IND vs SL : ਖਰਾਬ ਲਾਈਟ ਕਾਰਨ ਪਹਿਲੇ ਟੈਸਟ ਦੇ ਤੀਜੇ ਦਿਨ ਦਾ ਖੇਡ ਖਤਮ

11/18/2017 4:36:55 PM

ਕੋਲਕਾਤਾ (ਬਿਊਰੋ)— ਸ਼੍ਰੀਲੰਕਾ ਖਿਲਾਫ ਪਹਿਲੇ ਟੈਸ‍ਟ ਵਿਚ ਭਾਰਤੀ ਟੀਮ ਦੀ ਪਹਿਲੀ ਪਾਰੀ 172 ਦੌਡ਼ਾਂ ਉੱਤੇ ਸਮਾਪਤ ਹੋਈ। ਮੀਂਹ ਅਤੇ ਖ਼ਰਾਬ ਰੋਸ਼ਨੀ ਕਾਰਨ ਪਹਿਲੇ ਦਿਨ ਸਿਰਫ 12 ਓਵਰਾਂ ਦਾ ਖੇਡ ਸੰਭਵ ਹੋ ਪਾਇਆ ਸੀ ਜਿਸ ਵਿਚ ਭਾਰਤੀ ਟੀਮ ਨੇ ਸਿਰਫ਼ 17 ਦੌੜਾਂ ਦੇ ਸ‍ਕੋਰ ਉੱਤੇ ਤਿੰਨ ਮਹੱਤ‍ਵਪੂਰਨ ਵਿਕਟਾਂ ਗੁਆ ਦਿੱਤੀਆਂ ਸਨ। ਟੀਮ ਨੇ ਪਹਿਲੇ ਦਿਨ ਕੇ.ਐੱਲ. ਰਾਹੁਲ (0), ਸ਼ਿਖਰ ਧਵਨ (8) ਅਤੇ ਕਪ‍ਤਾਨ ਵਿਰਾਟ ਕੋਹਲੀ ਦੇ ਵਿਕਟ ਗੁਆਏ ਸਨ। 

ਦੂਜੇ ਦਿਨ ਦੀ ਖੇਡ ਸ਼ੁਰੂ ਹੁੰਦੇ ਹੀ ਭਾਰਤ ਨੂੰ ਰਹਾਣੇ (4 ਦੌਡ਼ਾਂ) ਦੇ ਰੂਪ ਵਿਚ ਇਕ ਹੋਰ ਝਟਕਾ ਲੱਗਾ। ਭਾਰਤ ਵਲੋਂ ਅਸ਼ਵਿਨ ਵੀ ਕੁਝ ਖਾਸ ਨਾ ਕਰ ਸਕੇ ਤੇ ਉਹ ਵੀ 4 ਦੌਡ਼ਾਂ ਬਣ ਕੇ ਆਊਟ ਹੋ ਗਏ। ਦੱਸ ਦਈਏ ਕਿ ਦੂਜੇ ਦਿਨ ਦੀ ਖੇਡ ਵਿਚ ਇਕ ਵਾਰ ਫਿਰ ਮੀਂਹ ਦੇ ਚੱਲਦੇ ਮੈਚ ਬੰਦ ਕਰਾਉਣਾ ਪਿਆ। ਭਾਰਤ ਨੂੰ 74 ਦੇ ਸਕੋਰ ਉੱਤੇ 5 ਵੱਡੇ ਝਟਕੇ ਮਿਲ ਚੁੱਕੇ ਸਨ।

 

