IND vs SA 3rd T20I : ਭਾਰਤ ਨੇ ਜਿੱਤਿਆ ਤੀਸਰਾ ਟੀ-20, ਸੀਰੀਜ਼ 2-1 'ਤੇ ਟਿਕੀ

06/14/2022 10:54:43 PM

ਸਪੋਰਟਸ ਡੈਸਕ- ਸਲਾਮੀ ਬੱਲੇਬਾਜ਼ਾਂ ਰਿਤੂਰਾਜ ਗਾਇਕਵਾੜ (57) ਤੇ ਇਸ਼ਾਨ ਕਿਸ਼ਨ (54) ਦੇ ਸ਼ਾਨਦਾਰ ਅਰਧ ਸੈਂਕੜਿਆਂ ਤੋਂ ਬਾਅਦ ਤੇਜ਼ ਗੇਂਦਬਾਜ਼ ਹਰਸ਼ਲ ਪਟੇਲ (29 ਦੌੜਾਂ ’ਤੇ 4 ਵਿਕਟਾਂ) ਤੇ ਲੈੱਗ ਸਪਿਨਰ ਯੁਜਵੇਂਦਰ ਚਾਹਲ (20 ਦੌੜਾਂ ’ਤੇ 3 ਵਿਕਟਾਂ) ਦੀ ਘਾਤਕ ਗੇਂਦਬਾਜ਼ੀ ਨਾਲ ਦੱਖਣੀ ਅਫਰੀਕਾ ਨੂੰ ਤੀਜੇ ਟੀ-20 ਵਿਚ ਮੰਗਲਵਾਰ ਨੂੰ 48 ਦੌੜਾਂ ਨਾਲ ਹਰਾ ਕੇ 5 ਮੈਚਾਂ ਦੀ ਸੀਰੀਜ਼ ਵਿਚ ਖੁਦ ਨੂੰ ਜਿਊਂਦਾ ਰੱਖਿਆ। ਭਾਰਤ ਨੇ 5 ਵਿਕਟਾਂ ’ਤੇ 179 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਤੇ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਦੱਖਣੀ ਅਫਰੀਕਾ ਨੂੰ 19.1 ਓਵਰਾਂ ਵਿਚ 131 ਦੌੜਾਂ ’ਤੇ ਢੇਰ ਕਰ ਕੇ ਸ਼ਾਨਦਾਰ ਜਿੱਤ ਆਪਣੇ ਨਾਂ ਕੀਤੀ। ਹਾਲਾਂਕਿ ਇਹ ਮੈਚ ਹਾਰ ਜਾਣ ਦੇ ਬਾਵਜੂਦ ਦੱਖਣੀ ਅਫਰੀਕਾ 5 ਮੈਚਾਂ ਦੀ ਸੀਰੀਜ਼ ਵਿਚ 2-1 ਨਾਲ ਅੱਗੇ ਹੈ। ਕਪਤਾਨ ਰਿਸ਼ਭ ਪੰਤ ਨੇ ਸਪਿਨਰਾਂ ਨੂੰ ਜਲਦੀ ਹੀ ਗੇਂਦ ਸੌਂਪ ਦਿੱਤੀ ਤੇ ਅਕਸ਼ਰ ਪਟੇਲ ਨੇ ਚੌਥੇ ਓਵਰ ਵਿਚ ਤੇਂਬਾ ਬਾਵੂਮਾ (8) ਨੂੰ ਆਵੇਸ਼ ਖਾਨ ਦੇ ਹੱਥੋਂ ਕੈਚ ਕਰਵਾ ਕੇ ਭਾਰਤ ਨੂੰ ਸਫਲਤਾ ਦਿਵਾਈ। ਵਿਕਟ ਤੋਂ ਮਿਲ ਰਹੀ ਵਾਧੂ ਉਛਾਲ ਦਾ ਫਾਇਦਾ ਚੁੱਕ ਕੇ ਚਾਹਲ ਨੇ ਰਾਸੀ ਵਾਨ ਡੇਰ ਡੂਸੇਨ (1), ਡਵੇਨ ਪ੍ਰਿਟੋਰੀਅਸ (20) ਤੇ ਹੈਨਰਿਕ ਕਾਲਸੇਨ (29) ਨੂੰ ਆਊਟ ਕੀਤਾ। ਹਰਸ਼ਲ ਨੇ ਰੀਜਾ ਹੈਂਡ੍ਰਿਕਸ (23) ਤੇ ਡੇਵਿਡ ਮਿਲਰ (3) ਤੋਂ ਬਾਅਦ ਕੈਗਿਸੋ ਰਬਾਡਾ (9) ਤੇ ਤਬਰੇਜ ਸ਼ਮਸੀ (0) ਨੂੰ ਪੈਵੇਲੀਅਨ ਭੇਜਿਆ।

ਇਹ ਵੀ ਪੜ੍ਹੋ :ਫੌਜ 'ਚ 4 ਸਾਲ ਦੀ ਨੌਕਰੀ, 6.9 ਲੱਖ ਤੱਕ ਦਾ ਸਾਲਾਨਾ ਪੈਕੇਜ, ਜਾਣੋ ਕੀ ਹੈ ਅਗਨੀਪਥ ਯੋਜਨਾ

ਇਸ ਤੋਂ ਪਹਿਲਾਂ ਪਿਛਲੇ ਕੁਝ ਸਮੇਂ ਤੋਂ ਖਰਾਬ ਫਾਰਮ ਵਿਚ ਚੱਲ ਰਹੇ ਗਾਇਕਵਾੜ ਨੇ 35 ਗੇਂਦਾਂ ’ਤੇ 57 ਦੌੜਾਂ ਬਣਾਈਆਂ ਜਦਕਿ ਕਿਸ਼ਨ ਨੇ 35 ਗੇਂਦਾਂ ਵਿਚ 54 ਦੌੜਾਂ ਦੀ ਪਾਰੀ ਖੇਡੀ। 5 ਪੰਜਾਂ ਦੀ ਲੜੀ ਵਿਚ ਉਸਦਾ ਇਹ ਦੂਜਾ ਅਰਧ ਸੈਂਕੜਾ ਹੈ। ਦੱਖਣੀ ਅਫਰੀਕਾ ਨੇ ਹਾਲਾਂਕਿ ਦੂਜੇ ਹਾਫ ਵਿਚ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਭਾਰਤ ਨੂੰ 200 ਦੌੜਾਂ ਤਕ ਨਹੀਂ ਪਹੁੰਚਣ ਦਿੱਤਾ। ਭਾਰਤੀ ਟੀਮ ਨੇ 13ਵੇਂ ਤੋਂ 17ਵੇਂ ਓਵਰ ਵਿਚਾਲੇ 2 ਵਿਕਟਾਂ ਗੁਆਈਆਂ ਤੇ 20 ਦੌੜਾਂ ਹੀ ਬਣਾ ਸਕੀ। ਹਾਰਦਿਕ ਪੰਡਯਾ ਨੇ ਆਖਰੀ ਓਵਰਾਂ ਵਿਚ 21 ਗੇਂਦਾਂ ਵਿਚ 31 ਦੌੜਾਂ ਬਣਾ ਕੇ ਟੀਮ ਨੂੰ 180 ਦੇ ਨੇੜੇ ਪਹੁੰਚਾਇਆ। ਗਾਇਕਵਾੜ ਨੇ ਹਮਲਾਵਰ ਸ਼ੁਰੂਆਤ ਕਰਦੇ ਹੋਏ ਪੰਜਵੇਂ ਓਵਰ ਵਿਚ ਐਨਰਿਚ ਨੋਰਤਜੇ ਨੂੰ ਲਗਾਤਾਰ ਪੰਜ ਚੌਕੇ ਲਾਏ। ਉਸ ਨੇ ਡਵੇਨ ਪ੍ਰਿਟੋਰੀਅਸ ਨੂੰ ਡੀਪ ਬੈਕਵਰਡ ਸਕੁਐਰ ਲੈੱਗ ’ਤੇ ਛੱਕਾ ਲਾਇਆ। ਭਾਰਤ ਨੇ ਪਾਵਰਪਲੇਅ ਦੇ ਛੇ ਓਵਰਾਂ ਵਿਚ ਬਿਨਾਂ ਕਿਸੇ ਨੁਕਸਾਨ ਦੇ 57 ਦੌੜਾਂ ਬਣਾਈਆਂ।

ਇਹ ਵੀ ਪੜ੍ਹੋ : DGCA ਨੇ ਏਅਰ ਇੰਡੀਆ ’ਤੇ ਲਗਾਇਆ 10 ਲੱਖ ਰੁਪਏ ਦਾ ਜੁਰਮਾਨਾ

ਕਿਸ਼ਨ ਨੇ 9ਵੇਂ ਓਵਰ ਵਿਚ ਤਬਰੇਜ ਸ਼ਮਸੀ ਨੂੰ ਛੱਕਾ ਤੇ ਚੌਕਾ ਲਾ ਕੇ 13 ਦੌੜਾਂ ਬਣਾਈਆਂ। ਗਾਇਕਵਾੜ ਨੇ ਆਪਣਾ ਅਰਧ ਸੈਂਕੜਾ 30 ਗੇਂਦਾਂ ਵਿਚ ਪੂਰਾ ਕੀਤਾ ਤੇ ਕੇਸ਼ਵ ਮਹਾਰਾਜ ਦਾ ਸਵਾਗਤ ਚੌਕੇ ਨਾਲ ਕੀਤਾ। ਮਹਾਰਾਜ ਨੇ ਆਪਣੀ ਹੀ ਗੇਂਦ ’ਤੇ ਉਸਦਾ ਕੈਚ ਫੜ ਕੇ ਉਸਦੀ ਪਾਰੀ ਦਾ ਅੰਤ ਕੀਤਾ।
ਕਿਸ਼ਨ ਨੇ ਮਹਾਰਾਜ ਨੂੰ ਦੋ ਚੌਕੇ ਤੇ ਇਕ ਛੱਕਾ ਲਾ ਕੇ 31 ਗੇਂਦਾਂ ਵਿਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਸ਼੍ਰੇਅਸ ਅਈਅਰ ਨੇ ਚੰਗੀ ਸ਼ੁਰੂਆਤ ਕੀਤੀ ਤੇ ਸ਼ਮਸੀ ਤੇ ਨੋਰਤਜੇ ਨੂੰ ਛੱਕੇ ਲਾਏ ਪਰ ਸ਼ਮਸੀ ਨੇ ਉਸ ਨੂੰ ਨੋਰਤਜੇ ਦੇ ਹੱਥੋਂ ਪੈਵੇਲੀਅਨ ਭੇਜ ਕੇ ਵੱਡੀ ਪਾਰੀ ਨਹੀਂ ਖੇਡਣ ਦਿੱਤੀ। ਪ੍ਰਿਟੋਰੀਅਸ ਨੇ ਕਿਸ਼ਨ ਨੂੰ ਹੈਂਡ੍ਰਿਕਸ ਦੇ ਹੱਥੋਂ ਕੈਚ ਕਰਵਾਇਆ। ਡੇਵਿਡ ਮਿਲਰ ਤੇ ਰਾਸੀ ਵਾਨ ਡੇਰ ਡੂਸੇਨ ਨੇ ਹਾਰਦਿਕ ਪੰਡਯਾ ਨੂੰ 29 ਤੇ ਰਿਸ਼ਭ ਪੰਤ ਨੂੰ 6 ਦੇ ਸਕੋਰ ’ਤੇ ਜੀਵਨਦਾਨ ਦਿੱਤੇ। ਤੇਂਬਾ ਬਾਵੂਮਾ ਨੇ ਪ੍ਰਿਟੋਰੀਅਸ ਦੀ ਗੇਂਦ ’ਤੇ ਕੈਚ ਫੜ ਕੇ ਉਸਦੀ ਪਾਰੀ ਦਾ ਅੰਤ ਕੀਤਾ ਜਦਕਿ ਦਿਨੇਸ਼ ਕਾਰਤਿਕ ਵੀ 6 ਦੌੜਾਂ ਬਣਾ ਕੇ ਰਬਾਡਾ ਦਾ ਸ਼ਿਕਾਰ ਹੋਇਆ।

ਦੋਵੇਂ ਟੀਮਾਂ ਦੀਆਂ ਸੰਭਾਵਿਤ ਪਲੇਇੰਗ 11
ਭਾਰਤ: ਈਸ਼ਾਨ ਕਿਸ਼ਨ, ਰਿਤੁਰਾਜ ਗਾਇਕਵਾੜ, ਸ਼੍ਰੇਅਸ ਅਈਅਰ, ਰਿਸ਼ਭ ਪੰਤ (ਕਪਤਾਨ ਅਤੇ ਵਿਕਟਕੀਪਰ), ਹਾਰਦਿਕ ਪੰਡਯਾ, ਦਿਨੇਸ਼ ਕਾਰਤਿਕ, ਅਕਸ਼ਰ ਪਟੇਲ, ਹਰਸ਼ਲ ਪਟੇਲ, ਭੁਵਨੇਸ਼ਵਰ ਕੁਮਾਰ, ਯੁਜ਼ਵੇਂਦਰ ਚਾਹਲ, ਅਵੇਸ਼ ਖਾਨ।

ਦੱਖਣੀ ਅਫ਼ਰੀਕਾ : ਟੇਂਬਾ ਬਾਵੁਮਾ (ਕਪਤਾਨ), ਰੀਜ਼ਾ ਹੈਂਡਰਿਕਸ, ਡਵੇਨ ਪ੍ਰੀਟੋਰੀਅਸ, ਰਾਸੀ ਵੈਨ ਡੇਰ ਡੂਸਨ, ਹੇਨਰਿਚ ਕਲਾਸੇਨ (ਵਿਕਟਕੀਪਰ), ਡੇਵਿਡ ਮਿਲਰ, ਵੇਨ ਪਾਰਨੇਲ, ਕਗਿਸੋ ਰਬਾਡਾ, ਕੇਸ਼ਵ ਮਹਾਰਾਜ, ਐਨਰਿਕ ਨਾਰਟਜੇ, ਤਬਰੇਜ਼ ਸ਼ਮਸੀ।

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Karan Kumar

Content Editor

Related News