IND vs SL: ਧਰਮਸ਼ਾਲਾ ਵਨਡੇ ''ਚ ਟਾਸ ਹੀ ਹੋਵੇਗਾ ਮੈਚ ਦਾ ਬੌਸ

12/09/2017 1:46:29 PM

ਧਰਮਸ਼ਾਲਾ, (ਬਿਊਰੋ)— ਦਸੰਬਰ ਦੀਆਂ ਸਰਦ ਹਵਾਵਾਂ ਦੇ ਵਿਚਾਲੇ ਧਰਮਸ਼ਾਲਾ 'ਚ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਹੋਣ ਵਾਲੇ ਪਹਿਲੇ ਵਨ-ਡੇ 'ਚ ਟਾਸ ਜਿੱਤਣ ਵਾਲੀ ਟੀਮ ਨੂੰ ਫਾਇਦਾ ਮਿਲ ਸਕਦਾ ਹੈ। ਇੱਥੇ ਤ੍ਰੇਲ ਦੀ ਅਹਿਮ ਭੂਮਿਕਾ ਹੋਵੇਗੀ। ਤ੍ਰੇਲ ਦੀ ਸਥਿਤੀ ਨੂੰ ਦੇਖਦੇ ਹੋਏ ਬੀ.ਸੀ.ਸੀ.ਆਈ. ਨੇ ਮੋਹਾਲੀ ਅਤੇ ਧਰਮਸ਼ਾਲਾ 'ਚ ਹੋਣ ਵਾਲੇ ਵਨਡੇ ਮੁਕਾਬਲਿਆਂ ਨੂੰ ਦੋ ਘੰਟੇ ਪਹਿਲੇ ਸ਼ੁਰੂ ਕਰਨ ਦਾ ਫੈਸਲਾ ਕੀਤਾ ਸੀ ਪਰ ਇਸ ਦੇ ਬਾਵਜੂਦ ਦੂਜੀ ਪਾਰੀ 'ਚ ਤ੍ਰੇਲ ਦੀ ਅਹਿਮ ਭੂਮਿਕਾ ਹੋਵੇਗੀ। ਤ੍ਰੇਲ ਦੀ ਭੂਮਿਕਾ ਘੱਟ ਕਰਨ ਲਈ ਹੀ ਬੀ.ਸੀ.ਸੀ.ਆਈ. ਨੇ ਸੀਰੀਜ਼ ਦੇ ਸ਼ੁਰੂਆਤੀ ਦੋ ਵਨ-ਡੇ ਦੁਪਹਿਰ ਡੇਢ ਦੀ ਬਜਾਏ ਸਵੇਰੇ 11.30 ਵਜੇ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।

ਪਿੱਚ 'ਤੇ ਹੋ ਸਕਦੀ ਹੈ ਘਾਹ
ਵੈਸੇ ਇੱਥੇ ਦੀ ਪਿੱਚ ਨੂੰ ਤੇਜ਼ ਗੇਂਦਬਾਜ਼ਾਂ ਦੀ ਮਦਦਗਾਰ ਮੰਨਿਆ ਜਾਂਦਾ ਹੈ ਅਤੇ ਇਸ ਮੌਸਮ 'ਚ ਪਿੱਚ 'ਚ ਬਹੁਤ ਜ਼ਿਆਦਾ ਨਮੀ ਰਹਿੰਦੀ ਹੈ। ਹੁਣ ਦੇਖਣਾ ਇਹ ਹੈ ਕਿ ਕੀ ਪਿੱਚ ਕਿਊਰੇਟਰ ਦੱਖਣੀ ਅਫਰੀਕਾ ਦੌਰੇ ਦੀਆਂ ਤਿਆਰੀਆਂ ਨੂੰ ਦੇਖਦੇ ਹੋਏ ਪਿੱਚ 'ਤੇ ਘਾਹ ਛੱਡਦੇ ਹਨ ਜਾਂ ਬੱਲੇਬਾਜ਼ੀ ਦੀ ਮਦਦਗਾਰ ਪਿੱਚ ਬਣਾਈ ਜਾਵੇਗੀ। ਹਾਲਾਂਕਿ ਭਾਰਤੀ ਗੇਂਦਬਾਜ਼ੀ ਲਾਈਨਅਪ ਨੂੰ ਦੇਖਦੇ ਹੋਏ ਇੱਥੇ ਵੀ ਤੇਜ਼ ਗੇਂਦਬਾਜ਼ਾਂ ਨੂੰ ਮਦਦ ਮਿਲਦੀ ਦਿਖਾਈ ਦੇ ਸਕਦੀ ਹੈ। ਜੇਕਰ ਇੱਥੇ ਪਹਿਲੇ ਬੱਲੇਬਾਜ਼ੀ ਕਰਨ ਵਾਲੀ ਟੀਮ ਪੂਰੇ 50 ਓਵਰ ਖੇਡਦੀ ਹੈ ਤਾਂ ਦੂਜੀ ਪਾਰੀ ਸ਼ਾਮ ਨੂੰ ਲਗਭਗ ਚਾਰ ਵਜੇ ਸ਼ੁਰੂ ਹੋਵੇਗੀ। ਦੂਜੀ ਪਾਰੀ 'ਚ ਬੱਲੇਬਾਜ਼ੀ ਕਰਨ ਵਾਲੀ ਟੀਮ ਨੂੰ ਤ੍ਰੇਲ ਦਾ ਫਾਇਦਾ ਮਿਲ ਸਕਦਾ ਹੈ। ਅਜਿਹੇ 'ਚ ਜੋ ਟੀਮ ਟਾਸ ਜਿੱਤੇਗੀ ਉਹ ਪਹਿਲੇ ਫੀਲਡਿੰਗ ਕਰਨ ਦਾ ਫੈਸਲਾ ਕਰ ਸਕਦੀ ਹੈ।