ਭਾਰਤ ਨੇ ਵਿਸ਼ਵ ਸ਼ਤਰੰਜ ''ਚ ਅਮਰੀਕਾ ਨੂੰ ਦਿੱਤੀ ਕਰਾਰੀ ਹਾਰ

06/21/2017 8:26:48 PM

ਰੂਸ— ਭਾਰਤੀ ਪੁਰਸ਼ ਟੀਮ ਨੇ ਪਹਿਲੇ 2 ਮੁਕਾਬਲੇ ਗੁਆਉਣ ਤੋਂ ਬਾਅਦ ਆਪਣੀ ਸ਼ਾਨਦਾਰ ਵਾਪਸੀ ਜਾਰੀ ਰੱਖਦੇ ਹੋਏ ਇੱਥੇ ਵਿਸ਼ਵ ਟੀਮ ਸ਼ਤਰੰਜ ਚੈਂਪੀਅਨਸ਼ਿਪ ਦੇ ਚੌਥੇ ਦੌਰ 'ਚ ਓਲੰਪਿਆਡ ਚੈਂਪੀਅਨ ਅਮਰੀਕਾ ਨੂੰ ਕਰਾਰੀ ਹਾਰ ਦਿੱਤੀ। ਗ੍ਰੈਂਡਮਾਸਟਰ ਬੀ ਅਧਿਬਾਨ ਨੇ ਕਾਲੀਆਂ ਮੋਹਰਾਂ ਨਾਲ ਖੇਡਣ ਦੇ ਬਾਵਜੂਦ ਬਾਰੂਜਾਨ ਅਕੋਬਿਆਨ ਨੂੰ ਹਰਾਇਆ ਜਦਕਿ ਕ੍ਰਿਸ਼ਣਨ ਸ਼ਸ਼ੀਕਿਰਨ ਨੇ ਸ਼ੁਰੂ ਤੋਂ ਹੀ ਸ਼ਾਨਦਾਰ ਖੇਡ ਦਿਖਾਇਆ ਅਤੇ ਰੇ ਰਾਬਿਨਸਨ ਨੂੰ ਹਰਾ ਦਿੱਤਾ। ਪਰਿਮਾਰਜਨ ਨੇਗੀ ਥੋੜਾ ਖੇਡ ਤੋਂ ਬਾਹਰ ਦਿਸੇ ਪਰ ਉਨ੍ਹਾਂ ਨੇ ਜਜ਼ਬਾ ਬਣਾਈ ਰੱਖਿਆ ਅਤੇ ਆਖਰ 'ਚ ਜੇਫ੍ਰੀ ਝਿਓਂਗ ਨੂੰ ਹਰਾਉਣ 'ਚ ਸਫਲ ਰਹੇ। ਚੋਟੀ ਟੇਬਲ 'ਤੇ ਵਿਦਿਤ ਗੁਜਰਾਤੀ ਨੇ ਅਲੇਕਸਾਂਦਰ ਨਾਲ ਡਰਾਅ ਖੇਡਿਆ, ਜਿਸ 'ਚ ਭਾਰਤੀ ਟੀਮ ਅਮਰੀਕਾ ਦਾ ਪੂਰਾ ਸਫਾਇਆ ਕਰਨ ਤੋਂ ਖੁੰਝ ਗਈ।

ਪਿਛਲੇ ਦੌਰ 'ਚ ਬੇਲਾਰੂਸ ਨੂੰ ਹਰਾਉਣ ਵਾਲੀ ਭਾਰਤੀ ਪੁਰਸ਼ ਟੀਮ ਨੇ ਅੱਗੇ ਵੱਧਣਾ ਜਾਰੀ ਰੱਖਿਆ ਅਤੇ ਹੁਣ ਉਹ 4 ਅੰਕ ਲੈ ਕੇ ਸੰਯੁਕਤ 5ਵੇਂ ਸਥਾਨ 'ਤੇ ਪਹੁੰਚ ਗਈ ਹੈ। ਰੂਸੀ ਪੁਰਸ਼ ਟੀਮ ਨੇ ਬੇਲਾਰੂਸ ਨੂੰ ਹਰਾਇਆ ਅਤੇ ਉਹ ਚੀਨ ਦੇ ਨਾਲ ਸੰਯੁਕਤ ਬੜ੍ਹਤ 'ਤੇ ਪਹੁੰਚ ਗਈ ਹੈ। ਚੀਨ ਨੇ ਮਿਸਰ ਨੂੰ ਹਰਾਇਆ। ਤੁਰਕੀ ਦੀ ਟੀਮ ਨੇ ਆਪਣਾ ਚੰਗਾ ਪ੍ਰਦਰਸ਼ਨ ਜਾਰੀ ਰੱਖਿਆ ਅਤੇ ਉਸ ਨੇ ਕੱਲ੍ਹ ਤੱਕ ਚੋਟੀ 'ਤੇ ਚੱਲ ਰਹੇ ਪੋਲੈਂਡ ਨੂੰ 2-5,1-5 ਨਾਲ ਹਰਾ ਦਿੱਤਾ। ਇਹ ਦੋਵੇਂ ਹੀ ਟੀਮਾਂ ਹੁਣ ਸਾਂਝੇ ਤੌਰ 'ਤੇ ਤੀਜੇ ਸਥਾਨ 'ਤੇ ਹਨ। ਭਾਰਤ ਅਤੇ ਉਕਰੇਨ ਚਾਰ-ਚਾਰ ਅੰਕ ਲੈ ਕੇ ਸੰਯੁਕਤ 5ਵੇਂ ਸਥਾਨ 'ਤੇ ਹੈ। ਉਨ੍ਹਾ ਤੋਂ ਬਾਅਦ ਅਮਰੀਕਾ, ਨਾਰਵੇ, ਬੇਲਾਰੂਸ ਅਤੇ ਮਿਸ਼ਰ ਦਾ ਨੰਬਰ ਆਉਂਦਾ ਹੈ। ਮਹਿਲਾ ਵਰਗ 'ਚ ਭਾਰਤੀ ਮਹਿਲਾਵਾਂ ਨੇ ਵੀ ਚੰਗਾ ਪ੍ਰਦਰਸ਼ਨ ਕੀਤਾ ਅਤੇ ਪੋਲੈਂਡ ਨੂੰ 2-5, 1-5 ਦੇ ਅੰਤਰ ਨਾਲ ਹਰਾਇਆ। ਪਦਮਿਨੀ ਰਾਓਤ ਇਸ ਮੁਕਾਬਲੇ ਦੀ ਸਟਾਰ ਰਹੀ। ਉਸ ਨੇ ਕੈਰਿਨਾ ਸਜੇਪਕੋਵਸਕਾ ਨੂੰ ਹਰਾਇਆ ਜਦਕਿ ਬਾਕੀ 3 ਬਾਜ਼ੀਆਂ ਡਰਾਅ ਹੋਈਆਂ। ਭਾਰਤੀ ਮਹਿਲਾ ਟੀਮ ਇਸ ਜਿੱਤ ਨਾਲ ਤੀਜੇ ਸਥਾਨ 'ਤੇ ਪਹੁੰਚ ਗਈ ਹੈ। ਰੂਸ ਅਤੇ ਉਕਰੇਨ 7-7 ਅੰਕ ਲੈ ਕੇ ਚੋਟੀ 'ਤੇ ਹੈ। ਭਾਰਤੀ ਟੀਮ ਦੇ 5 ਅੰਕ ਹਨ।