IND v SL 2nd T20 : ਭਾਰਤ ਨੇ ਸ਼੍ਰੀਲੰਕਾ ਨੂੰ 7 ਵਿਕਟਾਂ ਨਾਲ ਹਰਾਇਆ

01/07/2020 10:09:59 PM

ਇੰਦੌਰ- ਤੇਜ਼ ਗੇਂਦਬਾਜ਼ ਸ਼ਾਰਦੁਲ ਠਾਕੁਰ (23 ਦੌੜਾਂ 'ਤੇ 3 ਵਿਕਟਾਂ) ਦੇ ਇਕ ਓਵਰ ਵਿਚ 3 ਵਿਕਟਾਂ ਲੈਣ, ਤੇਜ਼ ਗੇਂਦਬਾਜ਼ ਨਵਦੀਪ ਸੈਣੀ (18 ਦੌੜਾਂ 'ਤੇ 2 ਵਿਕਟਾਂ) ਦੀ ਕੰਜੂਸੀ ਭਾਰੀ ਗੇਂਦਬਾਜ਼ੀ ਤੇ ਓਪਨਰ ਲੋਕੇਸ਼ ਰਾਹੁਲ ਦੀ 45 ਦੌੜਾਂ ਦੀ ਬਿਹਤਰੀਨ ਪਾਰੀ ਦੀ ਬਦੌਲਤ ਭਾਰਤ ਨੇ ਸ਼੍ਰੀਲੰਕਾ ਨੂੰ ਦੂਜੇ ਟੀ-20 ਮੁਕਾਬਲੇ ਵਿਚ ਮੰਗਲਵਾਰ ਨੂੰ 7 ਵਿਕਟਾਂ ਨਾਲ ਹਰਾ ਕੇ 3 ਮੈਚਾਂ ਦੀ ਸੀਰੀਜ਼ ਵਿਚ 1-0 ਦੀ ਬੜ੍ਹਤ ਬਣਾ ਲਈ। ਭਾਰਤ ਤੇ ਸ਼੍ਰੀਲੰਕਾ ਵਿਚਾਲੇ ਗੁਹਾਟੀ ਵਿਚ ਪਹਿਲਾ ਮੁਕਾਬਲਾ ਮੀਂਹ ਤੇ ਗਿੱਲੇ ਮੈਦਾਨ  ਕਾਰਣ ਰੱਦ ਹੋ ਗਿਆ ਸੀ ਪਰ ਦੂਜੇ ਮੁਕਾਬਲੇ ਵਿਚ ਭਾਰਤੀ ਟੀਮ ਨੇ ਪਹਿਲਾਂ ਗੇਂਦ ਤੇ ਫਿਰ ਬੱਲੇ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ। ਭਾਰਤ ਨੇ ਸ਼੍ਰੀਲੰਕਾ ਨੂੰ 20 ਓਵਰਾਂ ਵਿਚ 9 ਵਿਕਟਾਂ 'ਤੇ 142 ਦੌੜਾਂ ਦੇ ਸਕੋਰ 'ਤੇ ਰੋਕਣ ਤੋਂ ਬਾਅਦ 17.3 ਓਵਰਾਂ ਵਿਚ 3 ਵਿਕਟਾਂ ਦੇ ਨੁਕਸਾਨ 'ਤੇ 144 ਦੌੜਾਂ ਬਣਾ ਕੇ ਆਸਾਨ ਜਿੱਤ ਹਾਸਲ ਕਰ ਲਈ। ਇਸ ਤਰ੍ਹਾਂ ਭਾਰਤ ਨੇ ਇਸ ਸਾਲ ਆਪਣੀ ਪਹਿਲੀ ਜਿੱਤ ਦਰਜ ਕਰਦਿਆਂ 2020 ਦਾ ਜੇਤੂ ਆਗਾਜ਼ ਕੀਤਾ।

ਸੈਣੀ ਨੂੰ ਉਸਦੀ ਸ਼ਾਨਦਾਰ ਗੇਂਦਬਾਜ਼ੀ ਲਈ 'ਮੈਨ ਆਫ ਦਿ ਮੈਚ' ਦਾ ਐਵਾਰਡ ਦਿੱਤਾ ਗਿਆ। ਵਿਰਾਟ ਨੇ ਭਾਰਤ ਦੇ ਪ੍ਰਦਰਸ਼ਨ ਨੂੰ ਸ਼ਾਨਦਾਰ ਦੱਸਿਆ ਤੇ ਕਿਹਾ ਕਿ ਇਹ ਟੀਮ ਲਈ ਚੰਗਾ ਸੰਕੇਤ ਹੈ। ਓਪਨਰ ਲੋਕੇਸ਼ ਰਾਹੁਲ ਨੇ 45, ਸ਼ਿਖਰ ਧਵਨ ਨੇ 32, ਸ਼੍ਰੇਅਸ ਅਈਅਰ ਨੇ 34 ਤੇ ਕਪਤਾਨ ਵਿਰਾਟ ਕੋਹਲੀ ਨੇ ਅਜੇਤੂ 30 ਦੌੜਾਂ ਬਣਾਈਆਂ। ਰਾਹੁਲ ਤੇ ਸ਼ਿਖਰ ਨੇ ਪਹਿਲੀ ਵਿਕਟ ਲਈ 71 ਦੌੜਾਂ ਜੋੜ ਕੇ ਭਾਰਤ ਦੀ ਜਿੱਤ ਦੀ ਨੀਂਹ ਰੱਖੀ, ਜਦਕਿ ਅਈਅਰ ਤੇ ਵਿਰਾਟ ਨੇ ਤੀਜੀ ਵਿਕਟ ਲਈ ਸਾਂਝੇਦਾਰੀ ਵਿਚ 51 ਦੌੜਾਂ ਜੋੜ ਕੇ ਭਾਰਤ ਨੂੰ ਜਿੱਤ ਦੀ ਮੰਜ਼ਿਲ ਦੇ ਨੇੜੇ ਪਹੁੰਚਾ ਦਿੱਤਾ। ਕਪਤਾਨ ਵਿਰਾਟ ਨੇ ਜੇਤੂ ਛੱਕਾ ਮਾਰਿਆ।  ਛੋਟੇ ਟੀਚੇ ਦਾ ਪਿੱਛਾ ਕਰਦਿਆਂ ਭਾਰਤ ਨੇ ਚੰਗੀ ਸ਼ੁਰੂਆਤ ਕੀਤੀ । ਸ਼ਾਨਦਾਰ ਫਾਰਮ ਵਿਚ ਚੱਲ ਰਹੇ ਰਾਹੁਲ ਨੇ ਸ਼੍ਰੀਲੰਕਾ ਦੇ ਕਪਤਾਨ ਮਲਿੰਗਾ ਦੀਆਂ ਗੇਂਦਾਂ 'ਤੇ ਲਗਾਤਾਰ 2 ਚੌਕੇ ਲਾ ਕੇ ਆਪਣੇ ਇਰਾਦੇ ਜ਼ਾਹਿਰ ਕਰ ਦਿੱਤੇ ਸਨ। ਸੀਮਤ ਓਵਰਾਂ ਦੇ ਉਪ ਕਪਤਾਨ ਰੋਹਿਤ ਸ਼ਰਮਾ ਨੂੰ ਇਸ ਸੀਰੀਜ਼ ਤੋਂ ਆਰਾਮ ਦਿੱਤੇ ਜਾਣ ਤੋਂ ਬਾਅਦ ਖੱਬੇ ਹੱਥ ਦੇ ਓਪਨਰ ਸ਼ਿਖਰ ਧਵਨ ਨੂੰ ਇਸ ਸੀਰੀਜ਼ ਵਿਚ ਮੌਕਾ ਮਿਲਿਆ, ਜਿਸਦਾ ਉਸ ਨੇ ਪੂਰਾ ਫਾਇਦਾ ਚੁੱਕਿਆ। ਸ਼ਿਖਰ ਸੱਟ ਤੋਂ ਉਭਰਨ ਤੋਂ ਬਾਅਦ ਇਸ ਸੀਰੀਜ਼ ਵਿਚ ਵਾਪਸੀ ਕਰ ਰਿਹਾ ਸੀ।  


ਇਸ ਤੋਂ ਪਹਿਲਾਂ ਸ਼੍ਰੀਲੰਕਾ ਨੇ ਟਾਸ ਗੁਆਉਣ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਯਮਿਤ ਫਰਕ ਵਿਚ ਵਿਕਟਾਂ ਗੁਆਈਆਂ। ਉਸ ਦੇ ਚੋਟੀਕ੍ਰਮ ਦੇ ਬੱਲੇਬਾਜ਼ਾਂ ਦਾਨੁਸ਼ਾ ਗੁਣਾਥਿਲਾਕਾ (20), ਅਵਿਸ਼ਕਾ ਫਰਨਾਂਡੋ (22) ਅਤੇ ਕੁਸ਼ਾਲ ਪਰੇਰਾ (34) ਨੇ ਚੰਗੀ ਸ਼ੁਰੂਆਤ ਕੀਤੀ ਪਰ ਭਾਰਤੀ ਗੇਂਦਬਾਜ਼ਾਂ ਨੇ ਉਨ੍ਹਾਂ ਨੂੰ ਆਪਣੇ ਸਕੋਰ ਨੂੰ ਵੱਡੇ ਸਕੋਰ ਵਿਚ ਬਦਲਣ ਨਹੀਂ ਦਿੱਤਾ। ਵਾਹਿੰਦੁ ਹਸਰੰਗਾ (ਅਜੇਤੂ 16) ਨੇ ਬੁਮਰਾਹ ਦੀਆਂ ਆਖਰੀ ਤਿੰਨ ਗੇਂਦਾਂ 'ਤੇ ਚੌਕੇ ਲਾ ਕੇ ਟੀਮ ਨੂੰ ਕੁਝ ਸਨਮਾਨਜਨਕ ਸਕੋਰ ਤਕ ਪਹੁੰਚਾਇਆ। ਧਨੰਜਯ ਡਿਸਿਲਵਾ (17) ਅਤੇ ਓਸ਼ਾਦੋ ਫਰਨਾਂਡੋ (10) ਦੋਹਰੇ ਅੰਕ 'ਚ ਪਹੁੰਚਣ ਵਾਲੇ ਹੋਰ ਬੱਲੇਬਾਜ਼ ਸਨ।
ਸ਼੍ਰੀਲੰਕਾ ਨੇ ਚੰਗੀ ਸ਼ੁਰੂਆਤ ਕੀਤੀ ਅਤੇ ਪਹਿਲੇ 6 ਓਵਰਾਂ ਵਿਚ 1 ਵਿਕਟ 'ਤੇ 48 ਦੌੜਾਂ ਬਣਾਈਆਂ। ਇਸ ਵਿਚਾਲੇ ਅਵਿਸ਼ਕਾ ਫਰਨਾਂਡੋ ਨੇ ਕੁਝ ਚੰਗੀਆਂ ਸ਼ਾਟਾਂ ਲਾਈਆਂ ਪਰ ਉਹ ਸੁੰਦਰ ਦੀ ਬਾਲ 'ਤੇ ਲੰਬੀ ਸ਼ਾਟ ਲਾਉਣ ਦੀ ਕੋਸ਼ਿਸ਼ ਵਿਚ ਆਪਣੀ ਵਿਕਟ ਗੁਆ ਬੈਠਾ। ਸੈਣੀ ਨੇ ਆਪਣੇ ਸਿਰ ਤੋਂ ਉੱਪਰ ਜਾ ਰਹੀ ਗੇਂਦ ਨੂੰ ਖੂਬਸੂਰਤੀ ਨਾਲ ਕੈਚ ਵਿਚ ਬਦਲਿਆ। ਸੈਣੀ ਨੇ ਇਸ ਤੋਂ ਬਾਅਦ ਗੁਣਾਥਿਲਾਕਾ ਨੂੰ ਯਾਰਕਰ 'ਤੇ ਬੋਲਡ ਕੀਤਾ। ਕੁਲਦੀਪ ਨੇ ਓਸ਼ਾਦੋ ਫਰਨਾਂਡੋ ਨੂੰ ਆਪਣੀ ਗੁਗਲੀ ਦੇ ਜਾਲ ਵਿਚ ਫਸਾਇਆ ਅਤੇ ਅਗਲੇ ਓਵਰ ਵਿਚ ਕੁਸ਼ਾਲ ਪਰੇਰਾ ਨੂੰ ਪੈਵੇਲੀਅਨ ਭੇਜਿਆ, ਜਿਹੜਾ ਇਸ ਚਾਈਨਾਮੈਨ ਸਪਿਨਰ ਵਿਰੁੱਧ ਖੁੱਲ੍ਹ ਕੇ ਖੇਡ ਰਿਹਾ ਸੀ। ਠਾਕੁਰ ਨੇ 19ਵੇਂ ਓਵਰ ਵਿਚ 3 ਵਿਕਟਾਂ ਲੈ ਕੇ ਸ਼੍ਰੀਲੰਕਾ ਦੀਆਂ 150 ਦੌੜਾਂ ਤਕ ਪਹੁੰਚਣ ਦੀਆਂ ਉਮੀਦਾਂ ਪੂਰੀਆਂ ਨਹੀਂ ਹੋਣ ਦਿੱਤੀਆਂ।  

ਟੀਮਾਂ:
ਭਾਰਤ : ਵਿਰਾਟ ਕੋਹਲੀ (ਕਪਤਾਨ), ਸ਼ਿਖਰ ਧਵਨ, ਲੋਕੇਸ਼ ਰਾਹੁਲ, ਸ਼੍ਰੇਅਸ ਅਈਅਰ, ਰਿਸ਼ਭ ਪੰਤ (ਵਿਕਟਕੀਪਰ), ਸ਼ਿਵਮ ਦੂਬੇ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਸ਼ਾਰਦੁਲ ਠਾਕੁਰ, ਨਵਦੀਪ ਸੈਣੀ ਤੇ ਵਾਸ਼ਿੰਗਟਨ ਸੁੰਦਰ।
ਸ਼੍ਰੀਲੰਕਾ : ਲਸਿਥ ਮਲਿੰਗਾ (ਕਪਤਾਨ), ਧਨੁਸ਼ਕਾ ਗੁਣਾਥਿਲਕਾ, ਅਵਿਸ਼ਕਾ ਫਰਨਾਂਡੋ, ਦਾਸੁਨ ਸ਼ਨਾਕਾ, ਕੁਸ਼ਲ ਪਰੇਰਾ, ਧਨੰਜਯ ਡਿਸਲਵਾ, ਇਸਰੂ ਉਡਾਨਾ, ਭਾਨੁਕਾ ਰਾਜਪਕਸ਼ੇ, ਓਸ਼ਦਾ ਫਰਨਾਂਡੋ, ਵਾਨਿੰਦੁ ਹਸਰੰਗਾ, ਲਾਹਿਰੂ ਕੁਮਾਰਾ।