ਲਾਲ ਗੇਂਦ ਨਾਲ ਗੇਂਦਬਾਜ਼ੀ ਕਰਨ ’ਚ ਵੀ ਮਾਹਿਰ ਹਾਂ : ਸੁੰਦਰ

01/15/2021 9:25:20 PM

ਬ੍ਰਿਸਬੇਨ- ਵਾਸ਼ਿੰਗਟਨ ਸੁੰਦਰ ਨੇ ਆਸਟਰੇਲੀਆ ਵਿਰੁੱਧ ਸ਼ੁੱਕਰਵਾਰ ਨੂੰ ਟੈਸਟ ਡੈਬਿਊ ਤੋਂ ਪਹਿਲਾਂ ਪਹਿਲੀ ਸ਼੍ਰੇਣੀ ਵਿਚ ਸਿਰਫ 285 ਓਵਰ ਹੀ ਕੀਤੇ ਸਨ ਤੇ ਸਟੀਵ ਸਮਿਥ ਨੂੰ ਆਊਟ ਕਰਨ ਵਾਲੇ ਤਾਮਿਲਨਾਡੂ ਦੇ ਇਸ ਆਫ ਸਪਿਨਰ ਨੇ ਕਿਹਾ ਕਿ ਉਹ ਟੀਮ ਦੀ ਲੋੜ ਅਨੁਸਾਰ ਇਕ ਪਾਰੀ ਵਿਚ 50 ਓਵਰ ਕਰਨ ਲਈ ਤਿਆਰ ਹੈ। ਉਹ ਪਹਿਲੇ ਦਿਨ ਸਮਿਥ ਦੇ ਨਾਲ ਜੰਗ ਜਿੱਤਣ ਵਿਚ ਸਫਲ ਰਿਹਾ।


ਸੁੰਦਰ ਨੇ ਦਿਨ ਦੀ ਖੇਡ ਖਤਮ ਹੋਣ ਤੋਂ ਬਾਅਦ ਕਿਹਾ,‘‘ਮੈਂ ਸ਼ੁਰੂ ਤੋਂ ਮੰਨਦਾ ਰਿਹਾ ਹਾਂ ਕਿ ਮੈਂ ਲਾਲ ਗੇਂਦ ਨਾਲ ਵੀ ਚੰਗੀ ਗੇਂਦਬਾਜ਼ੀ ਕਰ ਸਕਦਾ ਹਾਂ। ਮੈਂ ਪਹਿਲੀ ਸ਼੍ਰੇਣੀ ਕ੍ਰਿਕਟ ਤੇ ਚੇਨਈ ਵਿਚ ਪਹਿਲੀ ਡਿਵੀਜ਼ਨ ਲੀਗ ਵਿਚ ਕਾਫੀ ਓਵਰ ਕੀਤੇ ਹਨ। ਮੈਂ ਪਿਛਲੇ ਦੋ ਮਹੀਨਿਆਂ ਤੋਂ ਇਸ ਮੌਕੇ ਦਾ ਇੰਤਜ਼ਾਰ ਕਰ ਰਿਹਾ ਸੀ। ਇਸ ਵਿਚਾਲੇ ਮੈਂ ਇੱਥੇ ਕਾਫੀ ਓਵਰ ਕੀਤੇ ਤੇ ਆਪਣੀ ਕਲਾ ਨੂੰ ਨਿਖਾਰਿਆ।’’
ਸੁੰਦਰ ਨੇ 2017 ਤੋਂ ਕੋਈ ਪਹਿਲੀ ਸ਼੍ਰੇਣੀ ਮੈਚ ਨਹੀਂ ਖੇਡਿਆ ਹੈ ਪਰ ਉਸ ਨੂੰ ਲੱਗਦਾ ਹੈ ਕਿ ਉਸ ਵਿਚ ਲੰਬੇ ਸਪੈੱਲ ਕਰਨ ਲਈ ਦਮਖਮ ਹੈ। ਉਸ ਨੇ ਕਿਹਾ,‘‘ਕਿਸੇ ਵੀ ਗੇਂਦਬਾਜ਼ ਦੀ ਤਰ੍ਹਾਂ ਮੈਨੂੰ ਵੀ ਵੱਧ ਤੋਂ ਵੱਧ ਓਵਰ ਕਰਨਾ ਪਸੰਦ ਹੈ। ਵਧੇਰੇ ਓਵਰ ਕਰਨ ਦਾ ਵੱਖਰਾ ਹੀ ਮਜ਼ਾ ਹੈ। ਤੁਸੀਂ ਮੇਰੇ ਕੋਲੋਂ 20,30,40 ਜਾਂ 50 ਓਵਰ ਕਰਵਾ ਸਕਦੇ ਹੋ। ਅਸੀਂ ਸਟੀਵ ਸਮਿਥ ਤੇ ਲਾਬੂਸ਼ੇਨ ਲਈ ਰਣਨੀਤੀ ਬਣਾਈ ਸੀ ਤੇ ਮੈਨੂੰ ਖੁਸ਼ੀ ਹੈ ਕਿ ਅਸੀਂ ਉਸ ਵਿਚ ਸਫਲ ਰਹੇ। ਪਹਿਲੀ ਵਿਕਟ ਲੈਣ ’ਤੇ ਅਸਲ ਵਿਚ ਖੁਸ਼ੀ ਮਿਲੀ।’’

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh