ਇਨ੍ਹਾਂ 5 ਕਾਰਨਾਂ ਕਰਕੇ ਭਾਰਤ ਬਣ ਸਕਦਾ ਹੈ ਤੀਜੀ ਵਾਰ ਵਰਲਡ ਕੱਪ ਚੈਂਪੀਅਨ

05/21/2019 12:48:13 PM

ਸਪੋਰਟਸ ਡੈਸਕ— 30 ਮਈ ਤੋਂ ਇੰਗਲੈਂਡ 'ਚ ਵਨ ਡੇ ਵਿਸ਼ਵ ਕੱਪ 2019 ਦਾ ਆਗਾਜ਼ ਹੋਣ ਵਾਲਾ ਹੈ ਜਿਸ ਦਾ ਕ੍ਰਿਕਟ ਪ੍ਰਸ਼ੰਸਕ ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਜਦਕਿ ਵਿਸ਼ਵ ਦੀਆਂ ਚੋਟੀ ਦੀਆਂ 10 ਟੀਮਾਂ ਆਪਣੀਆਂ ਤਿਆਰੀਆਂ 'ਚ ਲਗ ਗਈਆਂ ਹਨ ਪਰ ਟੀਮ ਇੰਡੀਆ ਵਿਸ਼ਵ ਕੱਪ ਟਰਾਫੀ ਦੀ ਸਭ ਤੋਂ ਮਜ਼ਬੂਤ ਦਾਅਵੇਦਾਰ ਮੰਨੀ ਜਾ ਰਹੀ ਹੈ। ਆਓ ਜਾਣਦੇ ਹਾਂ ਅਜਿਹੇ ਪੰਜ ਕਾਰਨ ਜਿਨ੍ਹਾਂ ਕਰਕੇ ਭਾਰਤ ਬਣ ਸਕਦਾ ਹੈ ਤੀਜੀ ਵਾਰ ਵਰਲਡ ਚੈਂਪੀਅਨ।

1. ਸਵਿੰਗ ਦੇ ਹੁਨਰਬਾਜ਼ ਭੁਵੀ ਅਤੇ ਸ਼ਮੀ

ਜਸਪ੍ਰੀਤ ਬੁਮਰਾਹ ਤੋਂ ਇਲਾਵਾ ਭਾਰਤ ਦੇ ਕੋਲ ਸਵਿੰਗ ਦੇ ਦੋ ਹੁਨਰਬਾਜ਼ ਭੁਵਨੇਸ਼ਵਰ ਕੁਮਾਰ ਅਤੇ ਮੁਹੰਮਦ ਸ਼ਮੀ ਹਨ। ਇੰਗਲੈਂਡ ਦੇ ਹਾਲਾਤਾਂ 'ਚ ਇਹ ਦੋਵੇਂ ਭਾਰਤ ਲਈ ਕਾਫੀ ਮਦਦਗਾਰ ਸਾਬਤ ਹੋ ਸਕਦੇ ਹਨ। ਇਨ੍ਹਾਂ ਦੋਹਾਂ ਦੀ ਤਾਕਤ ਸਿਰਫ ਸਵਿੰਗ ਹੀ ਨਹੀਂ ਸਗੋਂ ਇਸ ਦੀ ਤੇਜ਼ੀ ਵੀ ਹੈ। ਸਵਿੰਗ ਅਤੇ ਤੇਜ਼ੀ ਦਾ ਸੁਮੇਲ ਇਨ੍ਹਾਂ ਨੂੰ ਖਤਰਨਾਕ ਬਣਾਉਂਦਾ ਹੈ। ਇਨ੍ਹਾਂ ਤਿੰਨਾਂ ਤੋਂ ਇਲਾਵਾ ਭਾਰਤ ਕੋਲ ਹਾਰਦਿਕ ਪੰਡਯਾ ਅਤੇ ਵਿਜੇ ਸ਼ੰਕਰ ਵੀ ਹਨ।  

