IND vs WI : ਸੈਂਕੜਾ ਮਾਰ ਕੇ ਕੰਨਾਂ ਨੂੰ ਕਿਉਂ ਹੱਥ ਲਗਾਏ ? ਕੇ.ਐਲ. ਰਾਹੁਲ ਨੇ ਖੋਲ੍ਹਿਆ ਰਾਜ

12/18/2019 8:10:55 PM

ਨਵੀਂ ਦਿੱਲੀ (ਸਪੋਰਟਸ ਡੈਸਕ)- ਵਾਇਜ਼ੈਗ ਦੇ ਮੈਦਾਨ 'ਤੇ ਭਾਰਤੀ ਟੀਮ ਜਦੋਂ ਦੂਜੇ ਇਕ ਦਿਨਾਂ ਮੈਚ ਲਈ ਵੈਸਟਇੰਡੀਜ਼ ਦੀ ਟੀਮ ਦੇ ਸਾਹਮਣੇ ਸੀ ਤਾਂ ਇਕ ਪਾਸੇ ਜਿੱਥੇ ਰੋਹਿਤ ਸ਼ਰਮਾ ਚੌਕੇ-ਛੱਕੇ ਲਗਾ ਕੇ ਆਪਣੇ ਜਲਵੇ ਦਿਖਾ ਰਹੇ ਸਨ ਤਾਂ ਉਥੇ ਹੀ ਕੇ.ਐਲ. ਰਾਹੁਲ ਨੇ ਜ਼ਬਰਦਸਤ ਪਾਰੀ ਖੇਡ ਕੇ ਆਪਣੀ ਬੁਰੀ ਫਾਰਮ ਤੋਂ ਛੁਟਕਾਰਾ ਪਾਇਆ। ਕੇ.ਐਲ. ਰਾਹੁਲ ਇਸ ਦੌਰਾਨ ਸੈਂਕੜਾ ਲਗਾਉਣ ਤੋਂ ਬਾਅਦ ਆਪਣੇ ਵੱਖਰੇ ਜਸ਼ਨ ਦੇ ਸਟਾਈਲ (ਕੰਨਾਂ ਨੂੰ ਹੱਥ ਲਗਾਉਣਾ) ਕਾਰਨ ਵੀ ਚਰਚਾ ਵਿਚ ਰਹੇ। ਪਹਿਲੀ ਪਾਰੀ ਖਤਮ ਹੋਣ ਤੋਂ ਬਾਅਦ ਇੰਟਰਵਿਊ ਵਿਚ ਹਾਲਾਂਕਿ ਕੇ.ਐਲ. ਰਾਹੁਲ ਇਸ ਵੱਖਰੇ ਜਸ਼ਨ 'ਤੇ ਜ਼ਿਆਦਾ ਨਹੀਂ ਬੋਲੇ। ਉਨ੍ਹਾਂ ਤੋਂ ਜਦੋਂ ਇਸ ਜਸ਼ਨ ਦਾ ਮਤਲਬ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਸਾਫ ਮਨਾਂ ਕਰਦੇ ਹੋਏ ਕਿਹਾ ਕਿ ਕੁਝ ਗੱਲਾਂ ਨੂੰ ਰਹੱਸ ਹੀ ਰਹਿਣ ਦਿਓ।

ਉਥੇ ਹੀ ਕੇ.ਐਲ. ਰਾਹੁਲ ਦੇ ਇਸ ਵੱਖਰੇ ਜਸ਼ਨ ਦੇ ਸਟਾਈਲ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀਆਂ ਤਸਵੀਰਾਂ ਲੈਸਟਰ ਦੇ ਮਸ਼ਹੂਰ ਫੁੱਟਬਾਲਰ ਅਯੋਜ਼ ਪੇਰੇਜ ਦੇ ਨਾਲ ਟ੍ਰੈਂਡ ਹੋਣ ਲੱਗੀਆਂ। ਅਯੋਜ਼ ਪੇਰੇਜ ਵੀ ਮੈਂਚਾਂ ਦੌਰਾਨ ਜਦੋਂ ਗੋਲ ਕਰਦੇ ਹਨ ਤਾਂ ਠੀਕ ਅਜਿਹੀ ਹੀ ਖੁਸ਼ੀ ਦਾ ਇਜ਼ਹਾਰ ਕਰਦੇ ਹਨ ਕਿਉਂਕਿ ਕੇ.ਐਲ. ਰਾਹੁਲ ਫੁੱਟਬਾਲ ਦੇ ਵੀ ਵੱਡੇ ਪ੍ਰਸ਼ੰਸਕ ਹਨ ਅਜਿਹੇ ਵਿਚ ਸ਼ੱਕ ਹੈ ਕਿ ਉਨ੍ਹਾਂ ਨੇ ਪੇਰੇਜ ਦਾ ਹੀ ਸਟਾਈਲ ਕਾਪੀ ਕੀਤਾ ਹੈ। ਕੇ.ਐਲ. ਰਾਹੁਲ ਨੇ ਇਸ ਤੋਂ ਪਹਿਲਾਂ ਡੇਲੇ ਅਲੀ ਦਾ ਇਕ ਅੱਖ ਲੁਕਾਉਣ ਵਾਲਾ ਖੁਸ਼ੀ ਦਾ ਇਜ਼ਹਾਰ ਕਾਪੀ ਕੀਤਾ ਸੀ। ਇੰਗਲੈਂਡ ਦੇ ਫੁੱਟਬਾਲਰ ਡੇਲੇ ਅਲੀ ਫੁੱਟਬਾਲ ਵਿਸ਼ਵਕੱਪ ਦੌਰਾਨ ਵੀ ਇੰਗਲੈਂਡ ਲਈ ਮਹੱਤਵਪੂਰਨ ਮੈਚਾਂ ਵਿਚ ਗੋਲ ਕਰਕੇ ਲਾਈਮਲਾਈਟ ਵਿਚ ਆਏ ਸਨ।

