IND v ENG : ਅਸ਼ਵਿਨ ਦਾ ਸ਼ਾਨਦਾਰ ਸੈਂਕੜਾ, ਭਾਰਤ ਦੀ ਸਥਿਤੀ ਮਜ਼ਬੂਤ

02/15/2021 7:52:33 PM

ਚੇਨਈ– ਸਟਾਰ ਆਫ ਸਪਿਨਰ ਆਰ. ਅਸ਼ਵਿਨ ਨੇ ਪਹਿਲੀ ਪਾਰੀ 'ਚ 5 ਵਿਕਟਾਂ ਲੈਣ ਤੋਂ ਬਾਅਦ ਭਾਰਤ ਦੀ ਦੂਜੀ ਪਾਰੀ ਵਿਚ ਸ਼ਾਨਦਾਰ ਸੈਂਕੜਾ (106) ਲਾਇਆ, ਜਿਸ ਦੀ ਬਦੌਲਤ ਭਾਰਤ ਨੇ ਆਪਣੀ ਦੂਜੀ ਪਾਰੀ ਵਿਚ 286 ਦੌੜਾਂ ਬਣਾਈਆਂ ਤੇ ਇੰਗਲੈਂਡ ਦੇ ਸਾਹਮਣੇ ਦੂਜੇ ਕ੍ਰਿਕਟ ਟੈਸਟ ਨੂੰ ਜਿੱਤਣ ਲਈ 482 ਦੌੜਾਂ ਦਾ ਬੇਹੱਦ ਮੁਸ਼ਕਿਲ ਟੀਚਾ ਰੱਖ ਦਿੱਤਾ, ਜਿਸ ਦਾ ਪਿੱਛਾ ਕਰਦੇ ਹੋਏ ਮਹਿਮਾਨ ਟੀਮ ਨੇ ਦਿਨ ਦੀ ਸਮਾਪਤੀ ਤਕ ਆਪਣੀਆਂ 3 ਵਿਕਟਾਂ 53 ਦੌੜਾਂ ’ਤੇ ਗੁਆ ਦਿੱਤੀਆਂ। ਇੰਗਲੈਂਡ ਨੂੰ ਅਜੇ ਵੀ ਜਿੱਤ ਲਈ 429 ਦੌੜਾਂ ਦੀ ਲੋੜ ਹੈ ਜਦਕਿ ਉਸਦੀਆਂ 7 ਵਿਕਟਾਂ ਬਾਕੀ ਹਨ। ਭਾਰਤ ਨੇ ਪਹਿਲੀ ਪਾਰੀ ਵਿਚ 329 ਦੌੜਾਂ ਬਣਾਈਆਂ ਸਨ ਜਦਕਿ ਇੰਗਲੈਂਡ ਦੀ ਟੀਮ 134 ਦੌੜਾਂ ’ਤੇ ਆਊਟ ਹੋ ਗਈ ਸੀ। ਭਾਰਤ ਨੂੰ ਪਹਿਲੀ ਪਾਰੀ ਵਿਚ 195 ਦੌੜਾਂ ਦੀ ਵੱਡੀ ਬੜ੍ਹਤ ਮਿਲੀ ਸੀ।


ਭਾਰਤ ਨੇ ਆਪਣੀ ਦੂਜੀ ਪਾਰੀ ਵਿਚ ਸੋਮਵਾਰ ਨੂੰ ਤੀਜੇ ਦਿਨ ਇਕ ਵਿਕਟ ’ਤੇ 54 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਸੀ ਤੇ ਉਸਦੀ ਪਾਰੀ 286 ਦੌੜਾਂ ’ਤੇ ਜਾ ਕੇ ਖਤਮ ਹੋਈ। ਅਸ਼ਵਿਨ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਤੇ 233 ਮਿੰਟ ਕ੍ਰੀਜ਼ ’ਤੇ ਰਹਿ ਕੇ 148 ਗੇਂਦਾਂ ਦਾ ਸਾਹਮਣਾ ਕੀਤਾ ਤੇ ਆਪਣੇ ਸੈਂਕੜੇ ਵਿਚ 14 ਚੌਕੇ ਤੇ 1 ਛੱਕਾ ਲਾਇਆ। ਅਸ਼ਵਿਨ ਦੇ ਕਰੀਅਰ ਦਾ ਇਹ 5ਵਾਂ ਸੈਂਕੜਾ ਹੈ। ਉਸ ਦਾ ਇੰਗਲੈਂਡ ਵਿਰੁੱਧ ਇਹ ਪਹਿਲਾ ਸੈਂਕੜਾ ਹੈ। ਉਸ ਦੇ ਬਾਕੀ ਚਾਰ ਸੈਂਕੜੇ ਵੈਸਟਇੰਡੀਜ਼ ਵਿਰੁੱਧ ਬਣੇ ਹਨ।
482 ਦੌੜਾਂ ਦੇ ਬੇਹੱਦ ਮੁਸ਼ਕਿਲ ਟੀਚੇ ਦੇ ਸਾਹਮਣੇ ਇੰਗਲੈਂਡ ਨੇ ਖਰਾਬ ਸ਼ੁਰੂਆਤ ਕੀਤੀ ਤੇ ਲੈਫਟ ਆਰਮ ਸਪਿਨਰ ਅਕਸ਼ਰ ਪਟੇਲ ਨੇ ਡੋਮਿਨਿਕ ਸਿਬਲੀ ਨੂੰ ਐੱਲ. ਬੀ. ਡਬਲਯੂ. ਕਰ ਦਿੱਤਾ। ਸਿਬਲੀ ਨੇ 25 ਗੇਂਦਾਂ ਵਿਚ 3 ਦੌੜਾਂ ਬਣਾਈਆਂ ਤੇ ਇੰਗਲੈਂਡ ਦੀ ਪਹਿਲੀ ਵਿਕਟ 17 ਦੇ ਸਕੋਰ ’ਤੇ ਡਿੱਗੀ। ਰੋਰੀ ਬਰਨਸ ਤੇ ਡੇਨੀਅਲ ਲੌਰੈਂਸ ਨੇ ਦੂਜੀ ਵਿਕਟ ਲਈ 32 ਦੌੜਾਂ ਦੀ ਸਾਂਝੇਦਾਰੀ ਕੀਤੀ। ਜਦੋਂ ਅਜਿਹਾ ਲੱਗ ਰਿਹਾ ਸੀ ਕਿ ਇੰਗਲੈਂਡ ਦਿਨ ਦੀ ਬਾਕੀ ਖੇਡ ਨੂੰ ਸੁਰੱਖਿਅਤ ਕੱਢ ਲਵੇਗਾ ਤਾਂ ਅਸ਼ਵਿਨ ਨੇ ਬਰਨਸ ਨੂੰ ਵਿਰਾਟ ਕੋਹਲੀ ਹੱਥੋਂ ਕੈਚ ਕਰਵਾ ਦਿੱਤਾ। ਬਰਨਸ ਨੇ 25 ਦੌੜਾਂ ਬਣਾਈਆਂ। ਇੰਗਲੈਂਡ ਦੀ ਦੂਜੀ ਵਿਕਟ 49 ਦੌੜਾਂ ਦੇ ਸਕੋਰ ’ਤੇ ਡਿੱਗੀ। ਲੈਫਟ ਆਰਮ ਸਪਿਨਰ ਜੈਕ ਲੀਚ ਨੂੰ ਨਾਈਟ ਵਾਚਮੈਨ ਦੇ ਤੌਰ ’ਤੇ ਭੇਜਿਆ ਗਿਆ ਪਰ ਅਕਸ਼ਰ ਨੇ ਲੀਚ ਨੂੰ ਰੋਹਿਤ ਸ਼ਰਮਾ ਦੇ ਹੱਥੋਂ ਉਸ ਨੂੰ ਕੈਚ ਕਰਵਾ ਦਿੱਤਾ। ਇੰਗਲੈਂਡ ਦੀ ਤੀਜੀ ਵਿਕਟ 50 ਦੇ ਸਕੋਰ ’ਤੇ ਡਿੱਗੀ। ਲੀਚ ਦੀ ਵਿਕਟ ਡਿੱਗਣ ਤੋਂ ਬਾਅਦ ਕਪਤਾਨ ਜੋ ਰੂਟ ਨੂੰ ਮੈਦਾਨ ’ਤੇ ਉਤਰਨਾ ਪਿਆ । ਲੌਰੈਂਸ ਤੇ ਰੂਟ ਨੇ ਫੀਲਡਰਾਂ ਨਾਲ ਘਿਰੇ ਹੋਣ ਦੇ ਬਾਵਜੂਦ ਪਟੇਲ ਤੇ ਅਸ਼ਵਿਨ ਦੀਆਂ ਗੇਂਦਾਂ ਦਾ ਸਾਹਮਣਾ ਕੀਤਾ ਤੇ ਬਾਕੀ ਖੇਡ ਵਿਚ ਕੋਈ ਹੋਰ ਨੁਕਸਾਨ ਨਹੀਂ ਹੋਣ ਦਿੱਤਾ। ਸਟੰਪਸ ਦੇ ਸਮੇਂ ਲੌਰੈਂਸ 38 ਗੇਂਦਾਂ ਵਿਚ 2 ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ 19 ਦੌੜਾਂ ਤੇ ਕਪਤਾਨ ਰੂਟ 8 ਗੇਂਦਾਂ ਵਿਚ 2 ਦੌੜਾਂ ਬਣਾ ਕੇ ਕ੍ਰੀਜ਼ ’ਤੇ ਹੈ।


ਇਸ ਤੋਂ ਪਹਿਲਾਂ ਭਾਰਤ ਨੇ ਸਵੇਰੇ ਆਪਣੀ ਪਾਰੀ 1 ਵਿਕਟ ’ਤੇ 54 ਦੌੜਾਂ ਤੋਂ ਅੱਗੇ ਵਧਾਈ। ਰੋਹਿਤ ਸ਼ਰਮਾ ਨੇ 25 ਤੇ ਪੁਜਾਰਾ ਨੇ 7 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਸੀ। ਭਾਰਤ ਨੂੰ ਸਵੇਰੇ ਦੂਜਾ ਝਟਕਾ ਜਲਦੀ ਹੀ ਲੱਗ ਗਿਆ ਜਦੋਂ ਪੁਜਾਰਾ ਆਪਣੇ ਕੱਲ ਦੇ ਸਕੋਰ ’ਤੇ ਹੀ ਰਨ ਆਊਟ ਹੋ ਗਿਆ। ਪਹਿਲੀ ਪਾਰੀ ਵਿਚ 161 ਦੌੜਾਂ ਬਣਾਉਣ ਵਾਲਾ ਰੋਹਿਤ 26 ਦੌੜਾਂ ਬਣਾ ਕੇ ਚੱਲਦਾ ਬਣਿਆ। ਵਿਕਟਕੀਪਰ ਰਿਸ਼ਭ ਪੰਤ ਨੂੰ ਤੇਜ਼ੀ ਨਾਲ ਦੌੜਾਂ ਬਣਾਉਣ ਲਈ ਅਜਿੰਕਯ ਰਹਾਨੇ ਤੋਂ ਉੱਪਰ ਭੇਜਿਆ ਗਿਆ ਪਰ ਉਹ 8 ਦੌੜਾਂ ਬਣਾ ਕੇ ਚਲਦਾ ਬਣਿਆ। ਭਾਰਤ ਨੇ 10 ਦੌੜਾਂ ਦੇ ਫਰਕ ਵਿਚ 3 ਵਿਕਟਾਂ ਗੁਆ ਦਿੱਤੀਆਂ।


