ਭਾਰਤ-ਪਾਕਿ ਮੈਚ ''ਚ ਖਲਨਾਇਕ ਬਣੇਗਾ ਮੀਂਹ!

06/16/2019 1:51:34 AM

ਮਾਨਚੈਸਟਰ— ਕ੍ਰਿਕਟ ਇਤਿਹਾਸ ਦੇ ਦੋ ਸਭ ਤੋਂ ਵੱਡੇ ਪੁਰਾਣੇ ਵਿਰੋਧੀਆਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਸੁਪਰ ਸੰਡੇ ਨੂੰ ਹੋਣ ਵਾਲੇ ਆਈ. ਸੀ. ਸੀ. ਵਿਸ਼ਵ ਕੱਪ ਦੇ ਮਹਾਮੁਕਾਬਲੇ ਵਿਚ ਜ਼ਬਰਦਸਤ ਟੱਕਰ ਦੀ ਉਮੀਦ ਹੈ ਪਰ ਇਸ ਮਹਾਮੁਕਾਬਲੇ 'ਤੇ ਮੀਂਹ ਦਾ ਸਾਇਆ ਵੀ ਮੰਡਰਾਅ ਰਿਹਾ ਹੈ। ਭਾਰਤ ਅਤੇ ਪਾਕਿਸਤਾਨ ਵਿਚਾਲੇ ਓਲਡ ਟ੍ਰੈਫਰਡ ਵਿਚ ਹੋਣ ਵਾਲੇ ਇਸ ਮੁਕਾਬਲੇ ਦਾ ਕ੍ਰਿਕਟ ਪ੍ਰਸ਼ੰਸਕਾਂ ਦੇ ਨਾਲ ਆਈ. ਸੀ. ਸੀ.  ਨੂੰ ਵੀ ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ ਹੈ, ਜਿਸ ਦੀਆਂ ਟਿਕਟਾਂ ਮਹੀਨਾ ਪਹਿਲਾਂ ਹੀ ਵਿਕ ਗਈਆਂ ਸਨ ਅਤੇ ਇਸ ਮੈਚ ਨੂੰ  ਲੈ ਕੇ ਸਾਰਿਆਂ ਦੇ ਸਾਹ ਰੁੱਕੇ ਹੋਏ ਹਨ। ਐਤਵਾਰ ਨੂੰ ਇਹ ਮੁਕਾਬਲਾ ਸ਼ੁਰੂ ਹੁੰਦੇ ਹੀ ਸਟੇਡੀਅਮ ਹਾਊਸਫੁੱਲ ਹੋ ਚੁੱਕਾ ਹੋਵੇਗਾ, ਕਰੋੜਾਂ ਨਜ਼ਰਾਂ ਟੀ. ਵੀ. ਸ੍ਰਕ੍ਰੀਨ 'ਤੇ ਲੱਗੀਆਂ ਹੋਣਗੀਆਂ ਅਤੇ ਭਾਰਤ ਅਤੇ ਪਾਕਿਸਤਾਨ ਦੀਆਂ ਗਲੀਆਂ ਵਿਚ ਸੰਨਾਟਾ ਸ਼ਾਇਆ ਹੋਵੇਗਾ।
ਇਸ ਮੁਕਾਬਲੇ ਨੂੰ ਲੈ ਕੇ ਹਰ ਪਾਸੇ ਇਹ ਹੀ ਉਮੀਦ ਲਾਈ ਜਾ ਰਹੀ ਹੈ ਕਿ ਮੀਂਹ ਨਾ ਹੋਵੇ ਅਤੇ ਇਕ ਪੂਰਾ ਮੁਕਾਬਲਾ ਦੇਖਣਾ ਨੂੰ ਮਿਲੇ। ਇਸ ਵਿਸ਼ਵ ਕੱਪ ਵਿਚ ਹੁਣ ਤਕ ਚਾਰ ਮੈਚ ਮੀਂਹ ਕਾਰਨ ਰੱਦ ਹੋ ਚੁੱਕੇ ਹਨ ਅਤੇ ਭਾਰਤ ਅਤੇ ਪਾਕਿਸਤਾਨ ਵੀ ਮੀਂਹ ਦਾ ਸ਼ਿਕਾਰ ਹੋ ਚੁੱਕੇ ਹਨ। ਭਾਰਤ ਦਾ ਨਿਊਜ਼ੀਲੈਂਡ ਦੇ ਨਾਲ ਮੁਕਾਬਲਾ ਰੱਦ ਹੋ ਚੁੱਕਾ ਹੈ ਜਦਕਿ ਪਾਕਿਸਤਾਨ ਦਾ ਸ਼੍ਰੀਲੰਕਾ ਦੇ ਨਾਲ ਮੈਚ ਰੱਦ ਰਿਹਾ ਸੀ। 
