ਫਿਡੇ ਮਹਿਲਾ ਗ੍ਰਾਂ. ਪ੍ਰੀ. ਸ਼ਤਰੰਜ-2019 : ਹੰਪੀ ਨੇ ਸਵੀਡਨ ਦੀ ਕ੍ਰਾਮਲਿੰਗ ਨੂੰ ਹਰਾਇਆ

09/18/2019 3:03:27 PM

ਮਾਸਕੋ (ਨਿਕਲੇਸ਼ ਜੈਨ) ਫਿਡੇ ਮਹਿਲਾ ਗ੍ਰਾਂ. ਪ੍ਰੀ.  ਸ਼ਤਰੰਜ ਚੈਂਪੀਅਨਸ਼ਿਪ ਵਿਚ 6 ਰਾਊਂਡ ਤੋਂ ਬਾਅਦ ਭਾਰਤ ਦੀ ਚੋਟੀ ਮਹਿਲਾ ਖਿਡਾਰੀ ਕੋਨੇਰੂ ਹੰਪੀ 4 ਅੰਕਾਂ ਨਾਲ ਸਾਂਝੇ ਤੌਰ 'ਤੇ ਦੂਜੇ ਸਥਾਨ 'ਤੇ ਪਹੁੰਚ ਗਈ ਹੈ ਜਦਕਿ ਮੌਜੂਦਾ ਵਿਸ਼ਵ ਚੈਂਪੀਅਨ ਚੀਨ ਦੀ ਜੂ ਵੇਂਜੂਨ 4.5 ਅੰਕਾਂ ਨਾਲ ਸਭ ਤੋਂ ਅੱਗੇ ਚੱਲ ਰਹੀ ਹੈ। ਪ੍ਰਤੀਯੋਗਿਤਾ ਦੇ ਛੇਵੇਂ ਰਾਊਂਡ ਵਿਚ ਕੋਨੇਰੂ ਹੰਪੀ ਨੇ ਸਵੀਡਨ ਦੀ ਪਿਯਾ ਕ੍ਰਾਮਲਿੰਗ ਨੂੰ ਹਰਾਉਂਦਿਆਂ ਆਪਣੀ ਦੂਜੀ ਜਿੱਤ ਦਰਜ ਕੀਤੀ। ਇੰਗਲਿਸ਼ ਓਪਨਿੰਗ ਵਿਚ ਕਾਲੇ ਮੋਹਰਿਆਂ ਨਾਲ ਖੇਡਦੇ ਹੋਏ ਉਸ ਨੇ 40 ਚਾਲਾਂ ਵਿਚ ਮੈਚ ਆਪਣੇ ਨਾਂ ਕੀਤਾ। ਹੁਣ ਤਕ ਉਹ 2 ਜਿੱਤਾਂ ਤੇ 4 ਡਰਾਅ ਖੇਡ ਚੁੱਕੀ ਹੈ।

ਉਥੇ ਹੀ ਵਿਸ਼ਵ ਚੈਂਪੀਅਨਸ਼ਿਪ ਚੈਲੰਜਰ ਰੂਸ ਦੀ ਅਲਕਸਾਂਦ੍ਰਾ ਗੋਰਯਾਚਿਕਨਾ ਨੇ ਭਾਰਤ ਦੀ ਹਰਿਕਾ ਦ੍ਰੋਣਾਵਲੀ ਨੂੰ ਹਰਾਉਂਦਿਆਂ ਸਾਂਝੇ ਤੌਰ 'ਤੇ ਦੂਜਾ ਸਥਾਨ ਹਾਸਲ ਕਰ ਲਿਆ। ਹਰਿਕਾ ਦੀ ਇਹ ਪ੍ਰਤੀਯੋਗਿਤਾ ਵਿਚ ਦੂਜੀ ਹਾਰ ਰਹੀ। ਹੁਣ ਤਕ 6 ਮੁਕਾਬਲਿਆਂ ਵਿਚ ਉਹ 2.5 ਅੰਕ ਹਾਸਲ ਕਰ ਸਕੀ ਹੈ, ਜਿਸ ਵਿਚ 3 ਡਰਾਅ ਤੇ 1 ਜਿੱਤ ਸ਼ਾਮਲ ਹੈ। ਛੇ ਰਾਊਂਡਾਂ ਤੋਂ ਬਾਅਦ ਚੀਨ ਦੀ ਜੂ ਵੇਂਜੂਨ 4.5, ਭਾਰਤ ਦੀ ਕੋਨੇਰੂ ਹੰਪੀ, ਰੂਸ ਦੀ ਗੋਰਯਾਚਿਕਨਾ ਤੇ ਲਗਨੋ ਕਾਟੇਰਯਨਾ 4 ਅੰਕਾਂ ਨਾਲ ਸਾਂਝੇ ਤੌਰ 'ਤੇ ਦੂਜੇ ਸਥਾਨ 'ਤੇ ਚੱਲ ਰਹੀਆਂ ਹਨ।