ਪਹਿਲੀ ਪਾਰੀ ਵਿਚ ਅਰਧ ਸੈਂਕੜਾ ਬਣਾਉਣ ਵਾਲਾ ਉਪ ਕਪਤਾਨ ਰਹਾਨੇ ਵੀ ਜ਼ਿਆਦਾ ਦੇਰ ਤਕ ਕ੍ਰੀ਼ਜ਼ ’ਤੇ ਨਹੀਂ ਟਿਕ ਸਕਿਆ ਤੇ 10 ਦੌੜਾਂ ਬਣਾ ਕੇ ਚਲਦਾ ਬਣਿਆ। ਡੈਬਿਊ ਟੈਸਟ ਖੇਡ ਰਿਹਾ ਸਪਿਨ ਆਲਰਾਊਂਡਰ ਅਕਸ਼ਰ ਪਟੇਲ ਵੀ 7 ਦੌੜਾਂ ਹੀ ਬਣਾ ਸਕਿਆ। ਭਾਰਤ ਦੀਆਂ 6 ਵਿਕਟਾਂ 106 ਦੌੜਾਂ ’ਤੇ ਡਿੱਗ ਚੁੱਕੀਆਂ ਸਨ ਤੇ ਭਾਰਤ ਦੀ ਦੂਜੀ ਪਾਰੀ ਵੱਡੇ ਸੰਕਟ ਵਿਚ ਦਿਖਾਈ ਦੇ ਰਹੀ ਸੀ। ਕਪਤਾਨ ਵਿਰਾਟ ਕੋਹਲੀ ਨੂੰ ਇਸ ਤੋਂ ਬਾਅਦ ਅਸ਼ਵਿਨ ਦੇ ਰੂਪ ਵਿਚ ਇਕ ਵਧੀਆ ਜੋੜੀਦਾਰ ਮਿਲਿਆ ਤੇ ਉਨ੍ਹਾਂ ਦੋਵਾਂ ਨੇ 7ਵੀਂ ਵਿਕਟ ਲਈ 96 ਦੌੜਾਂ ਦੀ ਮਹੱਤਵਪੂਰਣ ਸਾਂਝੇਦਾਰੀ ਕਰਕੇ ਭਾਰਤ ਨੂੰ 200 ਦੇ ਪਾਰ ਪਹੁੰਚਾਇਆ। ਪਹਿਲੇ ਟੈਸਟ ਦੀ ਦੂਜੀ ਪਾਰੀ ਵਿਚ ਅਰਧ ਸੈਂਕੜਾ ਬਣਾਉਣ ਵਾਲੇ ਵਿਰਾਟ ਨੇ ਦੂਜੇ ਟੈਸਟ ਦੀ ਦੂਜੀ ਪਾਰੀ ਵਿਚ ਵੀ ਅਰਧ ਸੈਂਕੜਾ ਬਣਾਇਆ। ਵਿਰਾਟ ਨੇ 149 ਗੇਂਦਾਂ ਵਿਚ 7 ਚੌਕਿਆਂ ਦੀ ਮਦਦ ਨਾਲ 62 ਦੌੜਾਂ ਬਣਾਈਆਂ। 
