ਬੀ. ਸੀ. ਸੀ. ਆਈ. ਤੋਂ ਮੁਆਵਜ਼ੇ ਦੇ ਦਾਅਵੇ ''ਤੇ ਪਾਕਿ ਹੋਇਆ ਸ਼ਰਮਸਾਰ

10/22/2017 11:51:35 PM

ਕਰਾਚੀ— ਪਾਕਿਸਤਾਨ ਕ੍ਰਿਕਟ ਬੋਰਡ 2015 ਤੋਂ 2023 ਵਿਚਾਲੇ 6 ਦੋ-ਪੱਖੀ ਲੜੀਆਂ ਦੇ ਆਯੋਜਨ ਲਈ ਹੋਏ ਐੱਮ. ਓ. ਯੂ. ਦਾ ਸਨਮਾਨ ਨਾ ਕਰਨ ਲਈ ਬੀ. ਸੀ. ਸੀ. ਆਈ. ਤੋਂ ਮੁਆਵਜ਼ਾ ਮੰਗਣ ਦੀ ਆਪਣੀ ਯੋਜਨਾ ਨੂੰ ਲੈ ਕੇ ਸ਼ਰਮਨਾਕ ਸਥਿਤੀ 'ਚ ਘਿਰ ਗਿਆ ਹੈ। ਸਾਬਕਾ ਮੁਖੀ ਸ਼ਹਿਰਯਾਰ ਖਾਨ ਨੇ ਪੀ. ਸੀ. ਬੀ. ਨੂੰ ਅਜੀਬ ਸਥਿਤੀ ਵਿਚ ਪਾ ਦਿੱਤਾ, ਜਦੋਂ ਇਸ ਹਫਤੇ ਲਾਹੌਰ ਵਿਚ ਉਸ ਨੇ ਮੀਡੀਆ ਨੂੰ ਕਿਹਾ ਕਿ ਬੀ. ਸੀ. ਸੀ. ਆਈ. ਵਿਰੁੱਧ ਪਾਕਿਸਤਾਨ ਦਾ ਮਾਮਲਾ ਕਮਜ਼ੋਰ ਹੈ ਤੇ ਉਸ ਨੂੰ ਮੁਆਵਜ਼ਾ ਮਿਲਣ ਦੀ ਸੰਭਾਵਨਾ ਨਹੀਂ ਹੈ। ਸ਼ਹਿਰਯਾਰ ਨੇ ਕਿਹਾ ਕਿ ਪਾਕਿਸਤਾਨ ਦਾ ਮਾਮਲਾ ਕਮਜ਼ੋਰ ਹੈ ਕਿਉਕਿ ਐੱਮ. ਓ. ਯੂ. ਵਿਚ ਨਿਯਮ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਸਾਰੀਆਂ ਲੜੀਆਂ ਸਰਕਾਰ ਤੋਂ ਮਨਜ਼ੂਰੀ ਮਿਲਣ 'ਤੇ ਨਿਰਭਰ ਕਰਨਗੀਆਂ। ਬੀ. ਸੀ. ਸੀ. ਆਈ. ਲਗਾਤਾਰ ਕਹਿੰਦਾ ਰਿਹਾ ਹੈ ਕਿ ਉਹ ਉਦੋਂ ਤਕ ਪਾਕਿਸਤਾਨ ਨਾਲ ਨਹੀਂ ਖੇਡ ਸਕਦਾ, ਜਦੋਂ ਤਕ ਉਸ ਦੀ ਸਰਕਾਰ ਦੋ-ਪੱਖੀ ਕ੍ਰਿਕਟ ਲਈ ਉਸ ਨੂੰ ਮਨਜ਼ੂਰੀ ਨਹੀਂ ਦੇ ਦਿੰਦੀ। 
ਜ਼ਿਕਰਯੋਗ ਹੈ ਕਿ ਸ਼ਹਿਰਯਾਰ ਦੇ ਕਾਰਜਕਾਲ ਦੌਰਾਨ ਹੀ ਕੁਝ ਮਹੀਨੇ ਪਹਿਲਾਂ ਪੀ. ਸੀ. ਬੀ. ਦੇ ਸੰਚਾਲਨ ਮੰਡਲ ਨੇ ਆਈ. ਸੀ. ਸੀ. ਦੀ ਵਿਵਾਦ ਨਿਪਟਾਰਾ ਕਮੇਟੀ ਵਿਚ ਮੁਆਵਜ਼ੇ  ਦੇ ਦਾਅਵੇ ਨੂੰ ਮਨਜ਼ੂਰੀ ਦਿੱਤੀ ਸੀ ਤੇ ਮੁਆਵਜ਼ੇ ਦੇ ਤੌਰ 'ਤੇ 7 ਕਰੋੜ ਡਾਲਰ ਮੰਗੇ ਸਨ। ਸ਼ਹਿਰਯਾਰ ਤੇ ਸੰਚਾਲਨ ਮੰਡਲ ਨੇ ਨਾਲ ਹੀ ਮਾਮਲੇ ਨੂੰ ਦਾਇਰ ਕਰਨ ਤੇ ਲੜਨ ਦੇ ਕਾਨੂੰਨੀ ਖਰਚੇ ਲਈ 10 ਲੱਖ ਡਾਲਰ ਦੀ ਰਾਸ਼ੀ ਨੂੰ ਵੀ ਮਨਜ਼ੂਰੀ ਦਿੱਤੀ ਸੀ।