਾਲ ਗੇਂਦ ਤੇ ਸੀਮਤ ਓਵਰਾਂ ਵਿਚ ਸਫੈਦ ਗੇਂਦ ਨਾਲ ਖੇਡੀ ਜਾਂਦੀ ਹੈ ਪਰ ਗੁਲਾਬੀ ਗੇਂਦ ਲਈ ਵੀ ਈਡਨ ਗਾਰਡਨ ਦੀ ਪਿੱਚ ਤਿਆਰ ਹੈ। ਬੀ. ਸੀ. ਸੀ. ਆਈ. ਦੇ ਮੁੱਖ ਕਿਊਰੇਟਰ ਆਸ਼ੀਸ਼ ਭੌਮਿਕ ਵੀ ਪਹਿਲੇ ਗੁਲਾਬੀ ਗੇਂਦ ਦੇ ਮੁਕਾਬਲੇ ਲਈ ਸ਼ਹਿਰ ਵਿਚ ਮੌਜੂਦ ਹੈ ਤੇ ਉਸ ਨੇ ਤਿਆਰੀਆਂ ਅਤੇ ਪਿੱਚ ਦਾ ਵੀ ਜਾਇਜ਼ਾ ਲਿਆ। ਗੁਲਾਬੀ ਗੇਂਦ 'ਤੇ ਜ਼ਿਆਦਾ ਰੋਗਨ ਹੋਣ ਕਾਰਣ ਇਸ ਦੇ ਸਵਿੰਗ ਜ਼ਿਆਦਾ ਕਰਨ ਦੀ ਉਮੀਦ ਹੈ, ਅਜਿਹੀ ਹਾਲਤ 'ਚ ਤੇਜ਼ ਗੇਂਦਬਾਜ਼ਾਂ ਨੂੰ ਇਸ ਤੋਂ ਫਾਇਦਾ ਮਿਲ ਸਕਦਾ ਹੈ। ਦੋਵਾਂ ਟੀਮਾਂ ਵਿਚਾਲੇ ਪਹਿਲੇ ਮੈਚ 'ਚ ਮੁਹੰਮਦ ਸ਼ੰਮੀ, ਉਮੇਸ਼ ਯਾਦਵ ਤੇ ਇਸ਼ਾਂਤ ਸ਼ਰਮਾ ਕਾਫੀ ਸਫਲ ਰਿਹਾ ਸੀ, ਅਜਿਹੀ ਹਾਲਤ ਵਿਚ ਦੂਜੇ ਮੈਚ ਵਿਚ ਵੀ ਇਸ ਦੇ ਪ੍ਰਦਰਸ਼ਨ 'ਤੇ ਨਜ਼ਰਾਂ ਰਹਿਣਗੀਆਂ। ਭਾਰਤ ਨੇ ਹੋਲਕਰ ਸਟੇਡੀਅਮ ਵਿਚ ਹੋਏ ਪਹਿਲੇ ਮੈਚ ਵਿਚ ਬੰਗਲਾਦੇਸ਼ ਨੂੰ 3 ਦਿਨਾਂ ਦੇ ਅੰਦਰ ਪਾਰੀ ਤੇ 130 ਦੌੜਾਂ ਨਾਲ ਹਰਾ ਕੇ ਦਿੱਤਾ ਸੀ। ਵਿਰਾਟ ਦੀ ਅਗਵਾਈ 'ਚ ਮੇਜ਼ਬਾਨ  ਟੀਮ 1-0 ਦੀ ਬੜ੍ਹਤ ਨਾਲ ਉਤਰੇਗੀ ਤੇ ਕਲੀਨ ਸਵੀਪ ਕਰਨਾ ਚਾਹੇਗੀ।
ਭਾਰਤ ਤੇ ਬੰਗਲਾਦੇਸ਼ ਵਿਚਾਲੇ ਦੋ ਟੈਸਟਾਂ ਦੀ ਸੀਰੀਜ਼ ਦੇ ਦੂਜੇ ਮੈਚ ਨੂੰ ਡੇਅ-ਨਾਈਟ ਸਵਰੂਪ ਵਿਚ ਕਰਾਉਣ ਲਈ ਬੰਗਲਾਦੇਸ਼ ਕ੍ਰਿਕਟ ਬੋਰਡ (ਬੀ. ਸੀ. ਬੀ.) ਦੀ ਮਨਜ਼ੂਰੀ ਤੋਂ ਬਾਅਦ ਪਹਿਲੀ ਵਾਰ ਖੇਡਿਆ ਜਾਵੇਗਾ। ਆਯੋਜਕਾਂ ਨੂੰ ਭਰੋਸਾ ਹੈ ਕਿ ਮੈਚ ਦੇ ਪਹਿਲੇ ਦਿਨ ਸਟੇਡੀਅਮ ਪੂਰੀ ਤਰ੍ਹਾਂ ਦਰਸ਼ਕਾਂ ਨਾਲ ਭਰਿਆ ਰਹੇਗਾ, ਜਿਥੇ ਤਕਰੀਬਨ 68 ਹਜ਼ਾਰ ਦਰਸ਼ਕਾਂ ਦੇ ਮੌਜੂਦ ਰਹਿਣ ਦੀ ਉਮੀਦ ਹੈ।
2016 'ਚ ਖੇਡਿਆ ਗਿਆ ਸੀ ਪਹਿਲੀ ਵਾਰ ਗੁਲਾਬੀ ਗੇਂਦ ਨਾਲ ਮੈਚ
ਸਾਲ 2016 'ਚ ਈਡਨ ਗਾਰਡਨ ਮੈਦਾਨ 'ਤੇ ਮੋਹਨ ਬਾਗਾਨ ਤੇ ਭਵਾਨੀਪੁਰ ਵਿਚਾਲੇ 4 ਦਿਨਾ ਘਰੇਲੂ ਮੈਚ ਦਾ ਆਯੋਜਨ ਕੀਤਾ ਗਿਆ ਸੀ, ਜਿਹੜਾ ਇਸ ਮੈਦਾਨ 'ਤੇ ਗੁਲਾਬੀ ਗੇਂਦ ਨਾਲ ਖੇਡਿਆ ਗਿਆ ਪਹਿਲਾ ਮੈਚ ਸੀ। ਬੰਗਾਲ ਕ੍ਰਿਕਟ ਸੰਘ (ਕੈਬ) ਵਲੋਂ ਆਯੋਜਿਤ ਇਸ ਮੈਚ ਵਿਚ ਮੁਹੰਮਦ ਸ਼ੰਮੀ ਨੇ ਬੰਗਾਲ ਲਈ ਖੇਡਦੇ ਹੋਏ 7 ਵਿਕਟਾਂ ਲਈਆਂ ਸਨ।

Gurdeep Singh

This news is Content Editor Gurdeep Singh