IND v NZ T20 : ਬੇਹੱਦ ਰੋਮਾਂਚਕ ਮੁਕਾਬਲੇ ਵਿਚ ਭਾਰਤ ਨੇ ਨਿਊਜ਼ੀਲੈਂਡ ਨੂੰ ਸੁਪਰ ਓਵਰ 'ਚ ਹਰਾਇਆ

01/29/2020 4:24:12 PM

ਹੈਮਿਲਟਨ : ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ 5 ਮੈਚਾਂ ਦੀ ਟੀ-20 ਸੀਰੀਜ਼ ਦਾ ਤੀਜਾ ਮੁਕਾਬਲਾ ਹੈਮਿਲਟਨ ਦੇ ਸਡਨ ਪਾਰਕ ਵਿਚ ਖੇਡਿਆ ਗਿਆ, ਜਿੱਥੇ ਸੁਪਰ ਓਵਰ ਤਕ ਖਿੱਚੇ ਇਸ ਰੋਮਾਂਚਕ ਮੁਕਾਬਲੇ ਵਿਚ ਭਾਰਤ ਨੇ ਨਿਊਜ਼ੀਲੈਂਡ ਨੂੰ ਹਰਾ ਕੇ ਸੀਰੀਜ਼ ਵਿਚ 3-0 ਨਾਲ ਅਜੇਤੂ ਬਡ਼੍ਹਤ ਹਾਸਲ ਕਰ ਲਈ ਹੈ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ ਨਿਊਜ਼ੀਲੈਂਡ ਨੂੰ 180 ਦੌਡ਼ਾਂ ਦਾ ਟੀਚਾ ਦਿੱਤਾ ਸੀ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਟੀਚੇ ਦਾ ਪਿੱਛਾ ਕਰਨ ਉਤਰੀ ਨਿਊਜ਼ੀਲੈਂਡ ਦੇ ਬੱਲੇਬਾਜ਼ਾਂ ਨੇ ਸ਼ਾਨਦਾਰ ਬੱਲੇਬਾਜ਼ੀ ਦਾ ਪ੍ਰਦਰਸ਼ਨ ਕੀਤਾ। ਕੇਨ ਵਿਲੀਅਮਸਨ ਦੀ ਕਪਤਾਨੀ ਪਾਰੀ ਕਾਰਨ ਇਕ ਸਮੇਂ ਭਾਰਤ ਹੱਥੋਂ ਮੁਕਾਬਲਾ ਨਿਕਲਦਾ ਦਿਸ ਰਿਹਾ ਸੀ ਪਰ ਮੁਹੰਮਦ ਸ਼ਮੀ ਵੱਲੋਂ ਕੀਤੀ ਗਈ ਆਖਰੀ ਓਵਰ ਵਿਚ ਸ਼ਾਨਦਾਰ ਗੇਂਦਬਾਜ਼ੀ ਅਤੇ ਮੈਚ ਦੀ ਆਖਰੀ ਗੇਂਦ 'ਤੇ ਲਈ ਵਿਕਟ ਕਾਰਨ ਮੈਚ ਟਾਈ ਹੋ ਗਿਆ, ਜਿਸ ਕਾਰਨ ਮੁਕਾਬਲਾ ਸੁਪਰ ਓਵਰ ਤਕ ਖਿੱਚਿਆ ਗਿਆ। ਸੁਪਰ ਓਵਰ ਤਕ ਖਿੱਚੇ ਇਸ ਮੁਕਾਬਲੇ ਵਿਚ ਨਿਊਜ਼ੀਲੈਂਡ ਨੇ ਭਾਰਤ ਨੂੰ 18 ਦੌਡ਼ਾਂ ਦਾ ਟੀਚਾ ਦਿੱਤਾ। ਜਿਸ ਨੂੰ ਹਿੱਟਮੈਨ ਰੋਹਿਤ ਨੇ ਓਵਰ ਦੀ ਆਖਰੀ 2 ਗੇਂਦਾਂ 'ਤੇ ਲਗਾਤਾਰ 2 ਛੱਕੇ ਲਾ ਕੇ ਹਾਸਲ ਕਰ ਲਿਆ।

ਇਸ ਤੋਂ ਪਹਿਲਾਂ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਟੀਮ ਇੰਡੀਆ ਦੀ ਸ਼ੁਰੂਆਤ ਸ਼ਾਨਦਾਰ ਰਹੀ ਸੀ। ਦੋਵੇਂ ਸਲਾਮੀ ਬੱਲੇਬਾਜ਼ਾਂ ਲੋਕੇਸ਼ ਰਾਹੁਲ ਅਤੇ ਰੋਹਿਤ ਸ਼ਰਮਾ ਨੇ ਮੈਦਾਨ ਦੇ ਚਾਰੇ ਪਾਸੇ ਸ਼ਾਟ ਲਾਏ। ਇਸ ਸੀਰੀਜ਼ ਵਿਚ ਸ਼ਾਨਦਾਰ ਲੈਅ ਵਿਚ ਚਲ ਰਹੇ ਲੋਕੇਸ਼ ਰਾਹੁਲ 27 ਦੌਡ਼ਾਂ ਬਣਾ ਕੋਲਿਨ ਡੀ ਗ੍ਰੈਂਡੋਮ ਦੀ ਗੇਂਦ 'ਤੇ ਕੋਲਿਨ ਮੁਨਰੋ ਹੱਥੋਂ ਕੈਚ ਆਊਟ ਹੋਏ। ਰਾਹੁਲ ਨੇ ਆਪਣੀ ਪਾਰੀ ਦੌਰਾਨ 1 ਛੱਕਾ ਅਤੇ 2 ਚੌਕੇ ਵੀ ਲਾਏ। ਦੂਜਾ ਝਟਕਾ ਭਾਰਤ ਨੂੰ ਰੋਹਿਤ ਸ਼ਰਮਾ ਦੇ ਰੂਪ 'ਚ ਲੱਗਾ। ਰੋਹਿਤ ਨੇ 6 ਚੌਕੇ ਅਤੇ 3 ਛੱਕਿਆਂ ਦੀ ਮਦਦ ਨਾਲ 40 ਗੇਂਦਾਂ 65 ਦੌਡ਼ਾਂ ਦੀ ਪਾਰੀ ਖੇਡੀ। ਇਸ ਤੋਂ ਬਾਅਦ ਭਾਰਤ ਦੇ ਨੌਜਵਾਨ ਆਲਰਾਊਂਡਰ ਸ਼ਿਵਮ ਦੂਬੇ ਵੀ ਸਿਰਫ 3 ਦੌਡ਼ਾਂ ਬਣਾ ਬੈਨੇਟ ਦਾ ਸ਼ਿਕਾਰ ਹੋ ਕੇ ਪਵੇਲੀਅਨ ਪਰਤ ਗਏ। ਪਿਛਲੇ ਦੋ ਮੈਚਾਂ 'ਚ ਤੂਫਾਨੀ ਪਾਰੀ ਖੇਡਣ ਵਾਲਾ ਅਈਅਰ ਵੀ ਇਸ ਵਾਰ ਕੁਝ ਖਾਸ ਕਮਾਲ ਨਾ ਕਰ ਸਕੇ। ਇਸ ਮੈਚ 'ਚ ਉਹ 16 ਗੇਂਦਾਂ ਖੇਡ ਕੇ ਸਿਰਫ 17 ਦੌੜਾਂ ਹੀ ਬਣਾ ਸੈਂਟਨਰ ਦੀ ਗੇਂਦ 'ਤੇ ਆਊਟ ਹੋਏ ਜਦਕਿ ਮਨੀਸ਼ ਪਾਂਡੇ 14 ਅਤੇ ਰਵਿੰਦਰ ਜਡੇਜਾ 10 ਦੌਡ਼ਾਂ ਬਣਾ ਅਜੇਤੂ ਪਵੇਲੀਅਨ ਪਰਤੇ। ਉੱਥੇ ਟੀ ਟੀਚੇ ਦਾ ਪਿੱਛਾ ਕਰਦਿਆਂ ਕੀਵੀ ਬੱਲੇਬਾਜ਼ਾਂ ਨੇ ਵੀ ਭਾਰਤੀ ਗੇਂਦਬਾਜ਼ਾਂ ਦੀ ਰੱਜ ਕੇ ਕਲਾਸ ਲਈ। ਕਪਤਾਨ ਕੇਨ ਵਿਲੀਅਮਸਨ ਦੀ ਸ਼ਾਨਦਾਰ ਕਪਤਾਨੀ ਪਾਰੀ ਦੀ ਬਦੌਲਤ ਨਿਊਜ਼ੀਲੈਂਡ ਟੀਮ ਇਕ ਸਮੇਂ ਮੈਚ ਵਿਚ ਇਕ ਪਾਸਡ਼ ਜਿੱਤ ਦਰਜ ਕਰਦੀ ਦਿਸ ਰਹੀ ਸੀ ਪਰ ਆਖਰੀ ਓਵਰ ਵਿਚ ਮੁਹੰਮਦ ਸ਼ਮੀ ਵੱਲੋਂ ਕੀਤੇ ਉਲਟਫੇਰ ਕਾਰਨ ਮੈਚ ਟਾਈ ਹੋਇਆ ਅਤੇ ਨਤੀਜਾ ਸੁਪਰ ਓਵਰ ਤਕ ਖਿੱਚਿਆ ਗਿਆ।

ਟੀਮਾਂ ਇਸ ਤਰ੍ਹਾਂ ਹਨ —
ਭਾਰਤ 
- ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ (ਉਪ ਕਪਤਾਨ), ਲੋਕੇਸ਼ ਰਾਹੁਲ, ਸ਼੍ਰੇਅਸ ਅਈਅਰ, ਮਨੀਸ਼ ਪਾਂਡੇ, ਸ਼ਿਵਮ ਦੂਬੇ, ਯੁਜਵੇਂਦਰ ਚਾਹਲ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ੰਮੀ, ਰਵਿੰਦਰ ਜਡੇਜਾ, ਸ਼ਾਰਦੁਲ ਠਾਕੁਰ।
ਨਿਊਜ਼ੀਲੈਂਡ- ਮਾਰਟਿਨ ਗੁਪਟਿਲ, ਕੌਲਿਨ ਮੁਨਰੋ, ਕੇਨ ਵਿਲੀਅਮਸਨ (ਕਪਤਾਨ), ਕੌਲਿਨ ਡੀ ਗ੍ਰੈਂਡਹੋਮ, ਰੋਸ ਟੇਲਰ, ਟਿਮ ਸੀਫਰਟ (ਵਿਕਟਕੀਪਰ), ਮਿਸ਼ੇਲ ਸੈਂਟਨਰ, ਈਸ਼ ਸ਼ੋਢੀ, ਟਿਮ ਸਾਊਥੀ, ਸਕਾਟ ਕਿਊਗੇਲਜਿਨ, ਹਾਮਿਸ਼ ਬੇਨੇਟ।