ਵਿਦਿਤ ਤੇ ਹਰਿਕਾ ਦੀ ਜਿੱਤ ਵਿਚਾਲੇ ਭਾਰਤ ਦੀ ਫਿੱਕੀ ਸ਼ੁਰੂਆਤ

06/19/2017 1:30:20 AM

ਰੂਸ— ਵਿਸ਼ਵ ਟੀਮ ਸ਼ਤਰੰਜ ਚੈਂਪੀਅਨਸ਼ਿਪ ਵਿਚ ਵਿਸ਼ਵ ਦੀਆਂ ਚੋਟੀ ਦੀਆਂ 10 ਟੀਮਾਂ ਵਿਚਾਲੇ ਵਿਸ਼ਵ ਚੈਂਪੀਅਨ ਬਣਨ ਦੀ ਦੌੜ ਸ਼ੁਰੂ ਹੋ ਗਈ ਹੈ। ਭਾਰਤ ਦੀਆਂ ਪੁਰਸ਼ ਤੇ ਮਹਿਲਾ ਦੋਵੇਂ ਟੀਮਾਂ ਇਸ ਵਾਰ ਇਸ ਪ੍ਰਤੀਯੋਗਿਤਾ ਦਾ ਹਿੱਸਾ ਬਣਨ ਵਿਚ ਸਫਲ ਰਹੀਆਂ ਹਨ। ਹਾਲਾਂਕਿ ਪਹਿਲੇ ਰਾਊਂਡ ਵਿਚ ਭਾਰਤ ਦੀਆਂ ਦੋਵੇਂ ਟੀਮਾਂ ਦੇ ਨਤੀਜੇ ਆਸਾਂ ਅਨੁਸਾਰ ਨਹੀਂ ਰਹੇ। ਪੁਰਸ਼ ਟੀਮ  ਨੂੰ ਜਿੱਥੇ ਨੇੜਲੇ ਮੁਕਾਬਲੇ ਵਿਚ ਪੋਲੈਂਡ ਤੋਂ 2.5-1.5 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ, ਉਥੇ ਹੀ ਮਹਿਲਾ ਟੀਮ ਜਾਰਜੀਆ ਤੋਂ ਇਕ ਸਮੇਂ ਜਿੱਤਿਆ ਮੈਚ 2-2 ਨਾਲ ਡਰਾਅ ਕਰਵਾ ਬੈਠੀ। (ਪੁਰਸ਼ ਵਰਗ) ਭਾਰਤ ਵਿਰੁੱਧ ਪੋਲੈਂਡ-ਭਾਰਤ ਦੇ ਵਿਦਿਤ ਗੁਜਰਾਤੀ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਬਾਵਜੂਦ ਭਾਰਤ ਨੂੰ ਪੋਲੈਂਡ ਵਿਰੁੱਧ ਹਾਰ ਦਾ ਸਾਹਮਣਾ ਕਰਨਾ ਪਿਆ। ਵਿਦਿਤ ਨੇ ਪੋਲੈਂਡ ਦੇ ਰਾਡੋਸਲਾਵ ਡਬਲਯੂ. ਨੂੰ ਹਰਾਉਂਦਿਆਂ ਭਾਰਤ ਲਈ ਜਿੱਤ ਦਾ ਰਸਤਾ ਖੋਲ੍ਹ ਦਿੱਤਾ ਸੀ ਪਰ ਭਾਸਕਰਨ ਅਧਿਬਨ ਦੀ ਜਾਨ ਹੁਡਾ ਤੋਂ ਤੇ ਮੁਰਲੀ ਕਾਰਤੀਕੇਅਨ ਦੀ ਕੇਸਪਰ ਪਯੋਰਨ ਹੱਥੋਂ ਹਾਰ ਨਾਲ ਭਾਰਤ ਮੁਕਾਬਲੇ ਵਿਚ 2-1 ਨਾਲ ਪੱਛੜ ਗਿਆ, ਅਜਿਹੇ ਵਿਚ ਪਰਿਮਾਰਜਨ ਨੇਗੀ ਤੋਂ ਭਾਰਤ ਨੂੰ ਉਮੀਦ ਸੀ ਪਰ ਉਹ ਮੈਚ 'ਤੇ ਆਪਣੀ ਬੜ੍ਹਤ ਦਾ ਫਾਇਦਾ ਨਹੀਂ ਚੁੱਕ ਸਕਿਆ ਤੇ ਉਸ ਦਾ ਮੈਚ ਮਾਟੇਓਸਜ ਬਾਰਟੇਲ ਨਾਲ ਬਰਾਬਰੀ 'ਤੇ ਰਹਿੰਦਿਆਂ ਹੀ ਭਾਰਤ ਮੈਚ 2.5-1.5 ਨਾਲ ਹਾਰ ਗਿਆ। (ਮਹਿਲਾ ਵਰਗ) ਭਾਰਤ ਵਿਰੁੱਧ ਜਾਰਜੀਆ—ਇਸ ਵਿਚ ਵੀ ਚੋਟੀ ਦੀ ਮਹਿਲਾ ਖਿਡਾਰੀ ਹਰਿਕਾ ਦ੍ਰੋਣਾਵਲੀ ਦੀ ਜਿੱਤ ਦਾ ਫਾਇਦਾ ਭਾਰਤ ਨਹੀਂ ਚੁੱਕ ਸਕਿਆ ਤੇ ਜਾਰਜੀਆ ਨਾਲ ਭਾਰਤ ਦਾ ਮੁਕਾਬਲਾ ਬਰਾਬਰੀ 'ਤੇ ਛੁੱਟਿਆ। ਹਰਿਕਾ ਨੇ ਨਾਨਾ ਜਗਿਨਜੇ ਨੂੰ ਹਰਾਉਂਦਿਆਂ ਭਾਰਤ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ। ਭਾਰਤ ਦੀ ਹੀ ਈਸ਼ਾ ਕਰਵਾੜੇ ਨੇ ਲੇਲਾ ਜਵਾਖਿਸ਼੍ਰਿਲੀ ਤੇ ਪਦਮਿਨੀ ਰਾਊਤ ਨੇ ਬੇਲਾ ਖੋਟੇਨਸ਼੍ਰਿਲੀ ਨਾਲ ਡਰਾਅ ਖੇਡਦਿਆਂ ਮੈਚ ਨੂੰ 2-2 ਨਾਲ ਬਰਾਬਰੀ 'ਤੇ ਲਿਆ ਦਿੱਤਾ।