ਹਾਕੀ ਵਿਸ਼ਵ ਕੱਪ : ਸਪੇਨ ਤੇ ਨਿਊਜ਼ੀਲੈਂਡ ਨੇ 2-2 ਨਾਲ ਖੇਡਿਆ ਡਰਾਅ

12/06/2018 9:05:29 PM

ਭੁਵਨੇਸ਼ਵਰ- ਸਪੇਨ ਦੀ ਟੀਮ 2 ਗੋਲ ਦੀ ਬੜ੍ਹਤ ਬਣਾਉਣ ਦੇ ਬਾਵਜੂਦ ਉਸ ਨੂੰ ਬਰਕਰਾਰ ਨਹੀਂ ਰੱਖ ਸਕੀ। ਆਖਰੀ ਕੁਆਰਟਰ ਵਿਚ 2 ਗੋਲ ਖਾ ਕੇ ਉਸ ਨੂੰ ਨਿਊਜ਼ੀਲੈਂਡ ਵਿਰੁੱਧ ਵਿਸ਼ਵ ਕੱਪ ਹਾਕੀ ਟੂਰਨਾਮੈਂਟ ਦਾ ਪੂਲ ਏ ਮੁਕਾਬਲਾ 2-2 ਨਾਲ ਡਰਾਅ ਖੇਡਣ ਲਈ ਮਜਬੂਰ ਹੋਣਾ ਪਿਆ। 
ਸਪੇਨ ਅਤੇ ਨਿਊਜ਼ੀਲੈਂਡ ਦੇ ਇਹ ਮੁਕਾਬਲਾ ਡਰਾਅ ਖੇਡਣ ਦੇ ਨਾਲ ਹੀ ਓਲੰਪਿਕ ਚੈਂਪੀਅਨ ਅਰਜਨਟੀਨਾ ਨੇ ਇਸ ਪੂਲ ਤੋਂ ਚੋਟੀ ਦੀ ਟੀਮ ਦੇ ਰੂਪ ਵਿਚ ਸਿੱਧਾ ਕੁਆਰਟਰ ਫਾਈਨਲ ਵਿਚ ਸਥਾਨ ਬਣਾ ਲਿਆ। ਅਰਜਨਟੀਨਾ ਨੇ ਅਜੇ ਆਪਣੇ ਪੂਲ ਵਿਚ ਫਰਾਂਸ ਨਾਲ ਮੈਚ ਖੇਡਣਾ ਹੈ। ਅਰਜਨਟੀਨਾ ਨੇ ਆਪਣੇ ਪਹਿਲੇ ਦੋਵੇਂ ਮੈਚ ਜਿੱਤੇ ਸਨ। ਉਹ 6 ਅੰਕਾਂ ਨਾਲ ਪੂਲ-ਏ ਵਿਚ ਚੋਟੀ 'ਤੇ ਹੈ। ਨਿਊਜ਼ੀਲੈਂਡ 4 ਅੰਕਾਂ ਦੇ ਨਾਲ ਦੂਸਰੇ ਅਤੇ ਸਪੇਨ 2 ਅੰਕਾਂ ਦੇ ਨਾਲ ਤੀਸਰੇ ਸਥਾਨ 'ਤੇ ਹੈ। ਹਰ ਪੂਲ ਤੋਂ ਚੋਟੀ ਦੀ ਟੀਮ ਨੂੰ ਸਿੱਧਾ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਮਿਲਦਾ ਹੈ। 
ਨਿਊਜ਼ੀਲੈਂਡ ਦਾ ਪੂਲ ਵਿਚ ਦੂਸਰੇ ਸਥਾਨ 'ਤੇ ਰਹਿਣਾ ਲਗਭਗ ਤੈਅ ਹੈ। ਕੁਆਰਟਰ ਫਾਈਨਲ ਵਿਚ ਜਾਣ ਲਈ ਉਸ ਨੂੰ ਪਹਿਲੇ ਕ੍ਰਾਸ ਓਵਰ ਮੈਚ ਤੋਂ ਲੰਘਣਾ ਹੋਵੇਗਾ, ਜਦਕਿ ਸਪੇਨ ਨੂੰ ਆਪਣੀ ਸਥਿਤੀ ਲਈ ਅਰਜਨਟੀਨਾ-ਫਰਾਂਸ ਦੇ ਮੈਚ ਦੇ ਨਤੀਜਿਆਂ ਦਾ ਇੰਤਜ਼ਾਰ ਕਰਨਾ ਹੋਵੇਗਾ। 
