ਇਮਰਾਨ ਖਾਨ ਦੇ ਸਮਰਥਨ ''ਚ AUS ਦੇ ਸੱਤ ਸਾਬਕਾ ਕਪਤਨਾਂ ਦੀ ਮਾਨਵੀ ਅਪੀਲ

Tuesday, Sep 15, 2026 - 03:06 PM (IST)

ਇਮਰਾਨ ਖਾਨ ਦੇ ਸਮਰਥਨ ''ਚ AUS ਦੇ ਸੱਤ ਸਾਬਕਾ ਕਪਤਨਾਂ ਦੀ ਮਾਨਵੀ ਅਪੀਲ

ਸਪੋਰਟਸ ਡੈਸਕ- ਮੈਲਬੌਰਨ ਤੋਂ ਆਈ ਖ਼ਬਰ ਮੁਤਾਬਕ ਆਸਟ੍ਰੇਲੀਆ ਦੇ ਸੱਤ ਸਾਬਕਾ ਕ੍ਰਿਕਟ ਕਪਤਾਨਾਂ—ਐਲਨ ਬਾਰਡਰ, ਗ੍ਰੈਗ ਚੈਪਲ, ਇਆਨ ਚੈਪਲ, ਬੇਲਿੰਡਾ ਕਲਾਰਕ, ਕਿਮ ਹਿਊਜ਼, ਮਾਰਕ ਟੇਲਰ ਅਤੇ ਸਟੀਵ ਵਾ—ਨੇ ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਪੈਨੀ ਵੌਂਗ ਨੂੰ ਪੱਤਰ ਲਿਖ ਕੇ ਪਾਕਿਸਤਾਨ ਵਿੱਚ ਹਿਰਾਸਤ ਅਧੀਨ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਲਈ ਮਾਨਵੀ ਮਦਦ ਦੀ ਅਪੀਲ ਕੀਤੀ ਹੈ। ਕਪਤਾਨਾਂ ਨੇ ਸਪੱਸ਼ਟ ਕੀਤਾ ਹੈ ਕਿ ਉਹ ਕਿਸੇ ਸਿਆਸੀ ਜਾਂ ਰਾਜਦੂਤਕ ਹੈਸੀਅਤ ਵਿੱਚ ਨਹੀਂ, ਸਗੋਂ ਬੁਨਿਆਦੀ ਇਨਸਾਨੀਅਤ ਦੇ ਨਾਤੇ ਇਹ ਆਵਾਜ਼ ਉਠਾ ਰਹੇ ਹਨ। ਉਨ੍ਹਾਂ ਨੇ ਪਾਕਿਸਤਾਨ ਦੇ ਅੰਦਰੂਨੀ ਕਾਨੂੰਨੀ ਮਾਮਲਿਆਂ 'ਤੇ ਕੋਈ ਟਿੱਪਣੀ ਕੀਤੇ ਬਿਨਾਂ ਇਮਰਾਨ ਖ਼ਾਨ ਨੂੰ ਮਿਲ ਰਹੀਆਂ ਸੀਮਤ ਡਾਕਟਰੀ ਸੁਵਿਧਾਵਾਂ, ਪਰਿਵਾਰਕ ਮੁਲਾਕਾਤਾਂ 'ਤੇ ਰੋਕ ਅਤੇ ਕਾਨੂੰਨੀ ਮਦਦ 'ਚ ਆ ਰਹੀਆਂ ਅੜਚਨਾਂ 'ਤੇ ਡੂੰਘੀ ਚਿੰਤਾ ਪ੍ਰਗਟਾਈ ਹੈ।

ਇਮਰਾਨ ਖ਼ਾਨ ਦੇ ਸਮਰਥਨ ਵਿੱਚ ਵਿਸ਼ਵ ਕ੍ਰਿਕਟ ਜਗਤ ਵੱਲੋਂ ਕੀਤੀ ਗਈ ਇਹ ਕੋਈ ਪਹਿਲੀ ਅਪੀਲ ਨਹੀਂ ਹੈ; ਇਸ ਤੋਂ ਪਹਿਲਾਂ 23 ਅਗਸਤ ਨੂੰ ਵੀ ਦੁਨੀਆ ਦੇ 22 ਸਾਬਕਾ ਅੰਤਰਰਾਸ਼ਟਰੀ ਕਪਤਾਨਾਂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੂੰ ਚਿੱਠੀ ਲਿਖ ਕੇ ਇਮਰਾਨ ਖ਼ਾਨ ਦੀ ਸੱਜੀ ਅੱਖ ਦੀ ਰੌਸ਼ਨੀ ਦੀ ਸੁਤੰਤਰ ਜਾਂਚ ਅਤੇ ਨਿਯਮਤ ਪਰਿਵਾਰਕ ਮੁਲਾਕਾਤਾਂ ਦੀ ਮੰਗ ਕੀਤੀ ਸੀ। ਫਰਵਰੀ ਵਿੱਚ 14 ਕਪਤਾਨਾਂ ਵੱਲੋਂ ਲਿਖੇ ਪੱਤਰ ਤੋਂ ਬਾਅਦ ਜਾਵੇਦ ਮਿਆਦਾਦ, ਵਸੀਮ ਅਕਰਮ, ਮੋਈਨ ਖ਼ਾਨ ਅਤੇ ਪੈਟ ਕਮਿੰਸ ਵਰਗੇ ਦਿੱਗਜ ਖਿਡਾਰੀ ਵੀ ਆਪਣੀ ਚਿੰਤਾ ਜਤਾ ਚੁੱਕੇ ਹਨ। ਫਿਲਹਾਲ, ਗ੍ਰੈਗ ਚੈਪਲ ਵੱਲੋਂ ਇਸ ਮੁੱਦੇ 'ਤੇ ਵਿਦੇਸ਼ ਮੰਤਰੀ ਨਾਲ ਮੁਲਾਕਾਤ ਲਈ ਭੇਜੀ ਗਈ ਬੇਨਤੀ ਦਾ ਕੋਈ ਜਵਾਬ ਨਹੀਂ ਮਿਲਿਆ ਹੈ।


author

Tarsem Singh

Content Editor

Related News