ਭਾਰਤ ਦੇ ਦੋ ਵਿਕਟਕੀਪਰ ਬੱਲੇਬਾਜ਼ਾਂ ਵਿਚਾਲੇ ਹੋਵੇਗੀ ਟੱਕਰ

04/10/2018 1:06:46 AM

ਚੇਨਈ— ਭਾਰਤ ਦੇ ਦੋ ਵਿਕਟਕੀਪਰ ਬੱਲੇਬਾਜ਼ਾਂ ਮਹਿੰਦਰ ਸਿੰਘ ਧੋਨੀ ਤੇ ਦਿਨੇਸ਼ ਕਾਰਤਿਕ ਦੀਆਂ ਟੀਮਾਂ ਚੇਨਈ ਸੁਪਰ ਕਿੰਗਜ਼ ਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਆਈ. ਪੀ. ਐੱਲ.-11 ਦੇ ਮੰਗਲਵਾਰ ਨੂੰ ਹੋਣ ਵਾਲੇ ਮੁਕਾਬਲੇ 'ਚ ਦਿਲਚਸਪ ਟੱਕਰ ਹੋਵੇਗੀ। 2 ਸਾਲ ਦੀ ਪਾਬੰਦੀ ਝੱਲਣ ਤੋਂ ਬਾਅਦ ਆਈ. ਪੀ. ਐੱਲ. 'ਚ ਪਰਤੀ ਚੇਨਈ ਦੀ ਟੀਮ ਨੇ 11ਵੇਂ ਸੈਸ਼ਨ ਵਿਚ ਸਾਬਕਾ ਚੈਂਪੀਅਨ ਮੁੰਬਈ ਇੰਡੀਅਨਜ਼ ਨੂੰ ਡਵੇਨ ਬ੍ਰਾਵੋ ਦੇ ਚਮਤਕਾਰੀ ਅਰਧ ਸੈਂਕੜੇ ਨਾਲ ਹਰਾ ਕੇ ਜੇਤੂ ਵਾਪਸੀ ਕੀਤੀ, ਜਦਕਿ ਨਵੇਂ ਕਪਤਾਨ ਨਾਲ ਖੇਡ ਰਹੀ ਕੋਲਕਾਤਾ ਨਾਈਟ ਰਾਈਡਰਜ਼ ਦੀ ਟੀਮ ਨੇ ਆਪਣੇ ਘਰੇਲੂ ਮੈਦਾਨ ਈਡਨ ਗਾਰਡਨ ਵਿਚ ਕੱਲ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ ਸੁਨੀਲ ਨਾਰਾਇਣ ਦੇ ਤੂਫਾਨੀ ਹਮਲਿਆਂ ਨਾਲ ਆਸਾਨੀ ਨਾਲ ਹਰਾਇਆ।
ਧੋਨੀ ਦੀ ਚੇਨਈ ਤੇ ਕਾਰਤਿਕ ਦੀ ਕੋਲਕਾਤਾ ਟੀਮ ਨੇ ਇਸ ਸੈਸ਼ਨ ਵਿਚ ਜੇਤੂ ਸ਼ੁਰੂਆਤ ਕਰ ਲਈ ਹੈ ਤੇ ਦੋਵੇਂ ਟੀਮਾਂ ਆਪਣੇ ਦੂਜੇ ਮੁਕਾਬਲੇ ਵਿਚ ਜਿੱਤ ਦੀ ਲੈਅ ਬਣਾਈ ਰੱਖਣ ਲਈ ਆਪਣਾ ਪੂਰਾ ਜ਼ੋਰ ਲਾ ਦੇਣਗੀਆਂ। ਇਹ ਮੁਕਾਬਲਾ ਭਾਰਤੀ ਕ੍ਰਿਕਟ ਦੇ ਦੋ ਵਿਕਟਕੀਪਰ ਬੱਲੇਬਾਜ਼ਾਂ ਤੇ ਆਈ. ਪੀ. ਐੱਲ. ਕਪਤਾਨਾਂ ਦਾ ਵੀ ਮੁਕਾਬਲਾ ਹੋਵੇਗਾ ਕਿ ਉਹ ਵਿਕਟਾਂ ਦੇ ਪਿੱਛੋਂ ਆਪਣੀ ਟੀਮ ਨੂੰ ਕਿਸ ਤਰ੍ਹਾਂ ਅੱਗੇ ਵਧਾਉਂਦੇ ਹਨ। ਚੇਨਈ ਨੂੰ ਪਹਿਲੇ ਮੈਚ 'ਚ ਮੁੰਬਈ ਵਿਰੁੱਧ ਇਕ ਵਿਕਟ ਨਾਲ ਜਿੱਤ ਹਾਸਲ ਕਰਨ ਲਈ ਪਸੀਨਾ ਵਹਾਉਣਾ ਪੈ ਗਿਆ ਸੀ। ਇਹ ਤਾਂ ਭਲਾ ਹੋਵੇ ਟੀਮ ਦੇ ਕੈਰੇਬੀਆਈ ਖਿਡਾਰੀ ਡਵੇਨ ਬ੍ਰਾਵੋ ਦਾ, ਜਿਸ ਨੇ 30 ਗੇਂਦਾਂ 'ਚ 7 ਛੱਕੇ ਲਾਉਂਦਿਆਂ 68 ਦੌੜਾਂ ਬਣਾ ਕੇ ਟੀਮ ਨੂੰ ਇਕ ਗੇਂਦ ਬਾਕੀ ਰਹਿੰਦਿਆਂ ਅਵਿਸ਼ਵਾਸਯੋਗ ਜਿੱਤ ਦਿਵਾ ਦਿੱਤੀ। ਜਦੋਂ ਤਕ ਚੇਨਈ ਦੀ ਟੀਮ ਮੈਚ ਜਿੱਤੀ ਨਹੀਂ ਸੀ, ਉਦੋਂ ਤਕ ਕੈਪਟਨ ਕੂਲ ਧੋਨੀ ਡ੍ਰੈਸਿੰਗ ਰੂਮ 'ਚ ਲਗਾਤਾਰ ਚੱਕਰ ਲਾ ਰਿਹਾ ਸੀ।
ਆਖਰੀ ਓਵਰ 'ਚ ਕੇਦਾਰ ਜਾਧਵ ਦੇ ਚੌਥੀ ਤੇ ਪੰਜਵੀਂ ਗੇਂਦ 'ਤੇ ਛੱਕਾ ਤੇ ਚੌਕਾ ਮਾਰਨ ਤੋਂ ਬਾਅਦ ਧੋਨੀ ਐਂਡ ਕੰਪਨੀ ਨੇ ਸੁੱਖ ਦਾ ਸਾਹ ਲਿਆ ਸੀ। ਚੇਨਈ ਨੇ ਅਗਲੇ ਮੈਚ 'ਚ ਜੇਕਰ ਇਹ ਲੈਅ ਬਰਕਰਾਰ ਰੱਖਣੀ ਹੈ ਤਾਂ ਉਸ ਦੇ ਚੋਟੀਕ੍ਰਮ ਦੇ ਬੱਲੇਬਾਜ਼ਾਂ ਸ਼ੇਨ ਵਾਟਸਨ, ਅੰਬਾਤੀ ਰਾਇਡੂ, ਸੁਰੇਸ਼ ਰੈਨਾ, ਧੋਨੀ ਤੇ ਰਵਿੰਦਰ ਜਡੇਜਾ ਨੂੰ ਬਿਹਤਰ ਪ੍ਰਦਰਸ਼ਨ ਕਰਨਾ ਪਵੇਗਾ। 