ਸਪੇਨ ਕੋਲ ਜਿੱਤ ਹਾਸਲ ਕਰਨ ਲਈ ਚੰਗਾ ਮੌਕਾ ਸੀ ਪਰ ਨਿਊਜ਼ੀਲੈਂਡ ਨੇ ਆਖਰੀ ਕੁਆਰਟਰ ਵਿਚ 6 ਮਿੰਟ ਵਿਚ 2 ਗੋਲ ਕਰ ਕੇ ਮੈਚ ਡਰਾਅ ਕਰ ਲਿਆ। ਦੋਵਾਂ ਟੀਮਾਂ ਨੂੰ ਮੈਚ ਵਿਚ 1-1 ਪੈਨਲਟੀ ਕਾਰਨਰ ਮਿਲਿਆ। ਕਲਿੰਗਾ ਸਟੇਡੀਅਮ ਵਿਚ ਖੇਡੇ ਗਏ ਇਸ ਮੈਚ ਦੇ 9ਵੇਂ ਮਿੰਟ ਵਿਚ ਹੀ ਸਪੇਨ ਨੇ ਬੜ੍ਹਤ ਹਾਸਲ ਕਰ ਲਈ। ਅਲਬਰਟ ਬੇਲਟ੍ਰਾਨ ਨੇ ਮੈਦਾਨੀ ਗੋਲ ਕਰ ਕੇ ਸਪੇਨ ਨੂੰ 1-0 ਨਾਲ ਅੱਗੇ ਕਰ ਦਿੱਤਾ। ਅਲਵਾਰੋ ਇਗਲੇਸੀਅਸ ਨੇ 27ਵੇਂ ਮਿੰਟ ਵਿਚ ਮੈਦਾਨੀ ਗੋਲ ਕੀਤਾ ਅਤੇ ਸਪੇਨ 2-0 ਨਾਲ ਅੱਗੇ ਹੋ ਗਿਆ। 
ਤੀਸਰੇ ਕੁਆਰਟਰ ਤੱਕ 2 ਗੋਲ ਨਾਲ ਪਿੱਛੇ ਰਹਿਣ ਵਾਲੀ ਕੀਵੀ ਟੀਮ ਨੇ ਚੌਥੇ ਕੁਆਰਟਰ ਵਿਚ ਜ਼ੋਰ ਲਾਇਆ ਅਤੇ 50ਵੇਂ ਮਿੰਟ ਵਿਚ ਆਪਣਾ ਪਹਿਲਾ ਗੋਲ ਕਰ ਦਿੱਤਾ। ਹੇਡਨ ਫਿਲਿਪ ਨੇ ਮੈਦਾਨੀ ਗੋਲ ਨਾਲ ਸਕੋਰ 1-2 ਕਰ ਦਿੱਤਾ। ਇਸ ਗੋਲ ਨਾਲ ਨਿਊਜ਼ੀਲੈਂਡ ਦੇ ਹੌਸਲੇ ਬੁਲੰਦ ਹੋ ਗਏ ਅਤੇ 56ਵੇਂ ਮਿੰਟ ਵਿਚ ਉਸ ਨੇ ਬਰਾਬਰੀ ਹਾਸਲ ਕਰ ਲਈ। ਕੇਨ ਰਸੇਲ ਨੇ ਪੈਨਲਟੀ ਕਾਰਨਰ 'ਤੇ ਨਿਊਜ਼ੀਲੈਂਡ ਲਈ ਬਰਾਬਰੀ ਦਾ ਗੋਲ ਦਾਗ ਦਿੱਤਾ। ਇਸ ਤੋਂ ਬਾਅਦ ਦੋਵੇਂ ਟੀਮਾਂ ਬਾਕੀ ਸਮੇਂ ਵਿਚ ਕੋਈ ਹੋਰ ਗੋਲ ਨਹੀਂ ਕਰ ਸਕੀਆਂ ਅਤੇ ਮੈਚ ਬਰਾਬਰੀ 'ਤੇ ਖਤਮ ਹੋਇਆ।