IND vs WI 1st ODI : ਵਿੰਡੀਜ਼ ਨੇ ਭਾਰਤ ਨੂੰ 8 ਵਿਕਟਾਂ ਨਾਲ ਹਰਾਇਆ

12/15/2019 5:44:07 PM

ਚੇਨਈ— ਨੌਜਵਾਨ ਬੱਲੇਬਾਜ਼ ਸ਼ਿਮਰੋਨ ਹੈੱਟਮਾਇਰ (139) ਦੇ ਤੂਫਾਨੀ ਸੈਂਕੜੇ ਅਤੇ ਉਸਦੀ ਓਪਨਰ ਸ਼ਾਈ ਹੋਪ (ਅਜੇਤੂ 102) ਦੇ ਨਾਲ ਦੂਜੀ ਵਿਕਟ ਲਈ 218 ਦੌੜਾਂ ਦੀ ਜ਼ਬਰਦਸਤ ਸਾਂਝੇਦਾਰੀ ਦੀ ਬਦੌਲਤ ਵੈਸਟਇੰਡੀਜ਼ ਨੇ ਭਾਰਤ ਨੂੰ ਪਹਿਲੇ ਵਨ ਡੇਅ ਵਿਚ ਐਤਵਾਰ ਨੂੰ 8 ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ ਵਿਚ 1-0 ਦੀ ਬੜ੍ਹਤ ਬਣਾ ਲਈ। ਭਾਰਤ ਨੇ ਸ਼੍ਰੇਅਸ ਅਈਅਰ (70) ਅਤੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ (71) ਦੇ ਸ਼ਾਨਦਾਰ ਅਰਧ ਸੈਂਕੜਿਆਂ ਅਤੇ ਉਨ੍ਹਾਂ ਵਿਚਾਲੇ ਚੌਥੀ ਵਿਕਟ ਲਈ 114 ਦੌੜਾਂ ਦੀ ਬਿਹਤਰੀਨ ਸਾਂਝੇਦਾਰੀ ਦੀ ਬਦੌਲਤ ਨਿਰਧਾਰਿਤ 50 ਓਵਰਾਂ ਵਿਚ 8 ਵਿਕਟਾਂ 'ਤੇ 287 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਸੀ ਪਰ ਹੈੱਟਮਾਇਰ ਦੇ ਤੂਫਾਨੀ ਸੈਂਕੜੇ ਨੇ ਇਸ ਟੀਚੇ ਨੂੰ ਬੌਣਾ ਸਾਬਤ ਕਰ ਦਿੱਤਾ। ਵਿੰਡੀਜ਼ ਨੇ 47.5 ਓਵਰਾਂ ਵਿਚ 2 ਵਿਕਟਾਂ 'ਤੇ 291 ਦੌੜਾਂ ਬਣਾ ਕੇ ਇਕਪਾਸੜ ਜਿੱਤ ਹਾਸਲ ਕਰ ਲਈ।
ਪਲੇਅਰ ਆਫ ਦਿ ਮੈਚ ਬਣੇ ਹੈੱਟਮਾਇਰ ਨੇ ਸਿਰਫ 85 ਗੇਂਦਾਂ ਵਿਚ ਆਪਣਾ ਸੈਂਕੜਾ ਪੂਰਾ ਕੀਤਾ ਤੇ 106 ਗੇਦਾਂ ਵਿਚ 11 ਚੌਕਿਆਂ ਤੇ 7 ਛੱਕਿਆਂ ਦੀ ਮਦਦ ਨਾਲ 139 ਦੌੜਾਂ ਬਣਾਈਆਂ। ਹੈੱਟਮਾਇਰ ਦੇ ਨਾਲ-ਨਾਲ ਹੋਪ ਨੇ ਵੀ ਬਿਹਤਰੀਨ ਸੈਂਕੜਾ ਲਾਇਆ ਤੇ 151 ਗੇਂਦਾਂ 'ਤੇ 7 ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ ਅਜੇਤੂ 102 ਦੌੜਾਂ ਬਣਾਈਆਂ। ਹੋਪ ਦਾ ਇਹ ਕਰੀਅਰ ਦਾ 8ਵਾਂ ਸੈਂਕੜਾ ਹੈ।


