ਖੇਡ ਮਾਹਿਰਾਂ ਨੇ ਹਿਮਾ ਨੂੰ ਦਿੱਤੀ ਸਲਾਹ, ਕਿਹਾ...

08/01/2019 5:18:15 PM

ਨਵੀਂ ਦਿੱਲੀ— ਆਪਣੇ ਸੁਨਹਿਰੇ ਪ੍ਰਦਰਸ਼ਨ ਨਾਲ ਸੁਰਖੀਆਂ ਬਟੋਰ ਰਹੀ ਦੌੜਾਕ ਹਿਮਾ ਦਾਸ ਨੂੰ ਸਲਾਹ ਦਿੰਦੇ ਹੋਏ ਐਥਲੈਟਿਕਸ ਮਾਹਿਰ ਅਤੇ ਸਾਬਕਾ ਖਿਡਾਰੀਆਂ ਨੇ ਕਿਹਾ ਹੈ ਕਿ ਵਿਸ਼ਵ ਚੈਂਪੀਅਨਸ਼ਿਪ ਅਤੇ ਓਲੰਪਿਕ ਪ੍ਰਤੀਯੋਗਿਤਾਵਾਂ ਦੇ ਲਈ ਉਸ ਨੂੰ ਜ਼ਿਆਦਾ ਮੁਕਾਬਲੇ ਭਰਪੂਰ ਟੂਰਨਾਮੈਂਟ ਖੇਡਣੇ ਹੋਣਗੇ। ਇਸ ਮਹੀਨੇ ਪੰਜ ਸੋਨ ਤਮਗੇ ਆਪਣੀ ਝੋਲੀ 'ਚ ਪਾਉਣ ਵਾਲੀ ਹਿਮਾ ਨੇ ਸਾਲ ਦੀ ਆਪਣੀ ਪਹਿਲੀ 200 ਮੀਟਰ ਦੌੜ 'ਚ 23.65 ਸਕਿੰਟ ਦੇ ਸਮੇਂ ਦੇ ਨਾਲ ਦੋ ਜੁਲਾਈ ਨੂੰ ਪੋਲੈਂਡ 'ਚ ਪੋਜਨਾਨ ਐਥਲੈਟਿਕਸ ਗ੍ਰਾਂ ਪ੍ਰੀ 'ਚ ਸੋਨ ਤਮਾਗਾ ਜਿੱਤਿਆ ਸੀ।

ਉਨ੍ਹਾਂ ਨੇ 7 ਜੁਲਾਈ ਨੂੰ ਪੋਲੈਂਡ 'ਚ ਹੀ ਕੁਤਰੋ ਐਥਲੈਟਿਕਸ ਪ੍ਰਤੀਯੋਗਿਤਾ 'ਚ 23.97 ਸਕਿੰਟ ਦੇ ਨਾਲ 200 ਮੀਟਰ 'ਚ ਸੋਨ ਤਮਗਾ ਜਿੱਤਿਆ। ਇਸ ਤੋਂ ਬਾਅਦ ਚੈੱਕ ਗਣਰਾਜ 'ਚ 13 ਜੁਲਾਈ ਨੂੰ ਕਲਾਦਨੋ ਐਥਲੈਟਿਕਸ 'ਚ ਹਿਮਾ ਨੇ 23.43 ਸਕਿੰਟ ਨਾਲ ਸੋਨ ਤਮਗਾ ਜਿੱਤਿਆ ਜਦਕਿ 17 ਜੁਲਾਈ ਨੂੰ ਉਨ੍ਹਾਂ ਨੇ ਇਸੇ ਦੇਸ਼ 'ਚ ਤਾਬੋਰ ਐਥਲੈਟਿਕਸ ਪ੍ਰਤੀਯੋਗਿਤਾ 'ਚ ਚੌਥਾ ਤਮਗਾ ਜਿੱਤਿਆ। ਚੈੱਕ ਗਣਰਾਜ ਦੇ ਨੌਵੇਂ ਮੇਸਤੋ 'ਚ 400 ਮੀਟਰ ਦੌੜ 'ਚ 59.02 ਸਕਿੰਟ ਦੇ ਸੈਸ਼ਨ ਦੇ ਸਰਵਸ੍ਰੇਸ਼ਠ ਪ੍ਰਦਰਸ਼ਨ ਦੇ ਨਾਲ ਹਿਮਾ ਨੇ ਮਹੀਨੇ ਦਾ ਪੰਜਵਾਂ ਸੋਨ ਤਮਗਾ ਜਿੱਤਿਆ ਸੀ, ਪਰ ਇਹ 50.79 ਦੇ ਉਨ੍ਹਾਂ ਦੇ ਨਿਜੀ ਸਰਵਸ੍ਰੇਸ਼ਠ ਪ੍ਰਦਰਸ਼ਨ ਤੋਂ ਕਾਫੀ ਘੱਟ ਹੈ। 

ਪ੍ਰਸਿੱਧ ਖੇਡ ਪੱਤਰਕਾਰ ਅਤੇ ਕਈ ਓਲੰਪਿਕ ਕਵਰ ਕਰ ਚੁੱਕੇ ਕੇ. ਪੀ. ਮੋਹਨ ਨੇ ਕਿਹਾ ਕਿ ਹਿਮਾ ਦੇ ਪ੍ਰਦਰਸ਼ਨ ਨੂੰ ਵਧਾ-ਚੜ੍ਹਾਕੇ ਪੇਸ਼ ਕੀਤਾ ਗਿਆ ਅਤੇ ਜੇਕਰ ਉਨ੍ਹਾਂ ਦੇ ਸਮੇਂ ਨਾਲ ਇਸ ਦੀ ਤੁਲਨਾ ਕਰੀਏ ਤਾਂ ਉਸ ਦੀ ਉਪਲਬਧੀ ਕੁਝ ਵੀ ਨਹੀਂ ਹੈ। ਕੇ.ਪੀ. ਮੋਹਨ ਨੇ ਪੱਤਰਕਾਰਾਂ ਨੂੰ ਕਿਹਾ, ''ਤੁਸੀਂ ਪੋਲੈਂਡ ਅਤੇ ਚੈੱਕ ਗਣਰਾਜ ਜਿਹੀਆਂ ਜਿਹੀਆਂ ਜਗ੍ਹਾਵਾਂ 'ਚ ਛੋਟੀਆਂ-ਮੋਟੀਆਂ ਚੈਂਪੀਅਨਸ਼ਿਪ 'ਚ ਖੇਡ ਕੇ ਸੁਧਾਰ ਨਹੀਂ ਕਰ ਸਕਦੇ। ਪ੍ਰਤੀਯੋਗਿਤਾਵਾਂ ਦਾ ਪੱਧਰ ਕਾਫੀ ਮਹੱਤਵਪੂਰਨ ਹੁੰਦਾ ਹੈ। ਹਿਮਾ ਕਾਫੀ ਚੰਗਾ ਕਰ ਰਹੀ ਹੈ, ਪਰ ਪ੍ਰਤੀਯੋਗਿਤਾਵਾਂ ਦਾ ਪੱਧਰ ਦੇਖਾਂਗੇ ਤਾਂ ਇਹ ਕੋਈ ਬਹੁਤ ਵੱਡੀ ਗੱਲ ਨਹੀਂ ਹੈ। ਕੇ.ਪੀ. ਮੋਹਨ ਨੇ ਹਿਮਾ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਜੇਕਰ ਪ੍ਰਦਰਸ਼ਨ 'ਚ ਸੁਧਾਰ ਕਰਨਾ ਹੈ ਤਾਂ ਵਿਸ਼ਵ ਚੈਂਪੀਅਨਸ਼ਿਪ ਅਤੇ ਓਲੰਪਿਕ ਜਿਹੀਆਂ ਪ੍ਰਤੀਯੋਗਿਤਾਵਾਂ ਦੇ ਲਈ ਕੁਆਲੀਫਾਈ ਕਰਨਾ ਹੋਵੇਗਾ ਅਤੇ ਵੱਡੀਆਂ ਪ੍ਰਤੀਯੋਗਿਤਾਵਾਂ 'ਚ ਹਿੱਸਾ ਲੈਣਾ ਹੋਵੇਗਾ। 

ਬੀਜਿੰਗ ਏਸ਼ੀਆਈ ਖੇਡਾਂ 1990 ਦੀ ਚਾਂਦੀ ਤਮਗਾ ਜੇਤੂ ਅਸ਼ਵਿਨੀ ਨਾਚੰਪਾ ਨੇ ਵੀ ਕੇ.ਪੀ. ਮੋਹਨ ਦੇ ਸੁਰ 'ਚ ਸੁਰ ਮਿਲਾਉਂਦੇ ਹੋਏ ਕਿਹਾ ਕਿ ਹਿਮਾ ਨੇ ਜਿਸ ਟਰੂਨਾਮੈਂਟ 'ਚ ਸੋਨ ਤਮਗਾ ਜਿੱਤਿਆ ਹੈ। ਉਹ ਸਿਰਫ ਆਤਮਵਿਸ਼ਵਾਸ ਵਧਾਉਣ ਦੇ ਲਿਹਾਜ਼ ਨਾਲ ਹੀ ਮਹੱਤਵਪੂਰਨ ਹੋ ਸਕਦਾ ਹੈ ਅਤੇ ਜੇਕਰ ਉਸ ਨੂੰ ਪ੍ਰਦਰਸ਼ਨ 'ਚ ਸੁਧਾਰ ਕਰਨਾ ਹੈ ਤਾਂ ਤਮਗੇ ਨਹੀਂ ਸਗੋਂ ਸਮਾਂ ਘੱਟ ਕਰਨ 'ਤੇ ਧਿਆਨ ਦੇਣਾ ਹੋਵੇਗਾ। ਮੈਨੂੰ ਲਗਦਾ ਹੈ ਕਿ ਹਿਮਾ ਨੂੰ ਵੱਡੀਆਂ ਪ੍ਰਤੀਯੋਗਿਤਾਵਾਂ 'ਚ ਚੰਗਾ ਪ੍ਰਦਰਸ਼ਨ ਕਰਨਾ ਹੋਵੇਗਾ।