2. ਸਪਿਨਰਾਂ ਦੀ ਫਿਰਕੀ ਦਾ ਕਮਾਲ

ਸਿਰਫ ਤੇਜ਼ ਗੇਂਦਬਾਜ਼ ਹੀ ਨਹੀਂ ਭਾਰਤ ਕੋਲ ਸਪਿਨਰ ਵੀ ਹਨ ਜੋ ਮੱਧ ਦੇ ਓਵਰਾਂ 'ਚ ਮੈਚ ਦਾ ਪਾਸਾ ਪਲਟ ਸਕਦੇ ਹਨ ਅਤੇ ਵੱਡੇ ਸਕੋਰ ਵੱਲ ਜਾਂਦੀ ਦਿਸ ਰਹੀ ਟੀਮ ਨੂੰ ਘੱਟ ਸਕੋਰ 'ਤੇ ਰੋਕ ਸਕਦੇ ਹਨ। ਚਾਈਨਾਮੈਨ ਕੁਲਦੀਪ ਯਾਦਵ ਅਤੇ ਲੈੱਗ ਸਪਿਨਰ ਯੁਜਵੇਂਦਰ ਚਾਹਲ ਨੇ ਅਜਿਹਾ ਕਈ ਵਾਰ ਕੀਤਾ ਵੀ ਹੈ। ਭਾਰਤ ਨੂੰ ਦੱਖਣੀ ਅਫਰੀਕਾ, ਇੰਗਲੈਂਡ ਅਤੇ ਆਸਟਰੇਲੀਆ 'ਚ ਵਨ ਡੇ ਸੀਰੀਜ਼ 'ਚ ਜੋ ਜਿੱਤ ਮਿਲੀ ਉਸ 'ਚ ਇਨ੍ਹਾਂ ਦੋਹਾਂ ਦਾ ਵੱਡਾ ਰੋਲ ਰਿਹਾ ਹੈ। ਇਨ੍ਹਾਂ ਦੋਹਾਂ ਦੇ ਇਲਾਵਾ ਭਾਰਤ ਦੇ ਰਵਿੰਦਰ ਜਡੇਜਾ ਜਿਹੇ ਤਜਰਬੇਕਾਰ ਖੱਬੇ ਹੱਥ ਦੇ ਸਪਿਨਰ ਵੀ ਹਨ ਜੋ ਟੀਮ ਦੀ ਜਿੱਤ 'ਚ ਅਹਿਮ ਭੂਮਿਕਾ ਨਿਭਾ ਸਕਦੇ ਹਨ।

3. ਡੈੱਥ ਓਵਰ ਦੇ ਮਾਹਰ ਜਸਪ੍ਰੀਤ ਬੁਮਰਾਹ

ਮਜ਼ਬੂਤ ਤੇਜ਼ ਗੇਂਦਬਾਜ਼ੀ ਹਮਲੇ ਦੇ ਦਮ 'ਤੇ ਹੀ ਕੋਚ ਰਵੀ ਸ਼ਾਸਤਰੀ ਦੀ ਟੀਮ ਖਿਤਾਬ ਜਿੱਤਣ ਦੀ ਦਾਅਵੇਦਾਰ ਮੰਨੀ ਜਾ ਰਹੀ ਹੈ। 2015 'ਚ ਭਾਰਤ ਨੇ ਸੈਮੀਫਾਈਨਲ ਤਕ ਦਾ ਸਫਰ ਤੈਅ ਕੀਤਾ ਸੀ ਪਰ ਉਸ ਤੋਂ ਬਾਅਦ ਬਦਲਾਅ ਦੀ ਹਵਾ 'ਚ ਭਾਰਤ ਨੇ ਆਪਣੇ ਗੇਂਦਬਾਜ਼ੀ ਹਮਲੇ ਨੂੰ ਮਜ਼ਬੂਤ ਕੀਤਾ ਹੈ। ਵਿਸ਼ਵ ਕੱਪ 'ਚ ਭਾਰਤ ਦੇ ਕੋਲ ਜਸਪ੍ਰੀਤ ਬੁਮਰਾਹ ਵਰਗਾ ਡੈਥ ਓਵਰਾਂ ਦਾ ਮਾਹਰ ਹੈ। ਬੁਮਰਾਹ ਦੀ ਖਾਸੀਅਤ ਹੈ ਕਿ ਉਹ ਦੌੜਾਂ ਰੋਕਣ ਦੇ ਇਲਾਵਾ ਵਿਕਟਾਂ ਲੈਣ 'ਚ ਵੀ ਸਫਲ ਰਹਿੰਦੇ ਹਨ।

