ਹਾਕੀ ਵਿਸ਼ਵ ਕੱਪ : ਜਰਮਨ ਨੇ ਹਾਲੈਂਡ ਨੂੰ 4-1 ਨਾਲ ਹਰਾਇਆ

12/05/2018 11:57:55 PM

ਭੁਵਨੇਸ਼ਵਰ- 2 ਵਾਰ ਦੇ ਚੈਂਪੀਅਨ ਜਰਮਨੀ ਨੇ ਆਖਰੀ ਕੁਆਰਟਰ 'ਚ ਜ਼ਬਰਦਸਤ ਪ੍ਰਦਰਸ਼ਨ ਕਰਦੇ ਹੋਏ 6 ਮਿੰਟ ਦੇ ਫਰਕ 'ਚ 3 ਗੋਲ ਠੋਕ ਕੇ 3 ਵਾਰ ਦੇ ਚੈਂਪੀਅਨ ਹਾਲੈਂਡ ਨੂੰ ਹਾਕੀ ਵਿਸ਼ਵ ਕੱਪ ਟੂਰਨਾਮੈਂਟ-2018 ਦੇ ਪੂਲ-ਡੀ ਮੈਚ ਵਿਚ 4-1 ਨਾਲ ਹਰਾ ਦਿੱਤਾ। 
ਵਿਸ਼ਵ ਰੈਂਕਿੰਗ ਵਿਚ 6 ਨੰਬਰ ਦੀ ਟੀਮ ਜਰਮਨੀ ਨੇ ਚੌਥੇ ਨੰਬਰ ਦੀ ਟੀਮ ਹਾਲੈਂਡ ਨੂੰ ਹਰਾ ਕੇ ਪੂਲ 'ਚ ਲਗਾਤਾਰ ਦੂਸਰੀ ਜਿੱਤ ਹਾਸਲ ਕੀਤੀ। ਜਰਮਨੀ ਦੇ ਹੁਣ 6 ਅੰਕ ਹੋ ਗਏ ਹਨ। ਉਹ ਸੂਚੀ ਵਿਚ ਚੋਟੀ 'ਤੇ ਪਹੁੰਚ ਗਿਆ ਹੈ। ਹਾਲੈਂਡ ਦੀ ਪੂਲ ਆਫ ਡੈੱਥ ਮੰਨੇ ਜਾ ਰਹੇ ਇਸ ਪੂਲ ਵਿਚ 2 ਮੈਚਾਂ 'ਚ ਇਹ ਪਹਿਲੀ ਹਾਰ ਹੈ। ਉਹ 3 ਅੰਕਾਂ ਨਾਲ ਦੂਸਰੇ ਸਥਾਨ 'ਤੇ ਹੈ।  ਜਰਮਨੀ ਦੀ ਹਾਲੈਂਡ ਵਿਰੁੱਧ ਕੱਪ ਵਿਚ 6 ਮੈਚਾਂ 'ਚ ਇਹ ਦੂਸਰੀ ਜਿੱਤ ਹੈ, ਜਦਕਿ 2013 ਦੇ ਬਾਅਦ ਤੋਂ ਪਿਛਲੇ 5 ਸਾਲਾਂ ਵਿਚ 26 ਮੁਕਾਬਲਿਆਂ ਵਿਚ ਇਹ 10ਵੀਂ ਜਿੱਤ ਹੈ। ਪਹਿਲੇ 3 ਕੁਆਰਟਰ ਤੱਕ ਦੋਵੇਂ ਟੀਮਾਂ ਵਿਚ ਰੋਮਾਂਚਕ ਸੰਘਰਸ਼ ਹੋਇਆ ਪਰ ਆਖਰੀ 10 ਮਿੰਟ ਜਰਮਨੀ ਨੇ ਆਪਣੇ ਤਾਬੜ-ਤੋੜ ਹਮਲਿਆਂ ਨਾਲ ਹਾਲੈਂਡ ਨੂੰ ਢੇਰ ਕਰ ਦਿੱਤਾ। ਮੁਕਾਬਲੇ ਵਿਚ ਦੋਵੇਂ ਟੀਮਾਂ ਨੂੰ 4-4 ਪੈਨਲਟੀ ਕਾਰਨਰ ਮਿਲੇ ਜਦਕਿ ਜਰਮਨੀ ਨੂੰ ਇਕ ਪੈਨਲਟੀ ਸਟਰੋਕ ਵੀ ਮਿਲਿਆ। 
ਉਥੇ ਹੀ ਦਿਨ ਦੇ ਇਕ ਹੋਰ ਮੁਕਾਬਲੇ 'ਚ ਇਸੇ ਗਰੁੱਪ ਵਿਚ ਪਾਕਿਸਤਾਨ ਨੇ ਮਲੇਸ਼ੀਆ ਨਾਲ 1-1 ਨਾਲ ਡਰਾਅ ਖੇਡਿਆ। ਹੁਣ ਪਾਕਿਸਤਾਨ ਦੀ ਰਾਹ ਮੁਸ਼ਕਿਲ ਹੋ ਗਈ ਹੈ ਕਿਉਂਕਿ ਇਸ ਤੋਂ ਪਹਿਲਾਂ ਉਸ ਨੂੰ ਜਰਮਨੀ ਤੋਂ 1-0 ਦੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ।