ICC ਟੀ20 ਰੈਂਕਿੰਗ : ਰਾਹੁਲ ਤੀਜੇ ਸਥਾਨ ’ਤੇ ਬਰਕਰਾਰ, ਕੋਹਲੀ 7ਵੇਂ ਸਥਾਨ ’ਤੇ ਪਹੁੰਚਿਆ

12/23/2020 8:55:18 PM

ਦੁਬਈ– ਲੋਕੇਸ਼ ਰਾਹੁਲ ਬੁੱਧਵਾਰ ਨੂੰ ਜਾਰੀ ਆਈ. ਸੀ. ਸੀ. (ਕੌਮਾਂਤਰੀ ਕ੍ਰਿਕਟ ਪ੍ਰੀਸ਼ਦ) ਦੀ ਪੁਰਸ਼ ਟੀ-20 ਕੌਮਾਂਤਰੀ ਖਿਡਾਰੀਆਂ ਦੀ ਬੱਲੇਬਾਜ਼ੀ ਰੈਂਕਿੰਗ ’ਚ ਤੀਜੇ ਸਥਾਨ ’ਤੇ ਬਰਕਰਾਰ ਹੈ, ਜਦਕਿ ਭਾਰਤੀ ਕਪਤਾਨ ਵਿਰਾਟ ਕੋਹਲੀ ਇਕ ਸਥਾਨ ਦੇ ਸੁਧਾਰ ਨਾਲ 7ਵੇਂ ਸਥਾਨ ’ਤੇ ਪਹੁੰਚ ਗਏ ਹਨ। ਰਾਹੁਲ ਅਤੇ ਕੋਹਲੀ ਹੀ ਸਿਰਫ 2 ਭਾਰਤੀ ਬੱਲੇਬਾਜ਼ ਹਨ ਜੋ ਤਿੰਨ ਵਰਗਾਂ-ਬੱਲੇਬਾਜ਼ੀ, ਗੇਂਦਬਾਜ਼ੀ ਅਤੇ ਆਲਰਾਊਂਡਰ, ਦੀ ਖਿਡਾਰੀਆਂ ਦੀ ਰੈਂਕਿੰਗ ’ਚ ਟਾਪ-10 ’ਚ ਸ਼ਾਮਲ ਹਨ। ਰਾਹੁਲ 816 ਅੰਕਾਂ ਨਾਲ ਡੇਵਿਡ ਮਲਾਨ (915) ਅਤੇ ਬਾਬਰ ਆਜ਼ਮ (820) ਤੋਂ ਪਿੱਛੇ ਹੈ ਜਦਕਿ ਕੋਹਲੀ ਦੇ 697 ਅੰਕ ਹਨ। ਕੋਹਲੀ ਸਾਰੇ ਫਾਰਮੈੱਟ ’ਚ ਟਾਪ-10 ਰੈਂਕਿੰਗ ’ਚ ਸ਼ਾਮਲ ਹੈ। ਉਹ ਵਨ ਡੇ ਬੱਲੇਬਾਜ਼ੀ ਰੈਂਕਿੰਗ ’ਚ ਟਾਪ ’ਤੇ ਹੈ ਜਦਕਿ ਟੈਸਟ ਬੱਲੇਬਾਜ਼ੀ ਰੈਂਕਿੰਗ ’ਚ ਦੂਜੇ ਸਥਾਨ ’ਤੇ ਹੈ।
ਹੋਰ ਖਿਡਾਰੀਆਂ ’ਚ ਨਿਊਜ਼ੀਲੈਂਡ ਦੇ ਸਲਾਮੀ ਬੱਲੇਬਾਜ਼ ਟਿਮ ਸਿਫਰਟ ਅਤੇ ਤੇਜ਼ ਗੇਂਦਬਾਜ਼ ਟਿਮ ਸਾਊਦੀ ਨੇ ਪਾਕਿਸਤਾਨ ਵਿਰੁੱਧ ਲੜੀ ’ਚ ਮੁੱਖ ਭੂਮਿਕਾ ਨਿਭਾਉਂਦੇ ਹੋਏ ਕੈਰੀਅਰ ਦਾ ਸਰਵਉੱਚ ਸਥਾਨ ਹਾਸਲ ਕੀਤਾ। ਸਿਫਰਟ ਲੜੀ ’ਚ ਕੁੱਲ 176 ਦੌੜਾਂ ਬਣਾਉਣ ਨਾਲ 24 ਸਥਾਨਾਂ ਦੀ ਛਲਾਂਗ ਲਗਾ ਕੇ 9ਵੇਂ ਸਥਾਨ ’ਤੇ ਪਹੁੰਚ ਗਿਆ ਹੈ ਜਦਕਿ ਸਾਊਦੀ 13ਵੇਂ ਸਥਾਨ ਤੋਂ 7ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਸਾਊਦੀ ਆਪਣੇ ਕੈਰੀਅਰ ’ਚ ਸਾਰੇ ਫਾਰਮੈਟ ’ਚ ਟਾਪ-10 ’ਚ ਪਹੁੰਚਣ ’ਚ ਵੀ ਸਫਲ ਰਿਹਾ ਹੈ।
ਟੀ-20 ਗੇਂਦਬਾਜ਼ਾਂ ਅਤੇ ਆਲਰਾਊਂਡਰ ਰੈਂਕਿੰਗ ’ਚ ਕ੍ਰਮਵਾਰ ਅਫਗਾਨਿਸਤਾਨ ਦੇ ਰਾਸ਼ਿਦ ਖਾਨ ਅਤੇ ਮੁੰਹਮਦ ਨਬੀ ਟਾਪ ’ਤੇ ਹਨ। ਆਈ. ਸੀ. ਸੀ. ਪੁਰਸ਼ ਟੀ-20 ਕੌਮਾਂਤਰੀ ਟੀਮ ਰੈਂਕਿੰਗ ’ਚ ਪਾਕਿਸਤਾਨ ਨੂੰ 3 ਅੰਕਾਂ ਦਾ ਨੁਕਸਾਨ ਹੋਇਆ ਜਦਕਿ ਨਿਊਜ਼ੀਲੈਂਡ ਨੂੰ 3 ਅੰਕਾਂ ਦਾ ਫਾਇਦਾ ਹੋਇਆ ਹੈ। ਹਾਲਾਂਕਿ ਪਾਕਿਸਤਾਨ ਆਪਣੇ ਚੌਥੇ ਅਤੇ ਨਿਊਜ਼ੀਲੈਂਡ 6ਵੇਂ ਸਥਾਨ ’ਤੇ ਕਾਇਮ ਹਨ। ਇੰਗਲੈਂਡ 275 ਰੇਟਿੰਗ ਅੰਕਾਂ ਨਾਲ ਟੀਮ ਰੈਂਕਿੰਗ ’ਚ ਟਾਪ ’ਤੇ ਹੈ ਜਦਕਿ ਆਸਟ੍ਰੇਲੀਆ (272) ਅਤੇ ਭਾਰਤ (268) ਅੰਕਾਂ ਨਾਲ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ ’ਤੇ ਹਨ।

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ। 

Gurdeep Singh

This news is Content Editor Gurdeep Singh