ਲਲਿਤ ਮੋਦੀ, ਪਤਨੀ ਦੇ ਸਵਿੱਸ ਬੈਂਕ ਖਾਤਿਆਂ ਦਾ ਭਾਰਤ ਨੇ ਮੰਗਿਆ ਬਿਓਰਾ

10/02/2019 5:16:27 PM

ਨਵੀਂ ਦਿੱਲੀ — ਕ੍ਰਿਕਟ ਟੂਰਨਾਮੈਂਟ IPL ਦੇ ਸਾਬਕਾ ਕਮਿਸ਼ਨਰ ਲਲਿਤ ਮੋਦੀ ਅਤੇ ਉਸ ਦੀ ਪਤਨੀ ਦੇ ਸਵਿਸ ਬੈਂਕ ਖਾਤਿਆਂ ਦੀ ਜਾਣਕਾਰੀ ਦੇਣ ਬਾਰੇ ਸਵਿਟਜ਼ਰਲੈਂਡ ਨੇ ਦੋਵਾਂ ਦੇ ਨਾਮ ਜਨਤਕ ਸੂਚਨਾ ਜਾਰੀ ਕੀਤੀ ਹੈ। ਜ਼ਿਕਰਯੋਗ ਹੈ ਕਿ ਭਾਰਤ ਨੇ ਵਿਦੇਸ਼ਾਂ 'ਚ ਜਮ੍ਹਾ ਕਾਲੇ ਧਨ ਵਿਰੁੱਧ ਕਾਰਵਾਈ ਤੇਜ਼ ਕਰ ਦਿੱਤੀ ਹੈ। ਭਾਰਤ ਨੇ ਟੈਕਸ ਨਾਲ ਜੁੜੇ ਮਾਮਲਿਆਂ 'ਚ ਦੁਵੱਲੀ ਸੰਧੀ ਤਹਿਤ ਅਜਿਹੇ ਮਾਮਲਿਆਂ 'ਚ ਸਵਿਟਜ਼ਰਲੈਂਡ ਨੂੰ ਸਹਿਯੋਗ ਦੀ ਬੇਨਤੀ ਕੀਤੀ ਹੈ। ਸਵਿਟਜ਼ਰਲੈਂਡ ਦੇ ਸੰਘੀ ਟੈਕਸ ਵਿਭਾਗ ਨੇ  ਲਲਿਤ ਮੋਦੀ ਅਤੇ ਉਸਦੀ ਪਤਨੀ ਮਿਨਾਲ ਮੋਦੀ ਤੋਂ ਇਲਾਵਾ ਕੁਝ ਹੋਰ ਸੰਸਥਾਵਾਂ ਦੇ ਬਾਰੇ ਭਾਰਤ ਵਲੋਂ ਮੰਗੀ ਗਈ ਜਾਣਕਾਰੀ ਦੇਣ ਤੋਂ ਪਹਿਲਾਂ ਆਪਣੇ ਦੇਸ਼ ਦੇ ਨਿਯਮਾਂ ਦੇ ਤਹਿਤ ਸੰਘੀ ਗਜ਼ਟ 'ਚ ਉਨ੍ਹਾਂ ਦੇ ਨਾਮ ਦੇ ਨੋਟਿਸ ਜਾਰੀ ਕੀਤੇ ਹਨ। 

ਸੂਚਨਾ ਸਾਂਝੀ ਕਰਨ ਤੋਂ ਪਹਿਲਾਂ ਇਨ੍ਹਾਂ ਇਕਾਈਆਂ ਨੂੰ ਨੋਟਿਸ ਜਾਰੀ ਕਰਕੇ ਆਪਣਾ ਇਤਰਾਜ਼ ਰੱਖਣ ਦਾ ਮੌਕਾ ਦਿੱਤਾ ਜਾਂਦਾ ਹੈ। ਮੋਦੀ ਬਾਰੇ ਕਿਹਾ ਜਾਂਦਾ ਹੈ ਕਿ ਉਹ 2010 'ਚ ਭਾਰਤ ਤੋਂ ਲੰਦਨ ਚਲੇ ਗਏ ਸਨ। ਉਨ੍ਹਾਂ 'ਤੇ ਮਨੀ ਲਾਂਡਰਿੰਗ ਦਾ ਕੇਸ ਚਲ ਰਿਹਾ ਹੈ ਪਰ ਉਸ ਦਾ ਕਹਿਣਾ ਹੈ ਕਿ ਉਸਨੇ ਕੋਈ ਗਲਤ ਕੰਮ ਨਹੀਂ ਕੀਤਾ ਹੈ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਸਾਲ 2016 ਵਿਚ ਵੀ ਮੋਦੀ ਜੋੜੇ ਖਿਲਾਫ ਇਸੇ ਤਰ੍ਹਾਂ ਦੇ ਨੋਟਿਸ ਜਾਰੀ ਕੀਤੇ ਗਏ ਸਨ। ਹਾਲਾਂਕਿ ਇਹ ਪਤਾ ਨਹੀਂ ਲੱਗ ਸਕਿਆ ਕਿ ਉਸ ਤੋਂ ਬਾਅਦ ਇਨ੍ਹਾਂ ਦੋਵਾਂ ਦੇ ਖਾਤਿਆਂ ਬਾਰੇ 'ਚ ਭਾਰਤ ਨੂੰ ਜਾਣਕਾਰੀ ਉਪਲਬਧ ਕਰਵਾਈ ਗਈ ਸੀ ਜਾਂ ਨਹੀਂ। ਹਾਲ ਹੀ ਦੇ ਮਹੀਨਿਆਂ 'ਚ ਭਾਰਤ ਦੀ ਬੇਨਤੀ 'ਤੇ ਕਈ ਇਕਾਈਆਂ ਦੇ ਬਾਰੇ 'ਚ ਸਵਿਟਜ਼ਰਲੈਂਡ ਦੇ ਸਵਿਸ ਗਜ਼ਟ ਇਸ ਤਰ੍ਹਾਂ ਦੇ ਨੋਟਿਸ ਜਾਰੀ ਕੀਤੇ ਗਏ ਸਨ ਅਤੇ ਕਾਨੂੰਨ ਦੇ ਤਹਿਤ ਉਨ੍ਹਾਂ ਬਾਰੇ ਭਾਰਤ ਨੂੰ ਜਾਣਕਾਰੀ ਦਿੱਤੀ ਗਈ ਹੈ। ਭਾਰਤ ਦਾ ਆਮਦਨ ਟੈਕਸ ਵਿਭਾਗ ਅਤੇ ਇੰਫੋਰਸਮੈਂਟ ਡਾਇਰੈਕਟੋਰੇਟ ਆਫ ਇੰਡੀਆ ਸਮੇਤ ਕੇਂਦਰੀ ਆਮ ਏਜੰਸੀਆਂ ਇਨ੍ਹਾਂ ਮਾਮਲਿਆਂ ਦੇ ਮੁਕੱਦਮਿਆਂ ਦੀ ਪੈਰਵੀ ਕਰ ਰਹੀਆਂ ਹਨ।