ਕੇ.ਐਲ. ਰਾਹੁਲ ਨੇ ਟੈਸਟ ਮੈਚ ਦੌਰਾਨ ਵਿਕਟ ਮਿਲਣ 'ਤੇ ਡੇਲੇ ਅਲੀ ਦਾ ਇਹ ਸਟਾਈਲ ਕਾਪੀ ਕੀਤਾ ਸੀ। ਦੱਸ ਦਈਏ ਕਿ ਕੇ.ਐਲ. ਰਾਹੁਲ ਨੇ ਵਾਇਜ਼ੈਗ ਦੇ ਮੈਦਾਨ 'ਤੇ ਸੈਂਕੜਾ ਲਗਾ ਕੇ ਨਾ ਸਿਰਫ ਵਨ ਡੇਅ ਵਿਚ ਆਪਣੀ ਬੁਰੀ ਫਾਰਮ ਤੋਂ ਪਿੱਛਾ ਛੁਡਾਇਆ ਸਗੋਂ ਭਾਰਤੀ ਟੀਮ ਲਈ ਬਤੌਰ ਓਪਨਰ ਆਪਣੀ ਦਾਅਵੇਦਾਰੀ ਵੀ ਮਜ਼ਬੂਤ ਕਰ ਲਈ। ਹਾਲਾਂਕਿ ਅਜੇ ਭਾਰਤੀ ਟੀਮ ਕੋਲ ਰੋਹਿਤ ਅਤੇ ਧਵਨ ਵਰਗੇ ਦੋ ਮਜ਼ਬੂਤ ਓਪਨਰ ਹਨ ਪਰ ਧਵਨ ਦੀ ਹਾਲੀਆ ਫਾਰਮ ਅਤੇ ਸੱਟਾਂ ਦੇ ਚੱਲਦੇ ਕੇ.ਐਲ. ਰਾਹੁਲ ਦਾ ਭਵਿੱਖ ਜ਼ਿਆਦਾ ਸੁਨਹਿਰੀ ਲੱਗ ਰਿਹਾ ਹੈ। ਫਿਲਹਾਲ ਕੇ.ਐਲ. ਰਾਹੁਲ ਅਤੇ ਰੋਹਿਤ ਸ਼ਰਮਾ ਦੇ ਸੈਂਕੜਿਆਂ ਦੀ ਬਦੌਲਤ ਭਾਰਤੀ ਟੀਮ ਨੇ ਵਾਇਜ਼ੈਗ ਵਨਡੇਅ ਵਿਚ ਵੈਸਟ ਇੰਡੀਜ਼ ਦੇ ਸਾਹਮਣੇ ਜਿੱਤ ਲਈ 388 ਦੌੜਾਂ ਦਾ ਟੀਚਾ ਰੱਖਿਆ ਹੈ। ਕੇ.ਐਲ. ਰਾਹੁਲ ਨੇ ਜਿੱਥੇ 102 ਤਾਂ ਉਥੇ ਹੀ ਰੋਹਿਤ ਸ਼ਰਮਾ ਨੇ 159 ਦੌੜਾਂ ਦਾ ਯੋਗਦਾਨ ਦਿੱਤਾ। ਅਖੀਰਲੇ ਓਵਰਾਂ ਵਿਚ ਪੰਤ ਅਤੇ ਸ਼੍ਰੇਅਸ ਅਈਯਰ ਨੇ ਵੀ ਸ਼ਾਨਦਾਰ ਪਾਰੀ ਖੇਡ ਕੇ ਆਪਣੀ ਟੀਮ ਨੂੰ ਮਜ਼ਬੂਤੀ ਦਿੱਤੀ।

Sunny Mehra

This news is Content Editor Sunny Mehra