ਏਸ਼ੀਆਡ ਹਾਕੀ ''ਚ ਭਾਰਤ ਦਾ ਪਹਿਲਾ ਮੁਕਾਬਲਾ ਹਾਂਗਕਾਂਗ ਨਾਲ

07/16/2018 10:52:09 PM

ਨਵੀਂ ਦਿੱਲੀ— ਸਾਬਕਾ ਚੈਂਪੀਅਨ ਭਾਰਤ ਦਾ 18 ਅਗਸਤ ਨੂੰ ਜਕਾਰਤਾ ਵਿਚ ਸ਼ੁਰੂ ਹੋਣ ਵਾਲੀਆਂ ਏਸ਼ੀਆਈ ਖੇਡਾਂ ਦੀ ਪੁਰਸ਼ ਹਾਕੀ ਪ੍ਰਤੀਯੋਗਿਤਾ ਵਿਚ ਆਪਣੀ ਖਿਤਾਬ ਬਚਾਓ ਮੁਹਿੰਮ ਤੇ ਟੋਕੀਓ ਓਲੰਪਿਕ ਟਿਕਟ ਹਾਸਲ ਕਰਨ ਲਈ ਪਹਿਲਾ ਮੁਕਾਬਲਾ ਹਾਂਗਕਾਂਗ ਨਾਲ ਹੋਵੇਗਾ। 
ਏਸ਼ੀਆਈ ਹਾਕੀ ਮਹਾਸੰਘ ਨੇ ਏਸ਼ੀਆਈ ਖੇਡਾਂ ਦੀ ਪੁਰਸ਼ ਤੇ ਮਹਿਲਾ ਹਾਕੀ ਪ੍ਰਤੀਯੋਗਿਤਾ ਦਾ ਪ੍ਰੋਗਰਾਮ ਜਾਰੀ ਕੀਤਾ ਹੈ। ਇਹ ਟੂਰਨਾਮੈਂਟ 2020 ਦੀਆਂ ਟੋਕੀਓ ਓਲੰਪਿਕ ਲਈ ਪਹਿਲਾ ਕੁਆਲੀਫਾਇਰ ਹੈ। ਨਾਲ ਹੀ ਏਸ਼ੀਆਈ ਖੇਡਾਂ ਦੀ ਹਾਕੀ ਵਿਚ ਪਹਿਲੀ ਵਾਰ ਵੀਡੀਓ ਰੈਫਰਲ ਸਿਸਟਮ ਦਾ ਇਸਤੇਮਾਲ ਵੀ ਕੀਤਾ ਜਾਵੇਗਾ। ਹਾਕੀ ਪ੍ਰਤੀਯੋਗਿਤਾ ਵਿਚ 14 ਦੇਸ਼ਾਂ ਦੀਆਂ 21 ਟੀਮਾਂ ਪੁਰਸ਼ ਤੇ ਮਹਿਲਾ ਵਰਗ ਵਿਚ ਹਿੱਸਾ ਲੈਣਗੀਆਂ ਤੇ 14 ਦਿਨ ਤੱਕ ਦੋਵਾਂ ਵਰਗਾਂ ਵਿਚ ਕੁਲ 60 ਮੈਚ ਖੇਡੇ ਜਾਣਗੇ। ਪੁਰਸ਼ ਵਰਗ ਵਿਚ 11 ਟੀਮਾਂ ਨੂੰ 5 ਤੇ 6 ਦੋ ਵਰਗਾਂ ਵਿਚ ਵੰਡਿਆ ਗਿਆ ਹੈ। ਭਾਰਤ ਦੇ ਪੁਰਸ਼ ਵਰਗ ਦੇ ਪੂਲ-ਏ ਵਿਚ ਕੋਰੀਆ, ਜਾਪਾਨ, ਸ਼੍ਰੀਲੰਕਾ ਤੇ ਹਾਂਗਕਾਂਗ ਦੀਆਂ ਟੀਮਾਂ ਹਨ, ਜਦਕਿ ਪੂਲ-ਬੀ ਵਿਚ ਮਲੇਸ਼ੀਆ, ਪਾਕਿਸਤਾਨ, ਬੰਗਲਾਦੇਸ਼, ਓਮਾਨ, ਥਾਈਲੈਂਡ ਤੇ ਇੰਡੋਨੇਸ਼ੀਆ ਹਨ। ਮਹਿਲਾ ਵਰਗ ਵਿਚ ਕੁਲ 10 ਟੀਮਾਂ ਹਨ ਤੇ ਭਾਰਤ ਦੇ ਪੂਲ-ਬੀ ਵਿਚ ਕੋਰੀਆ, ਥਾਈਲੈਂਡ, ਕਜ਼ਾਕਿਸਤਾਨ ਤੇ ਇੰਡੋਨੇਸ਼ੀਆ ਹਨ। ਪੂਲ-ਏ ਵਿਚ ਚੀਨ, ਜਾਪਾਨ, ਮਲੇਸ਼ੀਆ, ਹਾਂਗਕਾਂਗ ਤੇ ਚੀਨੀ ਤਾਈਪੇ ਹਨ।