Ind vs WI : 7 ਵਿਕਟਾਂ ਨਾਲ ਜਿੱਤ ਭਾਰਤ ਨੇ ਵਿੰਡੀਜ਼ ਦਾ ਟੀ20 ਸੀਰੀਜ਼ 'ਚ ਕੀਤਾ ਕਲੀਨ ਸਵੀਪ

08/06/2019 7:21:18 PM

ਗਯਾਨਾ- ਦੀਪਕ ਚਾਹਰ ਦੇ ਘਾਤਕ ਸਪੈੱਲ ਤੋਂ ਬਾਅਦ ਕਪਤਾਨ ਵਿਰਾਟ ਕੋਹਲੀ ਤੇ ਰਿਸ਼ਭ ਪੰਤ ਦੇ ਸ਼ਾਦਨਾਰ ਅਰਧ ਸੈਂਕੜਿਆਂ ਨਾਲ ਭਾਰਤ ਨੇ ਮੰਗਲਵਾਰ ਨੂੰ ਇੱਥੇ ਤੀਜੇ ਤੇ ਆਖਰੀ ਟੀ-20 ਕੌਮਾਂਤਰੀ ਕ੍ਰਿਕਟ ਮੈਚ ਵਿਚ ਵੈਸਟਇੰਡੀਜ਼ ਨੂੰ 7 ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ਵਿਚ 3-0 ਨਾਲ ਕਲੀਨ ਸਵੀਪ ਕੀਤਾ। ਭਾਰਤ ਦੇ ਸਾਹਮਣੇ 147 ਦੌੜਾਂ ਦਾ ਟੀਚਾ ਸੀ। ਕੋਹਲੀ ਨੇ 45 ਗੇਂਦਾਂ 'ਤੇ 6 ਚੌਕਿਆਂ ਦੀ ਮਦਦ ਨਾਲ 59 ਦੌੜਾਂ ਬਣਾਈਆਂ, ਜਦਕਿ ਪੰਤ ਨੇ 42 ਗੇਂਦਾਂ 'ਤੇ ਅਜੇਤੂ 62 ਦੌੜਾਂ ਦੀ ਪਾਰੀ ਖੇਡੀ, ਜਿਹੜਾ ਉਸਦਾ ਇਸ ਸਵਰੂਪ ਵਿਚ ਬੈਸਟ ਸਕੋਰ ਵੀ ਹੈ। ਉਸ ਨੇ ਆਪਣੀ ਪਾਰੀ ਵਿਚ 4 ਚੌਕੇ ਤੇ 4 ਛੱਕੇ ਲਾਏ। ਇਨ੍ਹਾਂ ਦੋਵਾਂ ਨੇ ਤੀਜੀ ਵਿਕਟ ਲਈ 106 ਦੌੜਾਂ ਦੀ ਸਾਂਝੇਦਾਰੀ ਕੀਤੀ, ਜਿਸ ਨਾਲ ਭਾਰਤ ਨੇ 19.1 ਓਵਰਾਂ ਵਿਚ 3 ਵਿਕਟਾਂ 'ਤੇ 150 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। 
ਭਾਰਤ ਨੇ ਵੈਸਟਇੰਡੀਜ਼ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ। ਕੀਰੋਨ ਪੋਲਾਰਡ ਨੇ 45 ਗੇਂਦਾਂ 'ਤੇ 1 ਚੌਕੇ ਤੇ 6 ਛੱਕਿਆਂ ਦੀ ਮਦਦ ਨਾਲ 58 ਦੌੜਾਂ ਬਣਾਈਆਂ, ਜਦਕਿ ਰੋਵਮੈਨ ਪਾਵੈੱਲ ਨੇ ਆਖਰੀ ਪਲਾਂ ਵਿਚ 20 ਗੇਂਦਾਂ 'ਤੇ 32 ਦੌੜਾਂ ਦੀ ਪਾਰੀ ਖੇਡੀ, ਜਿਸ ਨਾਲ ਵੈਸਟਇੰਡੀਜ਼ ਨੇ ਦੀਪਕ ਚਾਹਰ (3 ਓਵਰਾਂ ਵਿਚ  4 ਦੌੜਾਂ ਦੇ ਕੇ 3 ਵਿਕਟਾਂ)  ਨਾਲ ਮਿਲੇ ਸ਼ੁਰੂਆਤੀ ਝਟਕਿਆਂ ਤੋਂ ਉਭਰ ਕੇ 6 ਵਿਕਟਾਂ 'ਤੇ 146 ਦੌੜਾਂ ਬਣਾਈਆਂ ਸਨ। 


ਭਾਰਤ ਨੇ ਅਮਰੀਕਾ ਦੇ ਲਾਡਰਹਿਲ ਵਿਚ ਖੇਡੇ ਗਏ ਪਹਿਲੇ ਦੋ ਮੈਚਾਂ ਵਿਚ ਜਿੱਤ ਦਰਜ ਕਰ ਕੇ ਪਹਿਲਾਂ ਹੀ ਲੜੀ ਵਿਚ ਅਜੇਤੂ ਬੜ੍ਹਤ ਹਾਸਲ ਕਰ ਲਈ ਸੀ। ਹੁਣ ਇਨ੍ਹਾਂ ਦੋਵਾਂ ਟੀਮਾਂ ਵਿਚਾਲੇ 3 ਵਨ ਡੇ ਤੇ ਫਿਰ ਦੋ ਟੈਸਟ ਮੈਚਾਂ ਦੀ ਲੜੀ ਖੇਡੀ ਜਾਵੇਗੀ। ਦੋਵੇਂ ਟੈਸਟ ਵਿਸ਼ਵ ਚੈਂਪੀਅਨਸ਼ਿਪ ਦਾ ਹਿੱਸਾ ਹੋਣਗੇ। ਇਸ ਤੋਂ ਪਹਿਲਾਂ ਮੀਂਹ ਤੇ ਆਊਟਫੀਲਡ ਗਿੱਲੀ ਹੋਣ ਕਾਰਣ ਮੈਚ ਲਗਭਗ ਸਵਾ ਘੰਟਾ ਦੇਰੀ ਨਾਲ ਸ਼ੁਰੂ ਹੋਇਆ। ਦੀਪਕ ਚਾਹਰ ਨੇ ਸ਼ੁਰੂ ਵਿਚ ਹੀ ਤਿੰਨ ਵਿਕਟਾਂ ਲੈ ਕੇ ਕਪਤਾਨ ਵਿਰਾਟ ਕੋਹਲੀ ਦੇ ਪਹਿਲਾਂ ਫੀਲਡਿੰਗ ਕਰਨ ਦੇ ਫੈਸਲੇ ਨੂੰ ਸਹੀ ਸਾਬਤ ਕਰ ਦਿੱਤਾ ਸੀ। ਉਸ ਨੇ ਬਿਹਤਰੀਨ ਲਾਈਨ ਤੇ ਲੈਂਥ ਨਾਲ ਗੇਂਦਬਾਜ਼ੀ ਕੀਤੀ ਤੇ ਹਾਲਾਤ ਦਾ ਪੂਰਾ ਫਾਇਦਾ ਚੁੱਕਿਆ। 
ਟੀ-20 'ਚ ਭਾਰਤ ਦੇ ਕਲੀਨ ਸਵੀਪ
ਬਨਾਮ ਆਸਟਰੇਲੀਆ 2016 ਵਿਚ
ਬਨਾਮ ਸ਼੍ਰੀਲੰਕਾ 2017 ਵਿਚ
ਬਨਾਮ ਵੈਸਟਇੰਡੀਜ਼ 2018 ਵਿਚ
ਬਨਾਮ ਵੈਸਟਇੰਡੀਜ਼ 2019 ਵਿਚ
ਟੀ-20 ਵਿਚ ਸਭ ਤੋਂ ਵੱਧ ਮੈਚ ਹਾਰੇ 
58 ਵੈਸਟਇੰਡੀਜ਼
57 ਸ਼੍ਰੀਲੰਕਾ/ਬੰਗਲਾਦੇਸ਼
56 ਨਿਊਜ਼ੀਲੈਂਡ
54 ਆਸਟਰੇਲੀਆ
52 ਪਾਕਿਸਤਾਨ
50 ਜ਼ਿੰਬਾਬਵੇ/ਇੰਗਲੈਂਡ
44 ਦੱਖਣੀ ਅਫਰੀਕਾ
41 ਭਾਰਤ
ਟੀਮਾਂ ਇਸ ਤਰ੍ਹਾਂ ਹਨ—
ਭਾਰਤ- 
ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਸ਼ਿਖਰ ਧਵਨ, ਕੇ. ਐੱਲ. ਰਾਹੁਲ, ਸ਼੍ਰੇਅਸ ਅਈਅਰ, ਮਨੀਸ਼ ਪਾਂਡੇ, ਰਿਸ਼ਭ ਪੰਤ, ਕਰੁਣਾਲ ਪੰਡਯਾ, ਰਵਿੰਦਰ ਜਡੇਜਾ, ਵਾਸ਼ਿੰਗਟਨ ਸੁੰਦਰ, ਰਾਹੁਲ ਚਾਹਰ, ਭੁਵਨੇਸ਼ਵਰ ਕੁਮਾਰ, ਖਲੀਲ ਅਹਿਮਦ, ਦੀਪਕ ਚਾਹਰ, ਨਵਦੀਪ ਸੈਣੀ।
ਵੈਸਟਇੰਡੀਜ਼— ਕਾਰਲੋਸ ਬ੍ਰੈਥਵੇਟ (ਕਪਤਾਨ), ਜਾਨ ਕੈਂਪਬੇਲ, ਐਵਿਨ ਲੂਈਸ, ਸ਼ਿਮਰੋਨ ਹੈੱਟਮਾਇਰ, ਨਿਕੋਲਸ ਪੂਰਨ, ਕੀਰੋਨ ਪੋਲਾਰਡ, ਰੋਵਮੈਨ ਪਾਵੈੱਲ, ਕੀਮੋ ਪੌਲ, ਸੁਨੀਲ ਨਾਰਾਇਣ, ਸ਼ੈਲਡਨ ਕੋਟਰੈੱਲ, ਓਸ਼ੇਨ ਥਾਮਸ, ਐਂਥੋਨੀ ਬ੍ਰੈਂਬਲ, ਆਂਦ੍ਰੇ ਰਸੇਲ, ਖਾਰੀ ਪਿਯਰੇ।