4. ਭਾਰਤ ਦੀ ਬੱਲੇਬਾਜ਼ੀ 'ਚ ਵੀ ਹੈ ਜ਼ਬਰਦਸਤ ਸੰਤੁਲਨ

ਅਜਿਹਾ ਨਹੀਂ ਹੈ ਕਿ ਭਾਰਤ ਦੀ ਬੱਲੇਬਾਜ਼ੀ ਕਮਜ਼ੋਰ ਹੈ। ਟੀਮ ਦੇ ਕੋਲ ਕੋਹਲੀ, ਰੋਹਿਤ ਸ਼ਰਮਾ, ਸ਼ਿਖਰ ਧਵਨ, ਮਹਿੰਦਰ ਸਿੰਘ ਧੋਨੀ ਜਿਹੇ ਦਿੱਗਜ ਹਨ। ਇਨ੍ਹਾਂ ਧਾਕੜ ਬੱਲੇਬਾਜ਼ਾਂ ਦੇ ਕਾਰਨ ਭਾਰਤ ਦੀ ਬੱਲੇਬਾਜ਼ੀ 'ਚ ਜ਼ਬਰਦਸਤ ਸੰਤੁਲਨ ਹੈ।

5. ਧੋਨੀ ਅਤੇ ਕੋਹਲੀ ਦੀ ਜੁਗਲਬੰਦੀ

ਕੋਹਲੀ ਪਹਿਲੀ ਵਾਰ ਵਿਸਵ ਕੱਪ ਦੀ ਕਪਤਾਨੀ ਕਰ ਰਹੇ ਹਨ। ਜਦਕਿ ਇੰਗਲੈਂਡ 'ਚ ਇਹ ਤੀਜਾ ਮੌਕਾ ਹੋਵੇਗਾ ਜਦੋਂ ਉਹ ਟੀਮ ਦੀ ਕਮਾਨ ਸੰਭਾਲਣਗੇ। ਪਹਿਲਾਂ 2017 'ਚ ਚੈਂਪੀਅਨ ਟਰਾਫੀ 'ਚ ਅਤੇ ਇਸ ਤੋਂ ਬਾਅਦ ਬੀਤੇ ਸਾਲ ਇੰਗਲੈਂਡ ਦੇ ਦੌਰੇ 'ਤੇ ਉਹ ਕਪਤਾਨੀ ਕਰ ਚੁੱਕੇ ਹਨ। ਇਨ੍ਹਾਂ ਦੋਹਾਂ ਮੌਕਿਆਂ ਤੋਂ ਉਨ੍ਹਾਂ ਨੇ ਕਾਫੀ ਕੁਝ ਸਿੱਖਿਆ ਹੈ ਜਿਸ ਦਾ ਲਾਹਾ ਉਹ ਵਿਸ਼ਵ ਕੱਪ 'ਚ ਲੈਣਾ ਚਾਹੁਣਗੇ। ਅਗਵਾਈ 'ਚ ਕੋਹਲੀ ਦੀ ਸਭ ਤੋਂ ਵੱਡੀ ਤਾਕਤ ਧੋਨੀ ਦਾ ਹੋਣਾ ਹੈ। ਧੋਨੀ ਦੇ ਕੋਲ ਦੋ ਵਨ ਡੇ ਵਿਸ਼ਵ ਕੱਪ ਅਤੇ 6 ਟੀ-20 ਵਿਸ਼ਵ ਕੱਪ 'ਚ ਕਪਤਾਨੀ ਦਾ ਵੱਡਾ ਤਜਰਬਾ ਹੈ।

ਟੀਮ : ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ (ਉਪ ਕਪਤਾਨ), ਸ਼ਿਖਰ ਧਵਨ, ਲੋਕੇਸ਼ ਰਾਹੁਲ, ਕੇਦਾਰ ਜਾਧਵ, ਮਹਿੰਦਰ ਸਿੰਘ ਧੋਨੀ (ਵਿਕਟਕੀਪਰ), ਹਾਰਦਿਕ ਪੰਡਯਾ, ਭੁਵਨੇਸ਼ਵਰ ਕੁਮਾਰ, ਮੁਹੰਮਦ ਸ਼ਮੀ, ਜਸਪ੍ਰੀਤ ਬੁਮਰਾਹ, ਕੁਲਦੀਪ ਯਾਦਵ, ਯੁਜਵੇਂਦਰ ਚਾਹਲ, ਦਿਨੇਸ਼ ਕਾਰਤਿਕ (ਵਿਕਟਕੀਪਰ), ਵਿਜੇ ਸ਼ੰਕਰ, ਰਵਿੰਦਰ ਜਡੇਜਾ।

Tarsem Singh

This news is Content Editor Tarsem Singh