ਭਾਰਤ-ਏ ਨੇ ਇੰਗਲੈਂਡ ਲਾਇਨਜ਼ ਨੂੰ 134 ਦੌੜਾਂ ਨਾਲ ਹਰਾਇਆ, ਲੜੀ 2-0 ਨਾਲ ਜਿੱਤੀ

02/04/2024 7:18:37 PM

ਅਹਿਮਦਾਬਾਦ, (ਭਾਸ਼ਾ)– ਭਾਰਤ-ਏ ਨੇ ਆਪਣੇ ਸਪਿਨਰਾਂ ਦੇ ਦਮਦਾਰ ਪ੍ਰਦਰਸ਼ਨ ਨਾਲ ਐਤਵਾਰ ਨੂੰ ਇੱਥੇ ਤੀਜੇ ਤੇ ਆਖਰੀ ਗੈਰ-ਅਧਿਕਾਰਤ ਟੈਸਟ ਦੇ ਚੌਥੇ ਦਿਨ ਇੰਗਲੈਂਡ ਲਾਇਨਜ਼ ’ਤੇ 134 ਦੌੜਾਂ ਦੀ ਸ਼ਾਨਦਾਰ ਜਿੱਤ ਦਰਜ ਕੀਤੀ। ਇੰਗਲੈਂਡ ਲਾਇਨਜ਼ ਦੀ ਟੀਮ 403 ਦੌੜਾਂ ਦੇ ਮੁਸ਼ਕਿਲ ਟੀਚੇ ਦਾ ਪਿੱਛਾ ਕਰਦੇ ਹੋਏ ਦੂਜੀ ਪਾਰੀ ਵਿਚ 268 ਦੌੜਾਂ ’ਤੇ ਸਿਮਟ ਗਈ, ਜਿਸ ਨਾਲ ਭਾਰਤ-ਏ ਨੇ 3 ਮੈਚਾਂ ਦੀ ਲੜੀ 2-0 ਨਾਲ ਆਪਣੇ ਨਾਂ ਕਰ ਲਈ।

ਮੁੰਬਈ ਦੇ ਖੱਬੇ ਹੱਥ ਦੇ ਸਪਿਨਰ ਸ਼ਮਸ ਮੁਲਾਨੀ (60 ਦੌੜਾਂ ’ਤੇ 5 ਵਿਕਟਾਂ) ਤੇ ਮੱਧ ਪ੍ਰਦੇਸ਼ ਦੇ ਆਫ ਸਪਿਨਰ ਸਾਰਾਂਸ਼ ਜੈਨ (50 ਦੌੜਾਂ ’ਤੇ 3 ਵਿਕਟਾਂ) ਨੇ ਮਿਲ ਕੇ 8 ਵਿਕਟਾਂ ਲਈਆਂ, ਜਿਸ ਨਾਲ ਸਵੇਰੇ 2 ਵਿਕਟਾਂ ’ਤੇ 83 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕਰਨ ਵਾਲੀ ਇੰਗਲੈਂਡ ਦੀ ਦੂਜੀ ਪਾਰੀ ਸਿਮਟ ਗਈ। ਇੰਗਲੈਂਡ ਲਾਇਨਸ ਦੇ ਸਲਾਮੀ ਬੱਲੇਬਾਜ਼ ਐਲਕਸ ਲੀਸ ਨੇ 41 ਦੌੜਾਂ ਨਾਲ ਸ਼ੁਰੂਆਤ ਕਰਦੇ ਹੋਏ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਤੇ ਉਹ ਚੰਗੀ ਲੈਅ ਵਿਚ ਦਿਸ ਰਹੇ ਸਨ ਪਰ ਮੁਲਾਨੀ ਦੀ ਗੇਂਦ ’ਤੇ ਉਹ ਐੱਲ. ਬੀ. ਡਬਲਯੂ. ਆਊਟ ਹੋ ਗਿਆ ਤੇ ਉਸਦੀ 55 ਦੌੜਾਂ ਦੀ ਪਾਰੀ ਖਤਮ ਹੋਈ। ਤਦ ਇੰਗਲੈਂਡ ਦਾ ਸਕੋਰ 4 ਵਿਕਟਾਂ ’ਤੇ 120 ਦੌੜਾਂ ਸੀ ਪਰ ਟੀਮ ਨੇ 20 ਦੌੜਾਂ ਦੇ ਅੰਦਰ 3 ਹੋਰ ਵਿਕਟਾਂ ਗੁਆ ਦਿੱਤੀਆਂ, ਜਿਸ ਨਾਲ ਉਸਦਾ ਸਕੋਰ 7 ਵਿਕਟਾਂ ’ਤੇ 140 ਦੌੜਾਂ ਹੋ ਗਿਆ। ਮੁਲਾਨੀ ਨੇ ਇੰਗਲੈਂਡ ਲਾਇਨਜ਼ ਦੇ ਕਪਤਾਨ ਜੋਸ਼ ਬੋਹਾਨਨ (18) ਤੇ ਡੈਨ ਮੂਸਲੇ (5) ਦੀ ਵਿਕਟ ਹਾਸਲ ਕੀਤੀ।

ਇੰਗਲੈਂਡ ਲਾਇਨਜ਼ ਦੀ ਟੀਮ ਚੁਣੌਤੀ ਦਿੱਤੇ ਬਿਨਾਂ ਆਊਟ ਹੋਣ ਵਾਲੀ ਨਹੀਂ ਸੀ। ਵਿਕਟਕੀਪਰ ਬੱਲੇਬਾਜ਼ ਓਲੀ ਰੌਬਿਨਸਨ (80) ਤੇ ਜੇਮਸ ਕੋਲਸ (31) ਨੇ 8ਵੀਂ ਵਿਕਟ ਲਈ 104 ਦੌੜਾਂ ਦੀ ਸਾਂਝੇਦਾਰੀ ਕਰ ਕੇ ਟੀਮ ਨੂੰ ਆਸਾਨੀ ਨਾਲ 200 ਦੌੜਾਂ ਦੇ ਪਾਰ ਪਹੁੰਚਾਇਆ। ਮੁਲਾਨੀ ਨੇ ਕੋਲਸ ਨੂੰ ਐੱਲ. ਬੀ. ਡਬਲਯੂ. ਦੀ ਅਪੀਲ ’ਤੇ ਆਊਟ ਕਰ ਕੇ ਇਸ ਸਾਂਝੇਦਾਰੀ ਦਾ ਅੰਤ ਕੀਤਾ। ਜੈਨ ਨੇ ਫਿਰ ਰੌਬਿਨਸਨ ਨੂੰ ਪੈਵੇਲੀਅਨ ਭੇਜਿਆ ਤੇ ਇੰਗਲੈਂਡ ਲਾਇਨਜ਼ ਦੀ ਪਾਰੀ ਖਤਮ ਹੁੰਦੇ ਹੀ ਮੈਚ ਜਲਦ ਖਤਮ ਹੋ ਗਿਆ।

Tarsem Singh

This news is Content Editor Tarsem Singh