ਮਿਸਰ ਦੇ ਮੋਸਾਦ ਨੂੰ ਹਰਾ ਕੇ ਘੋਸ਼ਾਲ ਫਾਈਨਲ ''ਚ

11/10/2017 10:31:24 AM

ਮੁੰਬਈ, (ਬਿਊਰੋ)— ਰਾਸ਼ਟਰੀ ਚੈਂਪੀਅਨ ਅਤੇ ਤੀਜਾ ਦਰਜਾ ਪ੍ਰਾਪਤ ਸੌਰਵ ਘੋਸ਼ਾਲ ਨੇ ਅੱਜ ਇੱਥੇ ਸੈਮੀਫਾਈਨਲ 'ਚ ਦੂਜਾ ਦਰਜਾ ਪ੍ਰਾਪਤ ਮਿਸਰ ਦੇ ਉਮਰ ਮੋਸਾਦ ਨੂੰ 3-1 ਹਰਾ ਕੇ 50000 ਡਾਲਰ ਇਨਾਮੀ ਸੀ.ਸੀ.ਆਈ. ਕੌਮਾਂਤਰੀ ਜੇ.ਐੱਸ.ਡਬਲਯੂ. ਇੰਡੀਅਨ ਸਕੁਐਸ਼ ਸਰਕਟ ਦੇ ਫਾਈਨਲ 'ਚ ਪ੍ਰਵੇਸ ਕੀਤਾ। 

ਦੁਨੀਆ ਦੇ 21ਵੇਂ ਨੰਬਰ ਦੇ ਖਿਡਾਰੀ ਘੋਸ਼ਾਲ ਨੇ ਪੀ.ਐੱਸ.ਏ. ਟੂਰ 'ਤੇ 20ਵੇਂ ਨੰਬਰ ਦੇ ਆਪਣੇ ਮਿਸਰ ਦੇ ਮੁਕਾਬਲੇਬਾਜ਼ ਨੂੰ 11-4, 11-8, 11-7 ਨਾਲ ਹਰਾ ਕੇ ਸ਼ੁੱਕਰਵਾਰ ਨੂੰ ਹੋਣ ਵਾਲੇ ਫਾਈਨਲ 'ਚ ਜਗ੍ਹਾ ਬਣਾਈ। ਫਾਈਨਲ 'ਚ ਘੋਸ਼ਾਲ ਦਾ ਸਾਹਮਣਾ ਸਵਿਟਜ਼ਰਲੈਂਡ ਦੇ ਨਿਕੋਲਸ ਯੂਲਰ ਨਾਲ ਹੋਵੇਗਾ ਜਿਨ੍ਹਾਂ ਨੇ ਸੈਮੀਫਾਈਨਲ 'ਚ ਭਾਰਤ ਦੇ 25 ਸਾਲਾ ਵਾਈਲਡ ਕਾਰਡ ਧਾਰਕ ਰਮਿਤ ਟੰਡਨ ਨੂੰ ਹਰਾਇਆ। ਦੁਨੀਆ ਦੇ 27ਵੇਂ ਨੰਬਰ ਦੇ ਖਿਡਾਰੀ ਯੂਲਰ ਨੇ ਦੁਨੀਆ ਦੇ 201ਵੇਂ ਨੰਬਰ ਦੇ ਭਾਰਤੀ ਖਿਡਾਰੀ ਨੂੰ 32 ਮਿੰਟ 'ਚ 11-6, 11-8, 11-7 ਨਾਲ ਹਰਾਇਆ।