Pink Ball Test : ਭਾਰਤ ਨੇ ਜਿੱਤੀ ਸੀਰੀਜ਼, ਦੂਜੇ ਟੈਸਟ ਮੈਚ 'ਚ ਬੰਗਲਾਦੇਸ਼ ਨੂੰ ਪਾਰੀ ਅਤੇ 46 ਦੌੜਾਂ ਨਾਲ ਹਰਾਇਆ

11/24/2019 2:55:12 PM

ਕੋਲਕਾਤਾ- ਭਾਰਤ ਨੇ ਬੰਗਲਾਦੇਸ਼ ਵਿਚਾਲੇ ਦੋ ਟੈਸਟ ਮੈਚਾਂ ਦੀ ਸੀਰੀਜ਼ ਦਾ ਦੂਜਾ ਮੈਚ ਜਿੱਤ ਲਿਆ ਹੈ। ਇਹ ਮੈਚ ਡੇ-ਨਾਈਟ ਸੀ। ਇਸ ਤਰ੍ਹਾਂ ਭਾਰਤ ਨੇ ਦੋ ਟੈਸਟ ਮੈਚਾਂ ਦੀ ਸੀਰੀਜ਼ 'ਤੇ ਕਬਜ਼ਾ ਕਰ ਲਿਆ ਹੈ। ਬੰਗਲਾਦੇਸ਼ ਨੇ ਤੀਜੇ ਦਿਨ 6 ਵਿਕਟਾਂ ਦੇ ਨੁਕਸਾਨ 'ਤੇ 152 ਦੌੜਾਂ ਦੇ ਸਕੋਰ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਬੰਗਲਾਦੇਸ਼ ਨੂੰ 7ਵਾਂ ਝਟਕਾ ਉਦੋਂ ਲੱਗਾ ਜਦੋਂ ਇਬਾਦਤ ਹੁਸੈਨ 0 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋ ਗਿਆ। ਅਬਾਦਤ ਹੁਸੈਨ 0 ਦੇ ਨਿੱਜੀ ਸਕੋਰ 'ਤੇ ਉਮੇਸ਼ ਦੀ ਗੇਂਦ 'ਤੇ ਕੋਹਲੀ ਨੂੰ ਕੈਚ ਦੇ ਬੈਠਾ ਤੇ ਆਊਟ ਹੋ ਗਿਆ।  ਬੰਗਲਾਦੇਸ਼ ਨੂੰ 8ਵਾਂ ਝਟਕਾ ਉਦੋਂ ਲੱਗਾ ਜਦੋਂ ਮੁਸ਼ਫਿਕੁਰ ਰਹੀਮ 74 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋ ਗਿਆ। ਮੁਸ਼ਫਿਕੁਰ ਰਹੀਮ ਉਮੇਸ਼ ਦੀ ਗੇਂਦ 'ਤੇ ਜਡੇਜਾ ਨੂੰ ਕੈਚ ਦੇ ਬੈਠਾ ਤੇ ਪਵੀਲਅਨ ਪਰਤ ਗਿਆ। ਬੰਗਲਾਦੇਸ਼ ਦਾ ਆਖਰੀ ਵਿਕਟ ਅਲ-ਅਮੀਨ-ਹੁਸੈਨ ਦੇ ਤੌਰ 'ਤੇ ਡਿੱਗਾ। ਅਮੀਨ ਉਮੇਸ਼ ਦੀ ਗੇਂਦ 'ਤੇ ਸਾਹਾ ਨੂੰ ਕੈਚ ਦੇ ਬੈਠਾ ਤੇ ਪਲੇਵੀਅਨ ਪਰਤ ਗਿਆ। ਭਾਰਤ ਵੱਲੋਂ ਬੰਗਲਾਦੇਸ਼ ਦੀ ਦੂਜੀ ਪਾਰੀ 'ਚ ਸਭ ਤੋਂ ਜ਼ਿਆਦਾ 5 ਵਿਕਟਾਂ ਉਮੇਸ਼ ਯਾਦਵ ਨੂੰ ਮਿਲੀਆਂ। ਇਸ਼ਾਂਤ ਸ਼ਰਮਾ ਨੂੰ 4 ਵਿਕਟਾਂ ਮਿਲੀਆਂ। 

   

ਦੂਜੇ ਦਿਨ ਦੀ ਖੇਡ : ਭਾਰਤੀ ਟੀਮ ਆਪਣੇ ਪਹਿਲੇ ਡੇ-ਨਾਈਟ ਟੈਸਟ ਮੈਚ ਨੂੰ ਜਿੱਤਣ ਤੋਂ ਸਿਰਫ਼ ਚਾਰ ਵਿਕਟਾਂ ਦੂਰ ਹੈ। ਇਕ ਸਮੇਂ ਲੱਗ ਰਿਹਾ ਸੀ ਕਿ ਬੰਗਲਾਦੇਸ਼ੀ ਟੀਮ ਦੂਜੇ ਦਿਨ ਹੀ ਇਹ ਟੈਸਟ ਹਾਰ ਜਾਵੇਗੀ ਪਰ ਸ਼ਾਮ ਨੂੰ ਮੈਦਾਨ 'ਤੇ ਪਈ ਤਰੇਲ ਤੇ ਮੁਸ਼ਫਿਕੁਰ ਰਹੀਮ (ਅਜੇਤੂ 59) ਦੀ ਸੰਘਰਸ਼ਪੂਰਨ ਪਾਰੀ ਦੀ ਬਦੌਲਤ ਮੇਜ਼ਬਾਨ ਟੀਮ ਨੇ ਇਸ ਇਤਿਹਾਸਕ ਟੈਸਟ ਨੂੰ ਤੀਜੇ ਦਿਨ ਵਿਚ ਧੱਕ ਦਿੱਤਾ। ਭਾਰਤ ਨੇ ਮੈਚ ਦੇ ਪਹਿਲੇ ਹੀ ਦਿਨ ਬੰਗਲਾਦੇਸ਼ ਦੀ ਪਹਿਲੀ ਪਾਰੀ ਨੂੰ 106 ਦੌੜਾਂ 'ਤੇ ਸਮੇਟਨ ਤੋਂ ਬਾਅਦ ਤਿੰਨ ਵਿਕਟਾਂ 'ਤੇ 174 ਦੌੜਾਂ ਬਣਾ ਲਈਆਂ ਸਨ। ਫਿਰ ਉਸ ਨੇ ਕਪਤਾਨ ਵਿਰਾਟ ਕੋਹਲੀ (136) ਤੇ ਉੱਪ ਕਪਤਾਨ ਅਜਿੰਕੇ ਰਹਾਣੇ (51) ਵਿਚਾਲੇ ਹੋਈ 99 ਦੌੜਾਂ ਦੀ ਭਾਈਵਾਲੀ ਦੀ ਬਦੌਲਤ ਨੌਂ ਵਿਕਟਾਂ 'ਤੇ 347 ਦੌੜਾਂ ਬਣਾਉਣ ਤੋਂ ਬਾਅਦ ਪਹਿਲੀ ਪਾਰੀ ਐਲਾਨ ਦਿੱਤੀ। ਭਾਰਤ ਨੇ ਬੰਗਲਾਦੇਸ਼ 'ਤੇ ਪਹਿਲੀ ਪਾਰੀ ਦੇ ਆਧਾਰ 'ਤੇ 241 ਦੌੜਾਂ ਦੀ ਬੜ੍ਹਤ ਬਣਾਈ। ਇਸ ਤੋਂ ਬਾਅਦ ਪਹਿਲੀ ਪਾਰੀ ਵਿਚ ਪੰਜ ਵਿਕਟਾਂ ਲੈਣ ਵਾਲੇ ਇਸ਼ਾਂਤ ਸ਼ਰਮਾ ਨੇ ਦੂਜੀ ਪਾਰੀ ਵਿਚ ਚਾਰ ਵਿਕਟਾਂ ਲੈ ਕੇ ਬੰਗਲਾਦੇਸ਼ ਦਾ ਲੱਕ ਤੋੜ ਦਿੱਤਾ। ਦੂਜੇ ਦਿਨ ਦੀ ਖੇਡ ਸਮਾਪਤ ਹੋਣ ਤਕ ਬੰਗਲਾਦੇਸ਼ ਨੇ 32.3 ਓਵਰਾਂ ਵਿਚ ਛੇ ਵਿਕਟਾਂ 'ਤੇ 152 ਦੌੜਾਂ ਬਣਾ ਲਈਆਂ ਹਨ। ਬੰਗਲਾਦੇਸ਼ ਅਜੇ 89 ਦੌੜਾਂ ਪਿੱਛੇ ਹੈ। ਭਾਰਤ ਵਲੋਂ ਇਸ ਮੈਚ ਨੂੰ ਪਾਰੀ ਨਾਲ ਜਿੱਤਣ ਦੀ ਸੰਭਾਵਨਾ ਬਣੀ ਹੋਈ ਹੈ। ਮਹਿਮੂਦ ਉੱਲ੍ਹਾ 39 ਦੌੜਾਂ 'ਤੇ ਰਿਟਾਇਰਡ ਹੋ ਗਏ ਹਨ। ਉਹ ਐਤਵਾਰ ਨੂੰ ਬੱਲੇਬਾਜ਼ੀ ਲਈ ਉਤਰ ਸਕਦੇ ਹਨ। ਮੁਸ਼ਫਿਕੁਰ ਰਹੀਮ ਦੂਜੇ ਪਾਸੇ ਡਟੇ ਹਨ। ਤੈਜੁਲ ਇਸਲਾਮ (11) ਦੇ ਆਊਟ ਹੋਣ ਤੋਂ ਬਾਅਦ ਅੰਪਾਇਰ ਨੇ ਦੂਜੇ ਦਿਨ ਦੀ ਖੇਡ ਸਮਾਪਤ ਹੋਣ ਦਾ ਐਲਾਨ ਕੀਤਾ।

ਪਹਿਲੇ ਦਿਨ ਖੇਡ : ਇਸ਼ਾਂਤ ਸ਼ਰਮਾ (22 ਦੌੜਾਂ 'ਤੇ 5 ਵਿਕਟਾਂ) ਦੀ ਅਗਵਾਈ ਵਿਚ ਤੇਜ਼ ਗੇਂਦਬਾਜ਼ਾਂ ਦੇ ਘਾਤਕ ਪ੍ਰਦਰਸ਼ਨ ਨਾਲ ਭਾਰਤ ਨੇ ਈਡਨ ਗਾਰਡਨ ਮੈਦਾਨ 'ਤੇ ਸ਼ੁੱਕਰਵਾਰ ਤੋਂ ਸ਼ੁਰੂ ਹੋਏ ਇਤਿਹਾਸਕ ਗੁਲਾਬੀ ਟੈਸਟ ਦੇ ਪਹਿਲੇ ਦਿਨ ਬੰਗਲਾਦੇਸ਼ ਨੂੰ ਲੰਚ ਤੋਂ ਬਾਅਦ 30.3 ਓਵਰਾਂ ਵਿਚ ਸਿਰਫ 106 ਦੌੜਾਂ 'ਤੇ ਢੇਰ ਕਰ ਦਿੱਤਾ। ਭਾਰਤ ਨੇ ਇਸਦੇ ਜਵਾਬ ਵਿਚ ਪਹਿਲੇ ਦਿਨ ਦੀ ਖੇਡ ਖਤਮ ਹੋਣ ਤਕ 46 ਓਵਰਾਂ ਵਿਚ 3 ਵਿਕਟਾਂ 'ਤੇ 174 ਦੌੜਾਂ ਬਣਾ ਕੇ 68 ਦੌੜਾਂ ਦੀ ਬੜ੍ਹਤ ਹਾਸਲ ਕੀਤੀ ਸੀ। ਭਾਰਤ ਤੇ ਬੰਗਲਾਦੇਸ਼ ਵਿਚਾਲੇ ਗੁਲਾਬੀ ਗੇਂਦ ਨਾਲ ਇਹ ਪਹਿਲਾ ਡੇਅ-ਨਾਈਟ ਟੈਸਟ ਹੈ ਤੇ ਦੋ ਮੈਚਾਂ ਦੀ ਸੀਰੀਜ਼ ਦਾ ਦੂਜਾ ਤੇ ਆਖਰੀ ਮੈਚ ਹੈ। ਬੰਗਲਾਦੇਸ਼ ਨੇ ਟਾਸ ਜਿੱਤਣ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ, ਜਿਹੜਾ ਸਿਰੇ ਤੋਂ ਗਲਤ ਸਾਬਤ ਹੋਇਆ। ਮਹਿਮਾਨ ਟੀਮ ਨੇ ਲੰਚ ਤਕ 21.4 ਓਵਰਾਂ ਵਿਚ ਸਿਰਫ 73 ਦੌੜਾਂ ਜੋੜ ਕੇ 6 ਵਿਕਟਾਂ ਤੇ ਅਗਲੇ ਸੈਸ਼ਨ ਵਿਚ ਬਾਕੀ ਰਹਿੰਦੀਆਂ 4 ਵਿਕਟਾਂ 33 ਦੌੜਾਂ ਜੋੜ ਕੇ ਗੁਆ ਦਿੱਤੀਆਂ।


ਬੰਗਲਾਦੇਸ਼ ਦੀ ਟੀਮ ਨੇ ਆਪਣੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਸਾਹਮਣੇ ਨਿਰਾਸ਼ਾਜਨਕ ਪ੍ਰਦਰਸ਼ਨ ਕੀਤਾ ਤੇ ਪੂਰੀ ਟੀਮ ਨੇ 106 ਦੌੜਾਂ 'ਤੇ ਗੋਡੇ ਟੇਕ ਦਿੱਤੇ। ਇਸ਼ਾਂਤ ਨੇ ਗੁਲਾਬੀ ਗੇਂਦ ਨਾਲ ਕਹਿਰ ਵਰ੍ਹਾਉਂਦਿਆਂ 12 ਓਵਰਾਂ ਵਿਚ 22 ਦੌੜਾਂ ਦੇ ਕੇ 5 ਵਿਕਟਾਂ ਹਾਸਲ ਕੀਤੀਆਂ। ਉਮੇਸ਼ ਯਾਦਵ ਨੇ 7 ਓਵਰਾਂ ਵਿਚ 29 ਦੌੜਾਂ 'ਤੇ 3 ਵਿਕਟਾਂ ਤੇ ਮੁਹੰਮਦ ਸ਼ੰਮੀ ਨੇ 10.3 ਓਵਰਾਂ ਵਿਚ 36 ਦੌੜਾਂ 'ਤੇ 2 ਵਿਕਟਾਂ ਹਾਸਲ ਕੀਤੀਆਂ। ਲੈਫਟ ਆਰਮ ਸਪਿਨਰ ਰਵਿੰਦਰ ਜਡੇਜਾ ਨੇ ਪਾਰੀ ਵਿਚ ਸਿਰਫ 1 ਓਵਰ ਸੁੱਟਿਆ, ਜਦਕਿ ਆਫ ਸਪਿਨਰ ਆਰ. ਅਸ਼ਵਿਨ ਨੂੰ ਗੇਂਦਬਾਜ਼ੀ ਕਰਨ ਦਾ ਮੌਕਾ ਨਹੀਂ ਮਿਲਿਆ। ਇਹ ਚੌਥਾ ਮੌਕਾ ਹੈ, ਜਦੋਂ ਭਾਰਤੀ ਤੇਜ਼ ਗੇਂਦਬਾਜ਼ਾਂ ਨੇ ਕਿਸੇ ਘਰੇਲੂ ਟੈਸਟ ਵਿਚ ਸਾਰੀਆਂ 10 ਵਿਕਟਾਂ ਹਾਸਲ ਕੀਤੀਆਂ।


31 ਸਾਲਾ ਇਸ਼ਾਂਤ ਨੇ ਆਪਣੇ ਕਰੀਅਰ ਵਿਚ 10ਵੀਂ ਵਾਰ ਪਾਰੀ ਵਿਚ 5 ਵਿਕਟਾਂ ਹਾਸਲ ਕੀਤੀਆਂ ਤੇ 96 ਟੈਸਟਾਂ ਵਿਚ ਉਸਦੀਆਂ 288 ਵਿਕਟਾਂ ਹੋ ਗਈਆਂ ਹਨ। ਪਿਛਲੇ 12 ਸਾਲਾਂ ਵਿਚ ਇਹ ਪਹਿਲਾ ਮੌਕਾ ਹੈ, ਜਦੋਂ ਦਿੱਲੀ ਦੇ ਇਸ ਤੇਜ਼ ਗੇਂਦਬਾਜ਼ ਨੇ ਭਾਰਤ ਵਿਚ ਇਕ ਪਾਰੀ ਵਿਚ 5 ਵਿਕਟਾਂ ਹਾਸਲ ਕੀਤੀਆਂ ਹਨ। ਭਾਰਤੀ ਤੇਜ਼ ਗੇਂਦਬਾਜ਼ ਤਿਕੜੀ ਨੇ ਬੰਗਲਾਦੇਸ਼ੀ ਬੱਲੇਬਾਜ਼ਾਂ ਨੂੰ ਟਿਕਣ ਦਾ ਕੋਈ ਮੌਕਾ ਨਹੀਂ ਦਿੱਤਾ। ਮਹਿਮਾਨ ਟੀਮ ਦੇ ਓਪਨਰ ਸ਼ਾਦਮਾਨ ਇਸਲਾਮ 29, ਲਿਟਨ ਦਾਸ 24 (ਰਿਟਾਇਰਡ ਹਰਟ) ਤੇ ਨਾਇਮ ਹਸਨ 19 ਦੌੜਾਂ ਬਣਾ ਕੇ ਦਹਾਈ ਦੀ ਗਿਣਤੀ ਵਿਚ ਪਹੁੰਚਣ ਵਾਲੇ 3 ਬੱਲੇਬਾਜ਼ ਰਹੇ। ਬੰਗਲਾਦੇਸ਼ ਦੇ 4 ਬੱਲੇਬਾਜ਼ਾਂ ਦਾ ਖਾਤਾ ਤਕ ਨਹੀਂ ਖੁੱਲ੍ਹਿਆ।

