ਹਾਕੀ ਇੰਡੀਆ ਨੇ ਸੀਨੀਅਰ ਮਹਿਲਾ ਰਾਸ਼ਟਰੀ ਕੈਂਪ ਲਈ 61 ਖਿਡਾਰੀਆਂ ਨੂੰ ਚੁਣਿਆ

04/22/2018 2:49:14 AM

ਨਵੀਂ ਦਿੱਲੀ— ਹਾਕੀ ਇੰਡੀਆ ਨੇ ਬੈਂਗਲੁਰੂ ਸਥਿਤੀ ਭਾਰਤੀ ਖੇਡ ਅਥਾਰਿਟੀ (ਸਾਈ) ਸੈਂਟਰ 'ਚ ਸੀਨੀਅਰ ਮਹਿਲਾ ਖਿਡਾਰੀਆਂ ਲਈ ਕੱਲ ਤੋਂ ਸ਼ੁਰੂ ਹੋਣ ਵਾਲੇ ਰਾਸ਼ਟਰੀ ਕੋਚਿੰਗ ਕੈਂਪ ਲਈ ਅੱਜ 61 ਖਿਡਾਰੀਆਂ ਦੇ ਨਾਵਾਂ ਦਾ ਐਲਾਨ ਕੀਤਾ।
ਇਨ੍ਹਾਂ 'ਚ ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ਵਿਚ ਹਿੱਸਾ ਲੈਣ ਵਾਲੀਆਂ 18 ਖਿਡਾਰਨਾਂ ਵੀ ਸ਼ਾਮਲ ਹਨ। ਸਾਰੀਆਂ ਖਿਡਾਰਨਾਂ ਨੂੰ ਟੂਰਨਾਮੈਂਟ ਵਿਚ ਹਾਲੀਆ ਪ੍ਰਦਰਸ਼ਨ ਦੇ ਆਧਾਰ 'ਤੇ ਚੁਣਿਆ ਗਿਆ ਹੈ, ਜਿਸ 'ਚ ਹਾਕੀ ਇੰਡੀਆ ਸੀਨੀਅਰ ਮਹਿਲਾ ਰਾਸ਼ਟਰੀ ਚੈਂਪੀਅਨਸ਼ਿਪ ਵੀ ਸ਼ਾਮਲ ਹੈ। 2 ਮਈ ਨੂੰ ਇਨ੍ਹਾਂ 'ਚੋਂ ਛਾਂਟੀ ਕਰ ਕੇ 48 ਖਿਡਾਰੀਆਂ ਨੂੰ ਰੱਖਿਆ ਜਾਵੇਗਾ। 
ਮੁੱਖ ਕੋਚ ਹਰਿੰਦਰ ਸਿੰਘ ਦੀ ਕੋਚਿੰਗ ਵਿਚ ਭਾਰਤੀ ਟੀਮ ਰਾਸ਼ਟਰਮੰਡਲ ਖੇਡਾਂ ਦੇ ਸੈਮੀਫਾਈਨਲ ਵਿਚ ਆਸਟਰੇਲੀਆ ਤੋਂ ਅਤੇ ਕਾਂਸੀ ਤਮਗੇ ਦੇ ਮੈਚ ਵਿਚ ਇੰਗਲੈਂਡ ਤੋਂ ਹਾਰ ਕੇ ਚੌਥੇ ਸਥਾਨ 'ਤੇ ਰਹੀ ਸੀ।
ਹਰਿੰਦਰ ਨੇ ਕਿਹਾ ਕਿ ਮੈਂ ਪਹਿਲਾਂ ਵੀ ਕਿਹਾ ਹੈ ਕਿ ਅਸੀਂ ਪੋਡੀਅਮ ਸਥਾਨ ਹਾਸਲ ਨਾ ਕਰ ਸਕਣ ਤੋਂ ਕਾਫੀ ਨਿਰਾਸ਼ ਹਾਂ ਪਰ ਇੰਗਲੈਂਡ ਵਿਰੁੱਧ ਕਾਂਸੀ ਤਮਗਾ ਮੈਚ ਨੂੰ ਛੱਡ ਕੇ ਰਾਸ਼ਟਰਮੰਡਲ ਖੇਡਾਂ ਦੇ ਪ੍ਰਦਰਸ਼ਨ ਤੋਂ ਅਸੀਂ ਕਾਫੀ ਹਾਂ-ਪੱਖੀ ਚੀਜ਼ਾਂ ਸਿੱਖ ਸਕਦੇ ਹਾਂ। ਕੋਚ ਨੇ ਕਿਹਾ ਕਿ ਟੀਮ ਭਵਿੱਖ ਦੇ ਟੂਰਨਾਮੈਂਟਾਂ ਲਈ ਯੋਜਨਾ ਬਣਾਏਗੀ।