ਭਾਰਤ ਦੇ ਖਾਤੇ ਵਿਚ ਤਿੰਨ ਮੈਚਾਂ ਵਿਚੋਂ ਪੰਜ ਅੰਕ ਹਨ ਅਤੇ ਪਾਕਿਸਤਾਨ ਦੇ ਚਾਰ ਮੈਚਾਂ ਵਿਚੋਂ ਤਿੰਨ ਅੰਕ ਹਨ। ਪਾਕਿਸਤਾਨ ਦਾ ਇਹ ਪੰਜਵਾਂ ਅਤੇ ਭਾਰਤ ਦਾ ਚੌਥਾ ਮੈਚ ਹੋਵੇਗਾ।  ਓਲਡ ਟ੍ਰੈਫਰਡ ਵਿਚ ਸ਼ੁੱਕਰਵਾਰ ਨੂੰ ਹਲਕਾ ਮੀਂਹ ਪਿਆ ਸੀ। ਪਿੱਚ ਅਤੇ ਮੈਦਾਨ ਨੂੰ ਪੂਰੀ ਤਰ੍ਹਾਂ ਕਵਰ ਕਰ ਕੇ ਰੱਖਿਆ ਗਿਆ ਹੈ। ਪਿੱਚ ਦੇ ਦੋਵੇਂ ਪਾਸੇ ਟੂਰਨਾਮੈਂਟ ਦੇ ਸਪਾਂਸਰਾਂ ਦੇ ਲੋਗੋ ਪੇਂਟ ਕੀਤੇ ਜਾਣੇ ਹਨ ਅਤੇ ਇਸਦੇ ਲਈ ਮੈਦਾਨ ਦਾ ਸੁੱਕਣਾ ਜ਼ਰੂਰੀ ਹੈ।
ਓਲਡ ਟ੍ਰੈਫਰਡ ਨੇ ਪਿਛਲੀ 22 ਮਈ ਤੋਂ ਬਾਅਦ ਤੋਂ ਕੋਈ ਮੈਚ ਆਯੋਜਿਤ ਨਹੀਂ ਕੀਤਾ ਹੈ। ਪਿਛਲੇ ਹਫਤੇ ਇੱਥੇ ਰੋਜ਼ਾਨਾ ਮੀਂਹ ਪਿਆ ਸੀ, ਜਿਸ ਕਾਰਣ ਜ਼ਿਆਦਾਤਰ ਸਮੇਂ ਤਕ ਪਿੱਚ 'ਤੇ ਕਵਰ ਪਏ ਰਹੇ ਹਨ। ਪਿੱਚ 'ਤੇ ਹਾਲਾਂਕਿ ਘਾਹ ਨਹੀਂ ਦਿਖਾਈ ਦੇ ਰਿਹਾ ਪਰ ਇੱਥੋਂ ਦੀ ਪਿੱਚ ਪ੍ਰੰਪਰਿਕ ਰੂਪ ਨਾਲ ਸਵਿੰਗ ਗੇਂਦਬਾਜ਼ਾਂ ਦੀ ਮਦਦ ਕਰਦੀ ਹੈ।
ਐਤਵਾਰ ਨੂੰ ਮੀਂਹ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ। ਇਸ ਸ਼ੱਕ ਵਿਚਾਲੇ ਦੋਵੇਂ ਟੀਮਾਂ ਦੇ ਨਾਲ-ਨਾਲ ਆਈ. ਸੀ.ਸੀ. ਅਤੇ ਉਸਦੇ ਮੌਜੂਦਾ ਮੁੱਖ ਕਾਰਜਕਾਰੀ ਡੇਵਿਡ ਰਿਚਰਡਸਨ ਨੇ ਉਮੀਦ ਲਾਈ ਹੈ ਕਿ ਕਿਸੇ ਤਰ੍ਹਾਂ ਨਾਲ ਇਹ ਮੈਚ ਸੁਰੱਖਿਅਤ ਨਿਕਲ ਜਾਵੇ। ਜੇਕਰ ਇਹ ਮੈਚ ਮੀਂਹ ਨਾਲ ਰੱਦ ਹੁੰਦਾ ਹੈ ਤਾਂ ਆਈ. ਸੀ. ਸੀ. ਦੀ ਵੱਡੀ ਕਿਰਕਰੀ ਹੋਵੇਗੀ ਕਿਉਂਕਿ ਇਹ ਟੂਰਨਾਮੈਂਟ ਦਾ ਸਭ ਤੋਂ ਵੱਡਾ ਮੁਕਾਬਲਾ ਮੰਨਿਆ ਜਾ ਰਿਹਾ ਹੈ।
ਕ੍ਰਿਕਟ ਦੇ ਇਨ੍ਹਾਂ ਦੋਵੇਂ ਪੁਰਾਣੇ ਵਿਰੋਧੀ ਦੇਸ਼ਾਂ ਵਿਚਾਲੇ ਦੋ-ਪੱਖੀ ਕ੍ਰਿਕਟ ਸੰਬੰਧ ਪਿਛਲੇ ਕਈ ਸਾਲਾਂ ਤੋਂ ਟੁੱਟੇ ਪਏ ਹਨ ਅਤੇ ਉਨ੍ਹਾਂ ਵਿਚਾਲੇ ਆਈ. ਸੀ.ਸੀ. ਟੂਰਨਾਮੈਂਟ ਵਿਚ ਹੀ ਮੁਕਾਬਲਾ ਹੁੰਦਾ ਹੈ। ਦੋਵਾਂ ਵਿਚਾਲੇ ਆਖਰੀ ਵਾਰ 2017 ਦੀ ਆਈ. ਸੀ. ਸੀ. ਚੈਂਪੀਅਨਜ਼ ਟਰਾਫੀ ਦੇ ਫਾਈਨਲ ਵਿਚ ਮੁਕਾਬਲਾ ਹੋਇਆ ਸੀ, ਜਿਸ ਵਿਚ ਪਾਕਿਸਤਾਨ ਨੇ ਭਾਰਤ ਨੂੰ ਹਰਾ ਕੇ ਖਿਤਾਬ ਆਪਣੇ ਨਾਂ ਕੀਤਾ ਸੀ। ਹਾਲਾਂਕਿ ਗਰੁੱਪ ਮੈਚ ਵਿਚ ਭਾਰਤ ਨੇ ਪਾਕਿਸਤਾਨ ਨੂੰ ਬੁਰੀ ਤਰ੍ਹਾਂ ਨਾਲ ਹਰਾਇਆ ਸੀ। 
ਭਾਰਤੀ ਟੀਮ ਇਸ ਤਰ੍ਹਾਂ -ਵਿਰਾਟ ਕੋਹਲੀ (ਕਪਤਾਨ), ਲੋਕੇਸ਼ ਰਾਹੁਲ, ਵਿਜੇ ਸ਼ੰਕਰ, ਮਹਿੰਦਰ ਸਿੰਘ ਧੋਨੀ (ਵਿਕਟਕੀਪਰ), ਹਾਰਦਿਕ ਪੰਡਯਾ, ਕੇਦਾਰ ਜਾਧਵ, ਕੁਲਦੀਪ ਯਾਦਵ, ਯੁਜਵੇਂਦਰ ਚਾਹਲ, ਭੁਵਨੇਸ਼ਵਰ ਕੁਮਾਰ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ੰਮੀ, ਦਿਨੇਸ਼ ਕਾਰਤਿਕ, ਰਵਿੰਦਰ ਜਡੇਜਾ, ਸ਼ਿਖਰ ਧਵਨ।
ਪਾਕਿਸਤਾਨੀ ਟੀਮ ਇਸ ਤਰ੍ਹਾਂ —ਸਰਫਰਾਜ਼ ਅਹਿਮਦ (ਕਪਤਾਨ), ਫਖਰ ਜ਼ਮਾਂ, ਇਮਾਮ ਉਲ ਹੱਕ, ਬਾਬਰ ਆਜ਼ਮ, ਹੈਰਿਸ ਸੋਹੇਲ, ਹਸਨ ਅਲੀ, ਸ਼ਾਹਦਾਬ ਖਾਨ, ਮੁਹੰਮਦ ਹਫੀਜ਼, ਮੁਹੰਮਦ ਹਸਨੈਨ, ਸ਼ਾਹਿਨ ਸ਼ਾਹ ਅਫਰੀਦੀ, ਵਹਾਬ ਰਿਆਜ਼, ਮੁਹੰਮਦ ਆਮਿਰ, ਸ਼ੋਏਬ ਮਲਿਕ, ਇਮਾਮ ਵਸੀਮ ਅਤੇ ਆਸਿਫ ਅਲੀ। 

satpal klair

This news is Content Editor satpal klair