ਤੀਜੇ ਦਿਨ ਦੀ ਸ਼ੁਰੂਆਤ 'ਚ ਭਾਰਤੀ ਟੀਮ ਤੋਂ ਵਾਪਸੀ ਦੀ ਉਮੀਦ ਲਗਾਈ ਜਾ ਰਹੀ ਸੀ ਪਰ ਇਕ ਵਾਰ ਫਿਰ ਭਾਰਤੀ ਬੱਲੇਬਾਜ਼ ਸ਼੍ਰੀਲੰਕਾਈ ਗੇਂਦਬਾਜ਼ਾਂ ਅੱਗੇ ਆਪਣੇ ਗੋਢੇ ਟੇਕਦੇ ਨਜ਼ਰ ਆਏ। ਤੀਜੇ ਦਿਨ ਦੀ ਸ਼ੁਰੂਆਤ 'ਚ ਜਦੋਂ ਭਾਰਤ ਨੇ 74 ਦੇ ਸਕੋਰ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਤਾਂ ਭਾਰਤ ਨੇ 79 ਦੇ ਸਕੋਰ 'ਤੇ ਹੀ ਪੁਜਾਰਾ (52) ਦੇ ਰੂਪ 'ਚ ਆਪਣਾ ਅਹਿਮ ਵਿਕਟ ਗੁਆ ਦਿੱਤਾ। ਉਸਦੇ ਬਾਅਦ ਸਾਹਾ (29) ਤੇ ਜਡੇਜਾ (22) ਨੇ ਪਾਰੀ ਨੂੰ ਸੰਭਾਲਿਆ ਪਰ ਉਹ ਵੀ ਸ਼੍ਰੀਲੰਕਾਈ ਸਪਿਨਰ ਦਿਲਰੂਵਾਨ ਪਰੇਰਾ ਨੂੰ ਆਪਣਾ ਵਿਕਟ ਦੇ ਕੇ ਚਲਦੇ ਬਣੇ। ਇਨ੍ਹਾਂ ਤੋਂ ਬਾਅਦ ਭੁਵਨੇਸ਼ਵਰ 13, ਸ਼ਮੀ 24 ਤੇ ਉਮੇਸ਼ ਜਾਧਵ ਨੇ ਅਜੇਤੂ ਰਹਿੰਦੇ 6 ਦੌਡ਼ਾਂ ਦਾ ਯੋਗਦਾਨ ਦਿੱਤਾ।

ਇਸ ਤਰ੍ਰਾਂ ਭਾਰਤ ਦੀ ਪਹਿਲੀ ਪਾਰੀ 172 ਦੌਡ਼ਾਂ ਉੱਤੇ ਸਮਾਪਤ ਹੋਈ। ਸ਼੍ਰੀਲੰਕਾਈ ਗੇਂਦਬਾਜ਼ ਸੁਰੰਗਾ ਲਕਮਲ ਨੇ 4, ਲਾਹਿਰੂ ਗਮਾਗੇ, ਦਿਲਰੂਵਾਨ ਪਰੇਰਾ ਤੇ ਦਾਸੁਨ ਸ਼ਾਨਾਕਾ ਨੇ 2-2 ਵਿਕਟਾਂ ਝਟਕਾਈਆਂ। ਦਿਮੁਥ ਕਰੁਣਾਰਤਨੇ ਤੇ ਰੰਗਨਾ ਹੇਰਾਥ ਨੂੰ ਬਿਨ੍ਹਾਂ ਵਿਕਟ ਦੇ ਹੀ ਸੰਤੁਸ਼ਟ ਹੋਣਾ ਪਿਆ।

ਜਵਾਬ ਵਿਚ ਪਹਿਲੀ ਪਾਰੀ ਦੌਰਾਨ ਸ਼੍ਰੀਲੰਕਾ ਨੇ 29 ਦੇ ਸਕੋਰ ਉੱਤੇ ਕਰੁਣਾਰਤਨੇ ਦੇ ਰੂਪ ਵਿਚ ਪਹਿਲਾ ਵਿਕਟ ਗੁਆਇਆ ਤੇ ਉਸ ਤੋਂ ਬਾਅਦ ਸਦੀਰਾ ਨੂੰ ਵੀ ਭੁਵੀ ਨੇ ਹੀ ਆਊਟ ਕੀਤਾ। ਲਾਹਿਰੂ ਥਿਰੀਮਾਨੇ 51 ਤੇ ਐਂਜਿਲੋ ਮੈਥਿਊਜ਼ 52 ਦੇ ਸਕੋਰ 'ਤੇ ਉਮੇਸ਼ ਯਾਦਵ ਦਾ ਸ਼ਿਕਾਰ ਹੋਏ।
 

ਲਾਈਟ ਦੀ ਵਜ੍ਹਾ ਨਾਲ ਤੀਜੇ ਦਿਨ ਦੀ ਖੇਡ ਵਿਚਾਲੇ ਰੋਕਣੀ ਪਈ ਜਿਸ 'ਚ ਸ਼੍ਰੀਲੰਕਾ ਨੇ 165 ਦੇ ਸਕੋਰ 'ਤੇ ਆਪਣੇ ਅਹਿਮ 4 ਵਿਕਟ ਗੁਆ ਲਏ ਹਨ ਤੇ ਕਰੀਜ਼ 'ਤੇ ਦਿਨੇਸ਼ ਚਾਂਦੀਮਲ 13 ਤੇ ਨਿਰੋਸ਼ਨ ਡਿਕਵੇਲਾ 14 ਦੌੜਾਂ ਬਣਾ ਕੇ ਖੇਡ ਰਹੇ ਹਨ।