ਚੇਨਈ ਦੇ ਗੇਂਦਬਾਜ਼ਾਂ ਨੂੰ ਨਾਲ ਹੀ ਕੋਲਕਾਤਾ ਦੇ ਕੈਰੇਬੀਆਈ ਖਿਡਾਰੀ ਸੁਨੀਲ ਨਾਰਾਇਣ ਨੂੰ ਵੀ ਕਾਬੂ ਕਰਨਾ ਪਵੇਗਾ। ਨਾਰਾਇਣ ਨੇ ਪਿਛਲੇ ਆਈ. ਪੀ. ਐੱਲ. ਵਿਚ ਓਪਨਿੰਗ 'ਚ ਉਤਰ ਕੇ ਕਈ ਹੈਰਾਨੀਜਨਕ ਪਾਰੀਆਂ ਖੇਡੀਆਂ ਸਨ। ਸਪਿਨਰ ਦੀ ਭੂਮਿਕਾ ਨਿਭਾਉਣ ਵਾਲੇ ਨਾਰਾਇਣ ਨੂੰ ਓਪਨਿੰਗ ਵੀ ਕਾਫੀ ਰਾਸ ਆ ਰਹੀ ਹੈ ਤੇ ਬੈਂਗਲੁਰੂ ਵਿਰੁੱਧ ਉਸ ਨੇ ਸਿਰਫ 19 ਗੇਂਦਾਂ 'ਚ 5 ਛੱਕਿਆਂ ਦੇ ਸਹਾਰੇ 50 ਦੌੜਾਂ ਬਣਾ ਦਿੱਤੀਆਂ ਸਨ।
ਬ੍ਰਾਵੋ ਤੇ ਨਾਰਾਇਣ ਦੋਵੇਂ ਹੀ ਪਹਿਲੇ ਮੈਚਾਂ ਵਿਚ 'ਮੈਨ ਆਫ ਦਿ ਮੈਚ' ਰਹੇ ਸਨ। ਕੋਲਕਾਤਾ ਦੀ ਟੀਮ ਚਾਹੇਗੀ ਕਿ ਉਸ ਦੇ ਚੋਟੀਕ੍ਰਮ ਦੇ ਬੱਲੇਬਾਜ਼ ਸਿਰਫ ਨਾਰਾਇਣ 'ਤੇ ਹੀ ਨਿਰਭਰ ਨਾ ਰਹਿਣ। ਕ੍ਰਿਸ ਲਿਨ ਤੇ ਰੌਬਿਨ ਉਥੱਪਾ ਨੂੰ ਵਿਕਟ 'ਤੇ ਟਿਕਣਾ ਪਵੇਗਾ। ਕੋਲਕਾਤਾ ਲਈ ਦਿੱਲੀ ਦੇ ਨੌਜਵਾਨ ਖਿਡਾਰੀ ਨਿਤੀਸ਼ ਰਾਣਾ ਨੇ ਸ਼ਾਨਦਾਰ ਆਲਰਾਊਂਡ ਪ੍ਰਦਰਸ਼ਨ ਕੀਤਾ ਸੀ। ਆਫ ਸਪਿਨਰ ਰਾਣਾ ਨੇ ਇਕ ਹੀ ਓਵਰ ਵਿਚ ਏ. ਬੀ. ਡਿਵਿਲੀਅਰਸ ਤੇ ਵਿਰਾਟ ਕੋਹਲੀ ਦੀਆਂ ਵਿਕਟਾਂ ਲਈਆਂ ਸਨ ਤੇ ਫਿਰ ਬੱਲੇਬਾਜ਼ੀ 'ਚ 34 ਦੌੜਾਂ ਵੀ ਬਣਾਈਆਂ ਸਨ। 
ਧੋਨੀ ਸੀਮਤ ਓਵਰਾਂ ਵਿਚ ਭਾਰਤੀ ਟੀਮ ਦਾ ਵਿਕਟਕੀਪਰ ਹੈ, ਜਦਕਿ ਉਸ ਦੀ ਗੈਰ- ਮੌਜੂਦਗੀ ਵਿਚ ਨਿਦਹਾਸ ਟਰਾਫੀ ਵਿਚ ਭਾਰਤ ਲਈ ਜੇਤੂ ਛੱਕਾ ਮਾਰਨ ਵਾਲੇ ਕਾਰਤਿਕ ਨੂੰ ਉਸ ਦਾ ਉੱਤਰਾਧਿਕਾਰੀ ਮੰਨਿਆ ਜਾ ਰਿਹਾ ਹੈ। ਇਹ ਮੁਕਾਬਲਾ ਦੋਵਾਂ ਟੀਮਾਂ ਦੇ ਨਾਲ-ਨਾਲ ਭਾਰਤੀ ਟੀਮ ਦੇ ਇਨ੍ਹਾਂ ਦੋ ਵਿਕਟਕੀਪਰ ਬੱਲੇਬਾਜ਼ਾਂ ਦੀ ਕਪਤਾਨੀ ਕਲਾ ਦਾ ਵੀ ਮੁਕਾਬਲਾ ਹੋਵੇਗਾ।