ਹੈੱਟਮਾਇਰ ਦਾ ਇਹ 5ਵਾਂ ਸੈਂਕੜਾ ਸੀ ਤੇ ਨਾਲ ਹੀ ਉਸ ਦੇ ਕਰੀਅਰ ਦੀ ਸਰਵਸ੍ਰੇਸ਼ਠ ਪਾਰੀ ਵੀ ਸੀ। ਇਹ ਭਾਰਤ ਵਿਰੁੱਧ ਕਿਸੇ ਵਿੰਡੀਜ਼ ਬੱਲੇਬਾਜ਼ ਦਾ ਪੰਜਵਾਂ ਸਰਵਸ੍ਰੇਸ਼ਠ ਸਕੋਰ ਹੈ। ਇਸ ਮੁਕਾਬਲੇ ਤੋਂ ਇਕ ਦਿਨ ਪਹਿਲਾਂ ਵਿੰਡੀਜ਼ ਦੇ ਮਹਾਨ ਬੱਲੇਬਾਜ਼ ਬ੍ਰਾਇਨ ਲਾਰਾ ਨੇ ਕਿਹਾ ਸੀ ਕਿ ਵੈਸਟਇੰਡੀਜ਼ ਕੋਲ ਕਈ ਚੰਗੇ ਨੌਜਵਾਨ ਖਿਡਾਰੀ ਹਨ ਤੇ ਕੋਈ ਵਿੰਡੀਜ਼ ਦੀ ਟੀਮ ਨੂੰ ਕਮਜ਼ੋਰ ਸਮਝਣ ਦੀ ਗਲਤੀ ਨਾ ਕਰੇ। 22 ਸਾਲਾ ਹੈੱਟਮਾਇਰ ਨੇ ਲਾਰਾ ਦੀ ਗੱਲ ਨੂੰ ਸਹੀ ਸਾਬਤ ਕਰ ਦਿਖਾਇਆ।


ਇਸ ਤੋਂ ਪਹਿਲਾਂ ਟਾਸ ਹਾਰ ਜਾਣ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ ਅਤੇ ਉਸ ਨੇ 25 ਦੌੜਾਂ ਤੱਕ ਓਪਨਰ ਲੋਕੇਸ਼ ਰਾਹੁਲ ਤੇ ਕਪਤਾਨ ਵਿਰਾਟ ਕੋਹਲੀ ਦੀਆਂ ਵਿਕਟਾਂ ਗੁਆ ਦਿੱਤੀਆਂ। ਰਾਹੁਲ ਨੇ 6 ਅਤੇ ਵਿਰਾਟ ਨੇ 4 ਦੌੜਾਂ ਬਣਾਈਆਂ। ਸ਼ੈਲਡਨ ਕੋਟਰੈੱਲ ਨੇ 7ਵੇਂ ਓਵਰ ਵਿਚ ਇਨ੍ਹਾਂ ਦੋਵਾਂ ਬੱਲੇਬਾਜ਼ਾਂ ਨੂੰ ਆਊਟ ਕੀਤਾ। ਓਪਨਰ ਰੋਹਿਤ ਸ਼ਰਮਾ 56 ਗੇਂਦਾਂ ਵਿਚ 6 ਚੌਕਿਆਂ ਦੇ ਸਹਾਰੇ 36 ਦੌੜਾਂ ਬਣਾ ਕੇ ਤੀਜੇ ਬੱਲੇਬਾਜ਼ ਦੇ ਰੂਪ 'ਚ 80 ਦੇ ਸਕੋਰ 'ਤੇ ਆਊਟ ਹੋਇਆ।
ਇਸ ਸਮੇਂ ਭਾਰਤੀ ਪਾਰੀ ਸੰਕਟ ਵਿਚ ਨਜ਼ਰ ਆ ਰਹੀ ਸੀ ਪਰ ਭਰੋਸੇਮੰਦ ਅਈਅਰ ਤੇ ਆਲੋਚਨਾਵਾਂ ਵਿਚ ਘਿਰੇ ਪੰਤ ਨੇ ਇਸ ਤੋਂ ਬਾਅਦ ਸਬਰ ਤੇ ਸਾਹਸ ਨਾਲ ਖੇਡਦੇ ਹੋਏ ਚੌਥੀ ਵਿਕਟ ਲਈ ਸੈਂਕੜੇ ਵਾਲੀ ਸਾਂਝੇਦਾਰੀ ਨਿਭਾਈ। 25 ਸਾਲਾ ਅਈਅਰ ਨੇ ਆਪਣੇ 10ਵੇਂ ਵਨ ਡੇ ਵਿਚ ਆਪਣਾ ਪੰਜਵਾਂ ਅਰਧ ਸੈਂਕੜਾ ਬਣਾਇਆ, ਜਦਕਿ ਆਪਣੀ ਖਰਾਬ ਫਾਰਮ ਨੂੰ ਲੈ ਕੇ ਲਗਾਤਾਰ ਆਲੋਚਨਾਵਾਂ ਦਾ ਸਾਹਮਣਾ ਕਰ ਰਹੇ 22 ਸਾਲਾ ਪੰਤ ਨੇ ਆਪਣੇ 13ਵੇਂ ਵਨ ਡੇ ਵਿਚ ਜਾ ਕੇ ਆਪਣਾ ਪਹਿਲਾ ਅਰਧ ਸੈਂਕੜਾ ਬਣਾਇਆ। ਪੰਤ ਦਾ ਇਸ ਤੋਂ ਪਹਿਲਾਂ ਸਰਵਸ੍ਰੇਸ਼ਠ ਸਕੋਰ 48 ਦੌੜਾਂ ਸੀ। ਅਈਅਰ ਨੇ 88 ਗੇਂਦਾਂ 'ਤੇ 70 ਦੌੜਾਂ ਵਿਚ 5 ਚੌਕੇ ਤੇ 1 ਛੱਕਾ ਲਾਇਆ, ਜਦਕਿ ਪੰਤ ਨੇ 69 ਗੇਂਦਾਂ 'ਤੇ 71 ਦੌੜਾਂ ਵਿਚ 7 ਚੌਕੇ ਤੇ 1 ਛੱਕਾ ਲਾਇਆ।
ਅਈਅਰ ਟੀਮ ਦੇ 194 ਤੇ ਪੰਤ 210 ਦੇ ਸਕੋਰ 'ਤੇ ਆਊਟ ਹੋਇਆ। ਅਈਅਰ ਨੂੰ ਅਲਜਾਰੀ ਜੋਸਫ ਤੇ ਪੰਤ ਨੂੰ ਕੀਰੋਨ ਪੋਲਾਰਡ ਨੇ ਆਊਟ ਕੀਤਾ। ਜੋਸਫ ਨੇ ਇਸ ਤੋਂ ਪਹਿਲਾਂ ਰੋਹਿਤ ਦੀ ਵੀ ਵਿਕਟ ਲਈ ਸੀ। ਦੋ ਟਿਕੇ ਹੋਏ ਬੱਲੇਬਾਜ਼ਾਂ ਦੇ 16 ਦੌੜਾਂ ਦੇ ਫਰਕ ਵਿਚ ਆਊਟ ਹੋਣ ਤੋਂ ਬਾਅਦ ਕੇਦਾਰ ਜਾਧਵ ਤੇ ਰਵਿੰਦਰ ਜਡੇਜਾ ਨੇ 6ਵੀਂ ਵਿਕਟ ਲਈ 59 ਦੌੜਾਂ ਜੋੜ ਕੇ ਭਾਰਤ ਨੂੰ ਚੁਣੌਤੀਪੂਰਨ ਸਕੋਰ ਵੱਲ ਵਧਾ ਦਿੱਤਾ। ਜਾਧਵ 40 ਦੌੜਾਂ ਬਣਾ ਕੇ ਛੇਵੇਂ ਬੱਲੇਬਾਜ਼ ਦੇ ਰੂਪ ਵਿਚ 48ਵੇਂ ਓਵਰ ਵਿਚ ਆਊਟ ਹੋਇਆ। ਇਸ ਤੋਂ ਬਾਅਦ ਅਗਲੀ ਗੇਂਦ 'ਤੇ ਜਡੇਜਾ ਰਨ ਆਊਟ ਹੋ ਗਿਆ। ਸ਼ਿਵਮ ਦੂਬੇ 6 ਗੇਂਦਾਂ 'ਤੇ ਇਕ ਚੌਕੇ ਦੇ ਸਹਾਰੇ 9 ਦੌੜਾਂ ਬਣਾ ਕੇ ਆਊਟ ਹੋਇਆ। ਦੀਪਕ ਚਾਹਰ 7 ਦੌੜਾਂ 'ਤੇ ਅਜੇਤੂ ਰਿਹਾ। ਭਾਰਤ ਦੀ ਪਾਰੀ ਵਿਚ 11 ਵਾਈਡ ਸਮੇਤ 24 ਵਾਧੂ ਦੌੜਾਂ ਦਾ ਵੀ ਮਹੱਤਵਪੂਰਨ ਯੋਗਦਾਨ ਰਿਹਾ।  

ਟੀਮਾਂ ਇਸ ਤਰ੍ਹਾਂ ਹਨ—
ਭਾਰਤ : ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਕੇ. ਐੱਲ. ਰਾਹੁਲ, ਸ਼੍ਰੇਅਸ ਅਈਅਰ, ਰਿਸ਼ਭ ਪੰਤ, ਸ਼ਿਵਮ ਦੂਬੇ, ਕੇਦਾਰ ਜਾਧਵ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਦੀਪਕ ਚਾਹਰ, ਮੁਹੰਮਦ ਸ਼ੰਮੀ।
ਵੈਸਟਇੰਡੀਜ਼ : ਕੀਰੋਨ ਪੋਲਾਰਡ (ਕਪਤਾਨ), ਸੁਨੀਲ ਅੰਬਰੀਸ਼, ਸ਼ਾਈ ਹੋਪ, ਰੋਸਟਨ ਚੇਜ਼,ਅਲਜਾਰੀ ਜੋਸਫ, ਸ਼ੈਲਡਨ ਕੋਟਰੈੱਲ, ਨਿਕੋਲਸ ਪੂਰਨ, ਸ਼ਿਮਰੋਨ ਹੈੱਟਮਾਇਰ, ਜੈਸਨ ਹੋਲਡਰ, ਕੀਮੋ ਪਾਲ, ਹੇਡਨ ਵਾਲਸ਼ ਜੂਨੀਅਰ।