IND vs WI : ਸੀਰੀਜ਼ ਬਚਾਉਣ ਲਈ ਭਾਰਤੀ ਗੇਂਦਬਾਜ਼ਾਂ ਨੂੰ ਕੱਸਣੀ ਹੋਵੇਗੀ ਕਮਰ

12/18/2019 2:34:25 AM

ਮੁੰਬਈ- ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਭਾਰਤੀ ਕ੍ਰਿਕਟ ਟੀਮ ਨੂੰ ਵੈਸਟਇੰਡੀਜ਼ ਖਿਲਾਫ ਆਪਣੀ ਵਨ ਡੇ ਸੀਰੀਜ਼ ਬਚਾਉਣ ਲਈ ਬੁੱਧਵਾਰ ਇਥੇ ਦੂਜੇ ਮੁਕਾਬਲੇ ਵਿਚ ਆਪਣੀ ਗੇਂਦਬਾਜ਼ੀ ਵਿਚ ਕਾਫੀ ਸੁਧਾਰ ਕਰਨਾ ਹੋਵੇਗਾ। ਭਾਰਤੀ ਟੀਮ ਨੂੰ ਚੇਨਈ ਵਿਚ ਖੇਡੇ ਗਏ ਪਹਿਲੇ ਵਨ ਡੇ ਵਿਚ ਵਿੰਡੀਜ਼ ਹੱਥੋਂ 8 ਵਿਕਟਾਂ ਨਾਲ ਕਰਾਰੀ ਹਾਰ ਮਿਲੀ ਸੀ। ਭਾਰਤੀ ਟੀਮ ਨੇ ਮੈਚ ਵਿਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 287 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ ਸੀ ਪਰ ਭਾਰਤੀ ਗੇਂਦਬਾਜ਼ ਇਸ ਸਕੋਰ ਨੂੰ ਬਚਾਅ ਨਹੀਂ ਸਕੇ ਸਨ। ਵਿੰਡੀਜ਼ ਨੇ 13 ਗੇਂਦਾਂ ਬਾਕੀ ਰਹਿੰਦਿਆਂ ਹੀ 291 ਦੌੜਾਂ ਬਣਾ ਕੇ ਮੈਚ ਜਿੱਤ ਲਿਆ ਸੀ। ਵਿੰਡੀਜ਼ ਲਈ 22 ਸਾਲਾ ਸ਼ਿਮਰੋਨ ਹੈੱਟਮਾਇਰ ਵਰਗੇ ਨੌਜਵਾਨ ਬੱਲੇਬਾਜ਼ ਨੇ ਤਜਰਬੇਕਾਰ ਭਾਰਤੀ ਗੇਂਦਬਾਜ਼ਾਂ ਨੂੰ ਹਰ ਦਿਸ਼ਾ ਵੱਲ ਸ਼ਾਟਸ ਖੇਡ ਕੇ ਪ੍ਰੇਸ਼ਾਨ ਕੀਤਾ ਅਤੇ 139 ਦੌੜਾਂ ਦੀ ਸੈਂਕੜੇ ਵਾਲੀ ਪਾਰੀ ਖੇਡੀ। ਇਸ ਵਿਚ 11 ਚੌਕੇ ਅਤੇ 7 ਛੱਕੇ ਸ਼ਾਮਲ ਸਨ। ਉਥੇ ਹੀ ਸ਼ਾਈ ਹੋਪ ਨੇ ਅਜੇਤੂ 102 ਦੌੜਾਂ ਦੀ ਪਾਰੀ ਖੇਡੀ। ਦੂਜੇ ਪਾਸੇ ਭਾਰਤੀ ਗੇਂਦਬਾਜ਼ਾਂ ਨੇ ਕਾਫੀ ਨਿਰਾਸ਼ ਕੀਤਾ ਅਤੇ ਮਹਿੰਗੇ ਸਾਬਿਤ ਹੋਏ।
ਸ਼ਿਵਮ ਦੂਬੇ ਨੇ 7.5 ਓਵਰਾਂ ਵਿਚ 68 ਦੌੜਾਂ ਦੀ ਸਭ ਤੋਂ ਮਹਿੰਗੀ ਗੇਂਦਬਾਜ਼ੀ ਕੀਤੀ ਅਤੇ ਕੋਈ ਵਿਕਟ ਵੀ ਨਹੀਂ ਕੱਢ ਸਕਿਆ। ਖੱਬੇ ਹੱਥ ਦਾ ਸਪਿਨਰ ਰਵਿੰਦਰ ਜਡੇਜਾ 10 ਓਵਰਾਂ ਵਿਚ 58 ਦੌੜਾਂ ਦੇ ਕੇ ਕੋਈ ਵਿਕਟ ਨਹੀਂ ਲੈ ਸਕਿਆ ਅਤੇ ਚਾਈਨਾਮੈਨ ਕੁਲਦੀਪ ਯਾਦਵ ਨੂੰ ਵੀ 45 ਦੌੜਾਂ 'ਤੇ ਕੋਈ ਵਿਕਟ ਨਹੀਂ ਮਿਲੀ। ਭਾਰਤੀ ਕ੍ਰਿਕਟ ਟੀਮ ਨੂੰ ਟੀ-20 ਸੀਰੀਜ਼ ਵਿਚ ਵੀ ਵੈਸਟਇੰਡੀਜ਼ ਤੋਂ ਕਾਫੀ ਚੁਣੌਤੀਆਂ ਮਿਲੀਆਂ ਸਨ। ਉਥੇ ਹੀ ਵਨ ਡੇ ਸੀਰੀਜ਼ ਵਿਚ ਵੀ ਮਹਿਮਾਨ ਟੀਮ ਨੇ ਸ਼ਾਨਦਾਰ ਸ਼ੁਰੂਆਤ ਕੀਤੀ ਹੈ ਅਤੇ 1-0 ਨਾਲ ਬੜ੍ਹਤ ਬਣਾ ਚੁੱਕੀ ਹੈ। ਖੁਦ ਕਪਤਾਨ ਵਿਰਾਟ ਨੇ ਵੀ ਪਹਿਲੇ ਵਨ ਡੇ ਤੋਂ ਬਾਅਦ ਵਿੰਡੀਜ਼ ਬੱਲੇਬਾਜ਼ਾਂ ਦੀ ਤਾਰੀਫ ਕੀਤੀ ਸੀ। ਉਸ ਨੇ ਮੰਨਿਆ ਕਿ ਗੇਂਦਬਾਜ਼ਾਂ ਨੂੰ ਉਨ੍ਹਾਂ ਨੇ ਹਰ ਖੇਤਰ ਵਿਚ ਹਿੱਟ ਕੀਤਾ।
ਚੇਨਈ ਦੀ ਪਿੱਚ ਜਿੱਥੇ ਹੌਲੀ ਸੀ, ਉਥੇ ਹੀ ਏ. ਸੀ. ਏ.-ਵੀ. ਡੀ. ਸੀ. ਏ. ਸਟੇਡੀਅਮ ਵਿਚ ਵੱਡੇ ਸਕੋਰ ਦਾ ਅੰਦਾਜ਼ਾ ਹੈ। ਬੱਲੇਬਾਜ਼ਾਂ ਲਈ ਇਹ ਜ਼ਿਆਦਾ ਮਦਦਗਾਰ ਰਹਿ ਸਕਦਾ ਹੈ। ਅਜਿਹੀ ਹਾਲਤ 'ਚ ਭਾਰਤੀ ਗੇਂਦਬਾਜ਼ੀ ਵਿਭਾਗ ਵਿਚ ਪੰਜਵੇਂ ਵਿਸ਼ੇਸ਼ ਗੇਂਦਬਾਜ਼ੀ ਬਦਲ ਨੂੰ ਜਗ੍ਹਾ ਦਿੱਤੀ ਜਾ ਸਕਦੀ ਹੈ। ਕੈਰੇਬੀਆਈ ਬੱਲੇਬਾਜ਼ ਆਮ ਤੌਰ 'ਤੇ ਭਾਰਤੀ ਮੈਦਾਨਾਂ 'ਤੇ ਹਮਲਾਵਰਤਾ  ਨਾਲ ਖੇਡਣ ਦੇ ਸਮਰੱਥ ਰਹਿੰਦੇ ਹਨ। ਇਸ ਲਈ ਗੇਂਦਬਾਜ਼ਾਂ ਦੇ ਪ੍ਰਦਰਸ਼ਨ 'ਤੇ ਕਾਫੀ ਕੁਝ ਨਿਰਭਰ ਕਰੇਗਾ।
ਦੂਜੇ ਪਾਸੇ ਵਿੰਡੀਜ਼ ਟੀਮ ਨਿਸ਼ਚਿਤ ਹੀ ਟੀ-20 ਸੀਰੀਜ਼ ਦੀ ਗਲਤੀ ਤੋਂ ਸਬਕ ਲੈਂਦੇ ਹੋਏ ਵਨ ਡੇ ਸੀਰੀਜ਼ ਨੂੰ ਕਬਜ਼ੇ 'ਚ ਲੈਣ ਲਈ 'ਕਰੋ ਜਾਂ ਮਰੋ' ਦੇ ਮੁਕਾਬਲੇ ਵਿਚ ਪੂਰੀ ਮਜ਼ਬੂਤੀ ਨਾਲ ਉਤਰੇਗੀ। ਪਿਛਲੇ ਮੈਚ ਦੇ ਪ੍ਰਦਰਸ਼ਨ ਤੋਂ ਬਾਅਦ ਉਸ ਦਾ ਹੌਸਲਾ ਹੋਰ ਵਧਿਆ ਹੈ ਅਤੇ ਹੋਪ, ਹੈੱਟਮਾਇਰ, ਸੁਨੀਲ ਐਂਬਰੀਸ਼, ਰੋਸਟਨ ਚੇਜ਼ ਅਤੇ ਕਪਤਾਨ ਕੀਰੋਨ ਪੋਲਾਰਡ ਵਰਗੇ ਬੱਲੇਬਾਜ਼ਾਂ ਦੀ ਮਦਦ ਨਾਲ ਉਹ ਪੂਰੀ ਹਮਲਾਵਰਤਾ ਨਾਲ ਪ੍ਰਦਰਸ਼ਨ ਕਰੇਗੀ।
ਸੰਭਾਵਿਤ ਟੀਮਾਂ-
ਭਾਰਤ

ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਮਯੰਕ ਅਗਰਵਾਲ, ਲੋਕੇਸ਼ ਰਾਹੁਲ, ਸ਼੍ਰੇਅਸ ਅਈਅਰ, ਮਨੀਸ਼ ਪਾਂਡੇ, ਰਿਸ਼ਭ ਪੰਤ, ਸ਼ਿਵਮ ਦੁਬੇ, ਕੇਦਾਰ ਯਾਦਵ, ਰਵਿੰਦਰ ਜਡੇਜਾ, ਯੁਜਵਿੰਦਰ ਚਾਹਲ, ਕੁਲਦੀਪ ਯਾਦਵ, ਦੀਪਕ ਚਹਾਰ, ਮੁਹੰਮਦ ਸ਼ਮੀ ਅਤੇ ਸ਼ਾਰਦੁਲ ਠਾਕੁਰ।
ਵੈਸਟਇੰਡੀਜ਼
ਕੀਰੋਨ ਪੋਲਾਰਡ (ਕਪਤਾਨ), ਸੁਨੀਲ ਐਂਬ੍ਰਿਸ਼, ਸ਼ਾਈ ਹੋਪ, ਸ਼ੈਰੀ ਪਿਯਰੇ, ਰੋਸਟਨ ਚੇਸ, ਅਲਜਾਰੀ ਜੋਸੇਫ, ਸ਼ੈਲਡਨ ਕੋਟ੍ਰੋਲ, ਬ੍ਰੈਂਡਨ ਕਿੰਗ, ਨਿਕੋਲਸ ਪੂਰਨ, ਸ਼ਿਮਰਾਨ ਹੇਟਮਾਇਰ, ਏਵਿਨ ਲੁਈਸ, ਰੋਮਾਰੀਓ ਸ਼ੈਫਰਡ, ਜੇਸਨ ਹੋਲਡਰ, ਕੀਮੋ ਪਾਲ ਅਤੇ ਹੇਡਨ ਵਾਲਸ਼ ਜੂਨੀਅਰ।

Gurdeep Singh

This news is Content Editor Gurdeep Singh