ਭਾਰਤ ਦੇ ਸਾਗਰ ਸ਼ਾਹ ਨੂੰ ਤੀਜਾ ਸਥਾਨ

08/08/2017 4:36:45 AM

ਬੈਲਜੀਅਮ— ਭਾਰਤ ਦਾ ਇੰਟਰਨੈਸ਼ਨਲ ਮਾਸਟਰ ਤੇ ਗ੍ਰੈਂਡ ਮਾਸਟਰ ਬਣਨ ਤੋਂ ਇਕ ਨੋਰਮ ਦੂਰ ਸਾਗਰ ਸ਼ਾਹ ਨੇ ਬੈਲਜੀਅਮ 'ਚ ਚੱਲ ਰਹੇ ਵੱਕਾਰੀ ਚਾਰਲੇਰੋਈ ਇੰਟਰਨੈਸ਼ਨਲ ਸ਼ਤਰੰਜ ਟੂਰਨਾਮੈਂਟ 'ਚ ਸਾਂਝੇ ਤੌਰ 'ਤੇ ਤੀਜਾ ਸਥਾਨ ਹਾਸਲ ਕੀਤਾ। ਇਸ ਦੇ ਨਾਲ ਹੀ ਸਾਗਰ ਨੇ ਆਪਣੀ ਕੌਮਾਂਤਰੀ ਰੇਟਿੰਗ ਵਿਚ 11 ਅੰਕਾਂ ਦੀ ਬੜ੍ਹਤ ਵੀ ਦਰਜ ਕੀਤੀ ਹੈ। ਸਾਗਰ ਚੈਂਪੀਅਨਸ਼ਿਪ 'ਚ ਇਕੱਲਾ ਭਾਰਤੀ ਖਿਡਾਰੀ ਸੀ ਤੇ ਉਸ ਨੇ ਅਜੇਤੂ ਰਹਿੰਦਿਆਂ ਚਾਰ ਜਿੱਤਾਂ ਤੇ ਪੰਜ ਡਰਾਅ ਨਾਲ ਕੁਲ 6.5 ਅੰਕ ਹਾਸਲ ਕੀਤੇ। ਪਹਿਲੇ ਸਥਾਨ 'ਤੇ ਵਿਸ਼ਵ ਨੰਬਰ 4 ਅਰਮੀਨੀਅਨ ਧਾਕੜ ਲੇਵਾਨ ਆਰੋਨੀਅਨ ਦਾ ਪ੍ਰਮੁੱਖ ਸਹਿਯੋਗੀ ਗ੍ਰੈਂਡ ਮਾਸਟਰ ਤਿਗਰਨ ਘਰਮਾਈਨ ਰਿਹਾ, ਉਸ ਨੇ ਕੁਲ 7.5 ਅੰਕ ਬਣਾਏ ਤੇ ਦੂਜੇ ਸਥਾਨ 'ਤੇ 7 ਅੰਕਾਂ ਨਾਲ ਮੇਜ਼ਬਾਨ ਬੈਲਜੀਅਮ ਦਾ ਗ੍ਰੈਂਡ ਮਾਸਟਰ ਡੀ ਅਲੈਕਜ਼ੈਂਡਰ ਰਿਹਾ। ਫਰਾਂਸ ਦਾ ਨੌਜਵਾਨ ਫਿਡੇ ਮਾਸਟਰ ਜੇਮਸ ਐਡਨ ਤੇ ਭਾਰਤ ਦਾ ਸਾਗਰ ਸ਼ਾਹ ਸਾਂਝੇ ਤੌਰ 'ਤੇ ਤੀਜੇ ਸਥਾਨ 'ਤੇ ਰਹੇ।