ਵਿਰਾਟ ਪਹਿਲੀ ਪਾਰੀ ਵਿਚ ਖਾਤਾ ਖੋਲ੍ਹੇ ਬਿਨਾਂ ਮੋਇਨ ਦੀ ਗੇਂਦ ’ਤੇ ਬੋਲਡ ਹੋਇਆ ਸੀ ਜਦਕਿ ਦੂਜੀ ਪਾਰੀ ਵਿਚ ਮੋਇਨ ਨੇ ਉਸ ਨੂੰ ਐੱਲ. ਬੀ. ਡਬਲਯੂ. ਕੀਤਾ। ਵਿਰਾਟ ਦੇ ਕਰੀਅਰ ਦਾ ਇਹ 25ਵਾਂ ਅਰਧ ਸੈਂਕੜਾ ਸੀ। ਭਾਰਤ ਦੀ 7ਵੀਂ ਵਿਕਟ 202 ਦੇ ਸਕੋਰ ’ਤੇ ਡਿੱਗੀ। ਕੁਲਦੀਪ ਯਾਦਵ ਸਿਰਫ 3 ਦੌੜਾਂ ਬਣਾ ਕੇ ਜਲਦੀ ਹੀ ਪੈਵੇਲੀਅਨ ਪਰਤ ਗਿਆ। ਕੁਲਦੀਪ ਨੂੰ ਵੀ ਮੋਇਨ ਨੇ ਐੱਲ. ਬੀ. ਡਬਲਯੂ. ਆਊਟ ਕੀਤਾ। ਇਸ਼ਾਂਤ ਸ਼ਰਮਾ ਨੇ 24 ਗੇਂਦਾਂ ’ਤੇ 7 ਦੌੜਾਂ ਬਣਾਈਆਂ ਤੇ ਉਹ 9ਵੇਂ ਬੱਲੇਬਾਜ਼ ਦੇ ਰੂਪ ਵਿਚ 237 ਦੇ ਸਕੋਰ ’ਤੇ ਆਊਟ ਹੋਇਆ। ਅਸ਼ਵਿਨ ਨੇ ਫਿਰ ਆਖਰੀ ਬੱਲੇਬਾਜ਼ ਮੁਹੰਮਦ ਸਿਰਾਜ ਨਾਲ ਆਖਰੀ ਵਿਕਟ ਲਈ 49 ਦੌੜਾਂ ਦੀ ਮਹੱਤਵਪੂਰਨ ਸਾਂਝੇਦਾਰੀ ਕੀਤੀ ਤੇ ਇਸ ਦੌਰਾਨ ਉਸ ਨੇ ਆਪਣਾ 5ਵਾਂ ਅਰਧ ਸੈਂਕੜਾ ਵੀ ਪੂਰਾ ਕਰ ਲਿਆ। ਅਸ਼ਵਿਨ ਦੀ ਪਾਰੀ ਦਾ ਅੰਤ ਤੇਜ਼ ਗੇਂਦਬਾਜ਼ ਓਲੀ ਸਟੋਨ ਨੇ ਉਸ ਨੂੰ ਬੋਲਡ ਕਰਕੇ ਕੀਤਾ। ਸਿਰਾਜ 21 ਗੇਂਦਾਂ ਵਿਚ 2 ਛੱਕਿਆਂ ਦੀ ਬਦੌਲਤ 16 ਦੌੜਾਂ ਬਣਾ ਕੇ ਅਜੇਤੂ ਰਿਹਾ। ਇੰਗਲੈਂਡ ਵਲੋਂ ਲੀਚ ਨੇ ਸਭ ਤੋਂ ਵੱਧ 33 ਓਵਰਾਂ ਵਿਚ 100 ਦੌੜਾਂ ਦੇ ਕੇ 4 ਵਿਕਟਾਂ ਤੇ ਮੋਇਨ ਅਲੀ ਨੇ 32 ਓਵਰਾਂ ਵਿਚ 100 ਦੌੜਾਂ ਦੇ ਕੇ 4 ਵਿਕਟਾਂ ਤੇ ਮੋਇਨ ਅਲੀ ਨੇ 32 ਓਵਰਾਂ ਵਿਚ 98 ਦੌੜਾਂ ਦੇ ਕੇ 4 ਵਿਕਟਾਂ ਲਈਆਂ। ਸਟੋਨ ਨੂੰ 21 ਦੌੜਾਂ ’ਤੇ ਇਕ ਵਿਕਟ ਮਿਲੀ।

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh