ਭਾਰਤ ਦੀ ਵੇਟਲਿਫਟਿੰਗ ਦੀ ਸੁਨਹਿਰੀ ਮੁਹਿੰਮ ਜਾਰੀ, ਪੂਨਮ ਨੇ ਦਿਵਾਇਆ ਪੰਜਵਾਂ ਸੋਨ ਤਮਗਾ

04/08/2018 10:10:23 AM

ਗੋਲਡ ਕੋਸਟ (ਬਿਊਰੋ)— ਭਾਰਤੀ ਵੇਟਲਿਫਟਰਾਂ ਵੱਲੋਂ ਰਾਸ਼ਟਰਮੰਡਲ ਖੇਡਾਂ 2018 'ਚ ਸੁਨਹਿਰੀ ਮੁਹਿੰਮ ਜਾਰੀ ਰਖਦੇ ਹੋਏ ਪੂਨਮ ਯਾਦਵ ਨੇ 69 ਕਿਲੋ ਵਰਗ 'ਚ ਪੀਲਾ ਤਮਗਾ ਜਿੱਤ ਕੇ ਭਾਰਤ ਦੀ ਝੋਲੀ 'ਚ ਪੰਜਵਾਂ ਸੋਨ ਤਮਗਾ ਪਾਇਆ। ਗਲਾਸਗੋ 'ਚ 2014 ਰਾਸ਼ਟਰਮੰਡਲ ਖੇਡਾਂ 'ਚ 63 ਕਿਲੋ ਵਰਗ 'ਚ ਯਾਦਵ ਨੇ ਕਾਂਸੀ ਤਮਗਾ ਜਿੱਤਿਆ। ਉਸ ਨੇ ਆਪਣਾ ਸਰਵਸ਼੍ਰੇਸ਼ਠ ਪ੍ਰਦਰਸ਼ਨ ਕਰਦੇ ਹੋਏ 222 ਕਿਲੋ (110 ਅਤੇ 122 ਕਿਲੋ) ਭਾਰ ਉਠਾਇਆ। ਇੰਗਲੈਂਡ ਦੀ ਸਾਰਾ ਡੇਵਿਸ 217 ਕਿਲੋ ਭਾਰ ਚੁੱਕੇ ਕੇ ਦੂਜੇ ਸਥਾਨ 'ਤੇ ਰਹੀ। ਕਾਂਸੀ ਦਾ ਤਮਗਾ ਫਿਜ਼ੀ ਦੀ ਅਪੋਲੋਨੀਆ ਵੇਈਵੇਈ ਨੂੰ ਮਿਲਿਆ ਜਿਸ ਨੇ 216 ਕਿਲੋ ਭਾਰ ਚੁੱਕਿਆ।

ਯਾਦਵ ਨੇ ਕਿਹਾ, ''ਮੈਨੂੰ ਫੀਫੀ ਤੋਂ ਚੁਣੌਤੀ ਮਿਲਣ ਦੀ ਉਮੀਦ ਸੀ, ਇੰਗਲੈਂਡ ਤੋਂ ਨਹੀਂ। ਸਾਰਾ ਨੇ ਆਖਰੀ ਲਿਫਟ 'ਚ 128 ਕਿਲੋ ਭਾਰ ਉਠਾਉਣ ਦਾ ਫੈਸਲਾ ਕੀਤਾ ਤਾਂ ਮੈਂ ਨਰਵਸ ਸੀ ਕਿਉਂਕਿ ਉਹ ਚੁੱਕ ਸਕਦੀ ਸੀ।'' ਉਸ ਨੇ ਕਿਹਾ, ''ਪਰ ਇਹ ਕਿਸਮਤ ਦੀ ਗੱਲ ਹੈ। ਮੈਨੂੰ ਉਹ ਮਿਲਿਆ ਜੋ ਮੇਰੀ ਕਿਸਮਤ 'ਚ ਸੀ ਅਤੇ ਉਸ ਨੂੰ ਉਹ ਮਿਲਿਆ ਜੋ ਉਸ ਦੀ ਕਿਸਮਤ 'ਚ ਸੀ। ਸ਼ੁੱਕਰ ਹੈ ਕਿ ਕੁਝ ਦੇਰ ਲਈ ਸਾਡੇ ਫੀਜ਼ੀਓ ਨੂੰ ਆਉਣ ਦਿੱਤਾ ਗਿਆ ਜਿਨ੍ਹਾਂ ਨੇ ਮੇਰੇ ਗੋਡੇ 'ਤੇ ਪੱਟੀ ਲਗਾਈ। ਮੈਨੂੰ ਉੱਥੇ ਦਰਦ ਹੋ ਰਿਹਾ ਸੀ।''

ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ ਯਾਦਵ ਨੇ ਪਿਛਲੇ ਸਾਲ ਰਾਸ਼ਟਰਮੰਡਲ ਚੈਂਪੀਅਨਸ਼ਿਪ 'ਚ ਚਾਂਦੀ ਤਮਗਾ ਜਿੱਤਿਆ ਸੀ। ਉਸ ਨੇ ਕਿਹਾ, ''ਮੈਂ ਆਪਣੀ ਵੱਡੀ ਭੈਣ ਦੇ ਕਹਿਣ 'ਤੇ ਵੇਟਲਿਫਟਿੰਗ ਨੂੰ ਅਪਣਾਇਆ ਅਤੇ 2014 'ਚ ਭਾਰਤੀ ਟੀਮ ਦੇ ਕੈਂਪ 'ਚ ਆਈ।'' ਯਾਦਵ ਨੇ ਕਿਹਾ, ''ਮੇਰੇ ਪਿਤਾ ਨੇ ਮੇਰੀ ਟਰੇਨਿੰਗ ਦੇ ਲਈ ਕਰਜ਼ਾ ਲਿਆ ਸੀ। ਮੈਂ ਤਮਗਾ ਜਿੱਤਣ ਦੇ ਬਾਅਦ ਉਹ ਅਦਾ ਕਰ ਦਿੱਤਾ। ਉਹ ਘਰ 'ਚ ਪੂਜਾ ਪਾਠ ਕਰਦੇ ਹਨ ਅਤੇ ਮੇਰੀ ਮਾਂ ਇਕ ਘਰੇਲੂ ਔਰਤ ਹੈ। ਮੈਂ ਅਤੇ ਮੇਰੀ ਭੈਣ ਹੀ ਘਰ ਚਲਾਉਂਦੇ ਹਨ। ਮੈਂ ਭਾਰਤੀ ਰੇਲਵੇ 'ਚ ਕਰਮਚਾਰੀ ਹਾਂ।'' ਇਸ ਤੋਂ ਪਹਿਲਾਂ ਮੀਰਾਬਾਈ ਚਾਨੂ (48 ਕਿਲੋ), ਸੰਜੀਤਾ ਚਾਨੂ (53 ਕਿਲੋ), ਸਤੀਸ਼ ਸ਼ਿਵਲਿੰਗਮ (77 ਕਿਲੋ) ਅਤੇ ਵੇਂਕਟ ਰਾਹੁਲ ਰਾਗਾਲਾ (85 ਕਿਲੋ) ਨੇ ਭਾਰਤ ਨੂੰ ਵੇਟਲਿਫਟਿੰਗ 'ਚ ਚਾਰ ਸੋਨ ਤਮਗੇ ਦਿਵਾਏ।