ਇਸ ਸਾਲ ਤੋਂ ਬਾਅਦ ਹਾਕੀ ਸੀਰੀਜ਼ ਟੂਰਨਾਮੈਂਟ ਨਹੀਂ ਹੋਵੇਗਾ : ਐੱਫ. ਆਈ. ਐੱਚ.

03/19/2019 7:14:32 PM

ਲੁਸਾਨੇ— ਕੌਮਾਂਤਰੀ ਹਾਕੀ ਮਹਾਸੰਘ ਇਸ ਸਾਲ ਤੋਂ ਬਾਅਦ ਹਾਕੀ ਸੀਰੀਜ਼ ਟੂਰਨਾਮੈਂਟ ਨਹੀਂ ਕਰਾਏਗਾ ਤਾਂ ਕਿ ਮੈਂਬਰ ਸੰਘ ਉਪ-ਮਹਾਦੀਪ ਕੁਆਲੀਫਾਇਰ ਤੇ ਚੈਂਪੀਅਨਸ਼ਿਪ 'ਤੇ ਫੋਕਸ ਕਰ ਸਕਣ। ਪ੍ਰੋ ਲੀਗ ਦੇ ਪਹਿਲੇ ਸੈਸ਼ਨ ਨੂੰ ਸਫਲ ਦੱਸਦੇ ਹੋਏ ਐੱਫ. ਆਈ. ਐੱਚ. ਨੇ ਕਿਹਾ ਕਿ ਇਸ ਸਾਲ ਤੋਂ ਬਾਅਦ ਹਾਕੀ ਸੀਰੀਜ਼ ਟੂਰਨਾਮੈਂਟ ਨਹੀਂ ਹੋਵੇਗਾ, ਜਿਹੜਾ ਵਿਸ਼ਵ ਕੱਪ ਤੇ ਓਲੰਪਿਕ ਕੁਆਲੀਫਾਇਰ ਵੀ ਹੁੰਦਾ ਹੈ। ਇਸ ਦੀ ਬਜਾਏ ਜ਼ਿਆਦਾ ਜ਼ੋਰ ਉਪ-ਮਹਾਦੀਪੀ ਕੁਆਲੀਫਿਕੇਸ਼ਨ ਟੂਰਨਾਮੈਂਟਾਂ 'ਤੇ ਹੋਵੇਗਾ।

ਇਹ ਫੈਸਲਾ ਨਰਿੰਦਰ ਬੱਤਰਾ ਦੀ ਪ੍ਰਧਾਨਗੀ 'ਚ 15 ਤੋਂ 16 ਮਾਰਚ ਨੂੰ ਐੱਫ. ਆਈ. ਐੱਚ. ਕਾਰਜਕਾਰੀ ਬੋਰਡ ਦੀ ਸਾਲ ਦੀ ਪਹਿਲੀ ਮੀਟਿੰਗ 'ਚ ਲਿਆ ਗਿਆ। ਪਿਛਲੇ ਸਾਲ ਸ਼ੁਰੂ ਹੋਈ ਹਾਕੀ ਸੀਰੀਜ਼ 'ਚ ਉਹ ਸਾਰੀਆਂ ਟੀਮਾਂ ਹਨ, ਜਿਹੜੀਆਂ ਪੁਰਸ਼ ਤੇ ਮਹਿਲਾ ਪ੍ਰੋ ਲੀਗ ਦਾ ਹਿੱਸਾ ਨਹੀਂ ਹਨ। ਇਸ ਵਿਚ ਦੋ ਰਾਊਂਡ ਓਪਨ ਤੇ ਫਾਈਨਲਸ ਹੋਣਗੇ। ਐੱਫ. ਆਈ. ਐੱਚ. ਰੈਂਕਿੰਗ ਦੀਆਂ ਚੋਟੀ ਦੀਆਂ 9 ਟੀਮਾਂ ਸਿੱਧੇ ਫਾਈਨਲਸ ਖੇਡਣਗੀਆਂ, ਜਦਕਿ ਬਾਕੀ ਟੀਮਾਂ ਓਪਨ ਰਾਊਂਡ ਖੇਡਣਗੀਆਂ। ਫਾਈਨਲਸ ਵਿਚ ਕੁਲ 24 ਟੀਮਾਂ ਖੇਡਣਗੀਆਂ। ਕਾਰਜਕਾਰੀ ਬੋਰਡ ਦੀ ਅਗਲੀ ਮੀਟਿੰਗ 28-29 ਜੂਨ ਨੂੰ ਐਮਸਟਰਡਮ 'ਚ ਹੋਵੇਗੀ।