ਹਸੀ ਨੇ ਚੈਂਪੀਅਨਸ ਟਰਾਫੀ ''ਚ ਵਿਰਾਟ ਦੇ ਪ੍ਰਦਰਸ਼ਨ ਸਬੰਧੀ ਦਿੱਤਾ ਇਹ ਵੱਡਾ ਬਿਆਨ

05/26/2017 6:33:48 PM

ਨਵੀਂ ਦਿੱਲੀ— ਵਿਰਾਟ ਕੋਹਲੀ ਭਾਵੇਂ ਹੀ ਆਈ.ਪੀ.ਐੱਲ. ਦੇ ਹਾਲ 'ਚ ਖਤਮ ਹੋਏ ਟੂਰਨਾਮੈਂਟ 'ਚ ਉਮੀਦ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਸਕੇ ਪਰ ਆਸਟਰੇਲੀਆ ਦੇ ਸਾਬਕਾ ਬੱਲੇਬਾਜ਼ ਮਾਈਕ ਹਸੀ ਨੇ ਕਿਹਾ ਕਿ ਵਿਰੋਧੀ ਟੀਮਾਂ ਆਪਣੇ ਜੋਖਮ 'ਤੇ ਹੀ ਭਾਰਤੀ ਕਪਤਾਨ ਨੂੰ ਹਲਕੇ 'ਚ ਲੈ ਸਕਦੀਆਂ ਹਨ। 
ਹਸੀ ਨੇ ਆਈ.ਸੀ.ਸੀ. ਪ੍ਰਤੀਯੋਗਿਤਾ ਤੋਂ ਪਹਿਲਾਂ ਗੱਲਬਾਤ ਦੌਰਾਨ ਪੱਤਰਕਾਰਾਂ ਨੂੰ ਕਿਹਾ, ''ਉਹ ਭਰੋਸੇਯੋਗ ਖਿਡਾਰੀ ਹੈ ਅਤੇ ਜੋ ਵੀ ਇਸ ਟੂਰਨਾਮੈਂਟ 'ਚ ਉਸ ਨੂੰ ਘੱਟ ਸਮਝੇਗਾ ਉਸ ਨੂੰ ਨੁਕਸਾਨ ਝੱਲਣਾ ਪਵੇਗਾ। ਤੁਸੀਂ ਉਸ ਵਰਗੇ ਖਿਡਾਰੀ ਨੂੰ ਲੰਬੇ ਸਮੇਂ ਤੱਕ ਸ਼ਾਂਤ ਨਹੀਂ ਰੱਖ ਸਕਦੇ ਅਤੇ ਮੈਨੂੰ ਯਕੀਨ ਹੈ ਕਿ ਉਹ ਇੰਗਲੈਂਡ 'ਚ ਚੰਗਾ ਪ੍ਰਦਰਸ਼ਨ ਕਰਨ ਅਤੇ ਦੁਨੀਆ ਨੂੰ ਇਕ ਵਾਰ ਫਿਰ ਆਪਣਾ ਪੱਧਰ ਦਿਖਾਉਣ ਦੇ ਲਈ ਵਚਨਬੱਧ ਹੈ।'' ਹਸੀ ਨੇ ਨਾਲ ਹੀ ਕਿਹਾ ਕਿ ਚੋਟੀ ਦੇ ਭਾਰਤੀ ਬੱਲੇਬਾਜ਼ਾਂ ਦੀ ਲੈਅ ਦਾ ਵੀ ਸਾਬਕਾ ਚੈਂਪੀਅਨ ਟੀਮ ਦੀ ਸੰਭਾਵਨਾਵਾਂ 'ਤੇ ਅਸਰ ਨਹੀਂ ਹੋਵੇਗਾ। 
ਉਨ੍ਹਾਂ ਕਿਹਾ, ''ਮੈਨੂੰ ਨਹੀਂ ਲਗਦਾ ਕਿ ਇਸ ਦਾ ਵੱਧ ਅਸਰ ਹੋਵੇਗਾ। ਇਹ ਅਲਗ ਦੇਸ਼ 'ਚ ਅਲਗ ਟੂਰਨਾਮੈਂਟ ਹੈ, ਅਲਗ ਟੀਮਾਂ ਹਨ ਅਤੇ ਅਲਗ ਹਾਲਾਤ ਹਨ। ਇਹ ਸਿਰਫ ਚੰਗੀ ਸ਼ੁਰੂਆਤ ਕਰਨਾ ਅਤੇ ਕੁਝ ਲੈਅ ਹਾਸਲ ਕਰਨ ਦੇ ਇਲਾਵਾ ਟੂਰਨਾਮੈਂਟ ਦੇ ਸ਼ੁਰੂ 'ਚ ਆਤਮਵਿਸ਼ਵਾਸ ਹਾਸਲ ਕਰਨਾ ਹੈ।'' ਹਸੀ ਨੂੰ ਲਗਦਾ ਹੈ ਕਿ ਤਿੰਨ ਸਥਾਨਾਂ ਬਰਮਿੰਘਮ, ਕਾਰਡਿਫ ਅਤੇ ਦਿ ਓਵਲ 'ਚ ਸਪਿਨਰਾਂ ਦੀ ਵੀ ਭੂਮਿਕਾ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਮੈਂ ਪਿੱਚਾਂ ਨਹੀਂ ਦੇਖੀਆਂ ਹਨ। ਇਸ ਲਈ ਮੇਰੇ ਲਈ ਕੁਝ ਵੀ ਬੋਲਣਾ ਮੁਸ਼ਕਲ ਹੈ ਪਰ ਜੇਕਰ ਉਹ ਸੁੱਕੀਆਂ ਹਨ ਤਾਂ ਮੈਨੂੰ ਯਕੀਨੀ ਤੌਰ 'ਤੇ ਲਗਦਾ ਹੈ ਕਿ ਸਪਿਨਰ ਟੂਰਨਾਮੈਂਟ 'ਚ ਭੂਮਿਕਾ ਨਿਭਾ ਸਕਦੇ ਹਨ।