IND v NZ : ਦੂਜੀ ਇਨਿੰਗ ''ਚ ਬੱਲੇਬਾਜ਼ੀ ਕਰਨ ਨਹੀਂ ਉਤਰੇ ਸ਼ੁਭਮਨ ਗਿੱਲ, ਵਜ੍ਹਾ ਆਈ ਸਾਹਮਣੇ

Saturday, Dec 04, 2021 - 06:55 PM (IST)

IND v NZ : ਦੂਜੀ ਇਨਿੰਗ ''ਚ ਬੱਲੇਬਾਜ਼ੀ ਕਰਨ ਨਹੀਂ ਉਤਰੇ ਸ਼ੁਭਮਨ ਗਿੱਲ, ਵਜ੍ਹਾ ਆਈ ਸਾਹਮਣੇ

ਸਪੋਰਟਸ ਡੈਸਕ- ਭਾਰਤ ਤੇ ਨਿਊਜ਼ੀਲੈਂਡ ਦਰਮਿਆਨ ਦੋ ਮੈਚਾਂ ਦੀ ਸੀਰੀਜ਼ ਦਾ ਦੂਜਾ ਤੇ ਆਖ਼ਰੀ ਟੈਸਟ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਖੇਡਿਆ ਗਿਆ। ਦੂਜੇ ਦਿਨ ਭਾਰਤ ਨੂੰ ਉਸ ਸਮੇਂ ਝਟਕਾ ਲੱਗਾ ਜਦੋਂ ਸ਼ੁਭਮਨ ਗਿੱਲ ਸੱਟ ਦਾ ਸ਼ਿਕਾਰ ਹੋਣ ਕਾਰਨ ਦੂਜੀ ਇਨਿੰਗ 'ਚ ਬੱਲੇਬਾਜ਼ੀ ਕਰਨ ਨਹੀਂ ਉਤਰੇ। ਉਨ੍ਹਾਂ ਦੀ ਜਗ੍ਹਾ ਮਯੰਕ ਅਗਰਵਾਲ ਤੇ ਚੇਤੇਸ਼ਵਰ ਪੁਜਾਰਾ ਕ੍ਰੀਜ਼ 'ਤੇ ਨਜ਼ਰ ਆਏ। ਗਿੱਲ ਨੇ ਪਹਿਲੀ ਇਨਿੰਗ 'ਚ 44 ਦੌੜਾਂ ਬਣਾਈਆਂ ਸਨ।

ਨਿਊਜ਼ੀਲੈਂਡ ਦੀ ਪਹਿਲੀ ਪਾਰੀ ਦੇ ਦੌਰਾਨ ਸ਼ੁਭਮਨ ਗਿੱਲ ਦੇ ਗੇਂਦ ਲੱਗੀ ਸੀ ਜਿਸ ਕਾਰਨ ਉਹ ਮੈਦਾਨ 'ਤੇ ਨਹੀਂ ਉਤਰੇ। ਗਿੱਲ 'ਤੇ ਅਪਡੇਟ ਦਿੰਦੇ ਹੋਏ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਕਿਹਾ ਕਿ ਸ਼ੁਭਮਨ ਗਿੱਲ ਨੂੰ ਪਹਿਲੀ ਪਾਰੀ 'ਚ ਫੀਲਡਿੰਗ ਦੇ ਦੌਰਾਨ ਸੱਜੀ ਕੂਹਣੀ 'ਤੇ ਸੱਟ ਲੱਗੀ ਸੀ। ਉਹ ਪੂਰੀ ਤਰ੍ਹਾਂ ਨਾਲ ਠੀਕ ਨਹੀਂ ਹੋਇਆ ਹੈ ਤੇ ਇਸ ਲਈ ਸਾਵਧਾਨੀ ਦੇ ਤੌਰ 'ਤੇ ਮੈਦਾਨ 'ਚ ਨਹੀਂ ਉਤਰਿਆ ਹੈ।

ਜ਼ਿਕਰਯੋਗ ਹੈ ਕਿ ਦੂਜੇ ਟੈਸਟ ਦੇ ਦੂਜੇ ਦਿਨ ਭਾਰਤ ਨੇ ਮਯੰਕ ਅਗਰਵਾਲ ਦੀ ਸੈਂਕੜੇ ਵਾਲੀ ਪਾਰੀ (150 ਦੌੜਾਂ) ਦੀ ਬਦੌਲਤ 325 ਦੌੜਾਂ ਬਣਾਈਆਂ। ਨਿਊਜ਼ੀਲੈਂਡ ਦੇ ਸਪਿਨਰ ਏਜਾਜ਼ ਪਟੇਲ ਪਾਰੀ 'ਚ 10 ਵਿਕਟਾਂ ਲੈਕੇ ਜਿਮ ਲੇਕਰ ਤੇ ਅਨਿਲ ਕੁੰਬਲੇ ਦੇ ਬਾਅਦ ਟੈਸਟ 'ਚ ਅਜਿਹਾ ਕਰਨ ਵਾਲੇ ਤੀਜੇ ਖਿਡਾਰੀ ਬਣੇ। ਹਾਲਾਂਕਿ ਨਿਊਜ਼ੀਲੈਂਡ ਦੇ ਬੱਲੇਬਾਜ਼ ਭਾਰਤੀ ਗੇਂਦਬਾਜ਼ਾਂ ਦੇ ਅੱਗੇ ਟਿੱਕ ਨਹੀਂ ਸਕੇ। ਰਵੀਚੰਦਰਨ ਅਸ਼ਵਿਨ (4) ਤੇ ਮੁਹੰਮਦ ਸਿਰਾਜ (3) ਨੇ ਸ਼ਾਨਦਾਰ ਗੇਂਦਬਾਜ਼ੀ ਦਾ ਪ੍ਰਦਰਸ਼ਨ ਕੀਤਾ ਤੇ ਪਹਿਲੀ ਪਾਰੀ 'ਚ ਨਿਊਜ਼ੀਲੈਂਡ ਨੂੰ 62 ਦੌੜਾਂ 'ਤੇ ਢੇਰ ਕਰ ਦਿੱਤਾ। ਇਸ ਤੋਂ ਬਾਅਦ ਭਾਰਤ ਨੇ ਦੂਜੀ ਪਾਰੀ 'ਚ ਮਯੰਕ ਤੇ ਪੁਜਾਰਾ ਦੀ ਬਦੌਲਤ ਬਿਨਾ ਵਿਕਟ ਗੁਆਏ 69 ਦੌੜਾਂ ਬਣਾਈਆਂ ਤੇ 332 ਦੌੜਾਂ ਦੀ ਬੜ੍ਹਤ ਬਣਾ ਲਈ।


author

Tarsem Singh

Content Editor

Related News