ਖਰਾਬ ਰਿਸ਼ਤਿਆਂ ਵਿਚਾਲੇ ਭਾਰਤ-ਪਾਕਿਸਤਾਨ ਇਕ ਵਾਰ ਫਿਰ ਮੈਦਾਨ ''ਚ ਹੋਣਗੇ ਆਹਮੋ-ਸਾਹਮਣੇ

09/04/2019 4:29:36 PM

ਸਪੋਰਟਸ ਡੈਸਕ : ਭਾਰਤ ਅਤੇ ਪਾਕਿਸਤਾਨ ਵਿਚਾਲੇ ਰਿਸ਼ਤੇ ਚੰਗੇ ਨਹੀਂ ਹਨ। ਇਸ ਤਲਖੀ ਵਿਚਾਲੇ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਇਕ ਵਾਰ ਫਿਰ ਮੈਦਾਨ 'ਚ ਭਿੜਨ ਲਈ ਤਿਆਰ ਹਨ। ਵੀਰਵਾਰ ਤੋਂ ਸ਼੍ਰੀਲੰਕਾ ਵਿਚ ਅੰਡਰ-19 ਏਸ਼ੀਆ ਕੱਪ ਸ਼ੁਰੂ ਹੋ ਰਿਹਾ ਹੈ, ਜਿਸ ਵਿਚ ਸ਼ਨੀਵਾਰ ਨੂੰ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ।

ਅੰਡਰ-19 ਏਸ਼ੀਆ ਕੱਪ ਵਿਚ ਭਾਰਤੀ ਟੀਮ ਸ਼ਨੀਵਾਰ ਨੂੰ ਪਾਕਿਸਤਾਨ ਖਿਲਾਫ ਮੈਚ ਖੇਡੇਗੀ। ਇਸ ਮੈਚ ਵਿਚ ਭਾਰਤੀ ਟੀਮ ਦੀ ਅਗਵਾਈ ਧਰੁਵ ਜੁਰੇਲ ਕਰਨਗੇ। ਭਾਰਤ ਹੁਣ ਤੱਕ 6 ਵਾਰ ਟੂਰਨਾਮੈਂਟ ਜਿੱਤ ਚੁੱਕਾ ਹੈ। ਭਾਰਤ ਨੂੰ 7ਵੀਂ ਵਾਰ ਇਹ ਖਿਤਾਬ ਜਿਤਾਉਣ ਦਾ ਜ਼ਿੰਮਾ ਜੁਰੇਲ ਦੇ ਮੋਢਿਆਂ 'ਤੇ ਹੈ। ਭਾਰਤ ਇਸ ਮੁਹਿੰਮ ਦੀ ਸ਼ੁਰੂਆਤ 5 ਸਤੰਬਰ ਨੂੰ ਕੁਵੈਤ ਖਿਲਾਫ ਮੈਚ ਤੋਂ ਕਰੇਗਾ। ਜਦਕਿ ਭਾਰਤੀ ਟੀਮ ਦੂਜਾ ਮੁਕਾਬਲਾ 7 ਸਤੰਬਰ ਨੂੰ ਪਾਕਿਸਤਾਨ ਖਿਲਾਫ ਖੇਡੇਗਾ। ਇਹ ਮੈਚ ਸਵੇਰੇ 9.30 ਵਜੇ ਸ਼ੁਰੂ ਹੋਵੇਗਾ। ਉੱਥੇ ਹੀ ਤੀਜੇ ਮੈਚ ਵਿਚ ਭਾਰਤ ਦਾ ਮੁਕਾਬਲਾ ਅਫਗਾਨਿਸਤਾਨ ਖਿਲਾਫ 9 ਸਤੰਬਰ ਨੂੰ ਹੋਵੇਗਾ।

ਇਸ ਟੂਰਨਾਮੈਂਟ ਵਿਚ 8 ਟੀਮਾਂ ਸ਼ਾਮਲ ਹਨ ਜਿਨ੍ਹਾਂ ਨੂੰ 2 ਗਰੁਪਾਂ ਵਿਚ ਵੰਡਿਆ ਗਿਆ ਹੈ। ਭਾਰਤ ਅਤੇ ਪਾਕਿਸਤਾਨ ਦੀ ਟੀਮ ਗਰੁਪ ਏ ਵਿਚ ਹੈ। ਇਸ ਤੋਂ ਇਲਾਵਾ ਇਸ ਗਰੁਪ ਵਿਚ ਅਫਗਾਨਿਸਤਾਨ ਅਤੇ ਕੁਵੈਤ ਦੀ ਟੀਮ ਹੈ। ਜਦਕਿ ਗਰੁਪ ਬੀ ਵਿਚ ਸ਼੍ਰੀਲੰਕਾ, ਬੰਗਲਾਦੇਸ਼, ਨੇਪਾਲ ਅਤੇ ਯੂ. ਏ. ਈ. ਦੀ ਟੀਮ ਨੂੰ ਰੱਖਿਆ ਗਿਆ ਹੈ। ਅੰਡਰ-19 ਏਸ਼ੀਆ ਕੱਪ ਦਾ ਸੈਮੀਫਾਈਨਲ ਮੁਕਾਬਲਾ 12 ਸਤੰਬਰ ਨੂੰ ਹੋਵੇਗਾ, ਜਦਕਿ ਫਾਈਨਲ ਮੈਚ 14 ਸਤੰਬਰ ਨੂੰ ਖੇਡਿਆ ਜਾਵੇਗਾ।