ਭਾਰਤ ਦੀ ਪਾਰੀ ਵਿਚ ਚੇਤੇਸ਼ਵਰ ਪੁਜਾਰਾ (55) ਤੇ ਕਪਤਾਨ ਵਿਰਾਟ ਕੋਹਲੀ (ਅਜੇਤੂ 59) ਨੇ ਅਰਧ ਸੈਂਕੜੇ ਬਣਾਏ। ਸਟੰਪਸ ਦੇ ਸਮੇਂ ਵਿਰਾਟ ਦੇ ਨਾਲ ਉਪ ਕਪਤਾਨ ਅਜਿੰਕਯ ਰਹਾਨੇ 23 ਦੌੜਾਂ ਬਣਾ ਕੇ ਕ੍ਰੀਜ਼ 'ਤੇ ਸੀ। ਪੁਜਾਰਾ ਨੇ 105 ਗੇਂਦਾਂ ਦੀ ਪਾਰੀ ਵਿਚ 8 ਚੌਕੇ ਤੇ ਵਿਰਾਟ ਨੇ 93 ਗੇਂਦਾਂ ਵਿਚ 8 ਚੌਕੇ ਲਾਏ। ਰੋਹਿਤ ਨੇ 35 ਗੇਂਦਾਂ ਵਿਚ 2 ਚੌਕੇ ਤੇ 1 ਛੱਕਾ ਲਾਇਆ। ਮਯੰਕ ਨੇ 21 ਗੇਂਦਾਂ ਵਿਚ 3 ਚੌਕੇ ਲਾਏ, ਜਦਕਿ ਰਹਾਨੇ 22 ਗੇਂਦਾਂ ਵਿਚ 3 ਚੌਕੇ ਲਾ ਚੁੱਕਾ ਹੈ। ਵਿਰਾਟ ਨੇ ਪੁਜਾਰਾ ਨਾਲ ਤੀਜੀ ਵਿਕਟ ਲਈ 94 ਦੌੜਾਂ ਤੇ ਰਹਾਨੇ ਨਾਲ ਚੌਥੀ ਵਿਕਟ ਲਈ ਅਜੇਤੂ ਸਾਂਝੇਦਾਰੀ ਵਿਚ 37 ਦੌੜਾਂ ਜੋੜ ਲਈਆਂ ਹਨ।

ਦੋਹਾਂ ਟੀਮਾਂ ਦੀਆਂ ਪਲੇਇੰਗ ਇਲੈਵਨ
ਭਾਰਤ
ਮਯੰਕ ਅਗਰਵਾਲ, ਰੋਹਿਤ ਸ਼ਰਮਾ, ਚੇਤੇਸ਼ਵਰ ਪੁਜਾਰਾ, ਵਿਰਾਟ ਕੋਹਲੀ (ਕਪਤਾਨ), ਅਜਿੰਕਯ ਰਹਾਨੇ, ਰਵਿੰਦਰ ਜਡੇਜਾ, ਰਿਧੀਮਾਨ ਸਾਹਾ (ਵਿਕਟਕੀਪਰ), ਉਮੇਸ਼ ਯਾਦਵ, ਰਵੀਚੰਦਰਨ ਅਸ਼ਵਿਨ, ਮੁਹੰਮਦ ਸ਼ੰਮੀ, ਇਸ਼ਾਂਤ ਸ਼ਰਮਾ।

ਬੰਗਲਾਦੇਸ਼
ਸ਼ਾਦਮਾਨ ਇਸਲਾਮ, ਇਮਰੂਲ ਕੇਯਾਸ, ਮੋਮਿਨੁਲ ਹੱਕ (ਕਪਤਾਨ), ਮੁਹੰਮਦ ਮਿਥੁਨ, ਮੁਸ਼ਫਿਕੁਰ ਰਹੀਮ, ਮਹਿਮਦੁੱਲ੍ਹਾ, ਲਿਟਨ ਦਾਸ (ਵਿਕਟਕੀਪਰ), ਨਈਮ ਹਸਨ, ਮੇਹਦੀ ਹਸਨ, ਅਬੂ ਜਾਇਦ, ਅਲ-ਅਮੀਨ-ਹੁਸੈਨ, ਇਬਾਦਤ ਹੁਸੈਨ।

Tarsem Singh

This news is Content Editor Tarsem Singh