ਸਾਗਰ ਕਤਲਕਾਂਡ: ਅਦਾਲਤ ਨੇ ਪਹਿਲਵਾਨ ਸੁਸ਼ੀਲ ਕੁਮਾਰ ਦੀ ਜ਼ਮਾਨਤ ਪਟੀਸ਼ਨ ’ਤੇ ਪੁਲਸ ਤੋਂ ਮੰਗਿਆ ਜਵਾਬ

02/05/2022 11:02:02 AM

ਨਵੀਂ ਦਿੱਲੀ (ਭਾਸ਼ਾ)- ਦਿੱਲੀ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਛਤਰਸਾਲ ਸਟੇਡੀਅਮ ਕਤਲ ਕੇਸ ਵਿਚ ਓਲੰਪਿਕ ਤਮਗਾ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ ਦੀ ਜ਼ਮਾਨਤ ਪਟੀਸ਼ਨ ‘ਤੇ ਦਿੱਲੀ ਪੁਲੀਸ ਦਾ ਰੁਖ ਪੁੱਛਿਆ। ਜਸਟਿਸ ਮੁਕਤਾ ਗੁਪਤਾ ਨੇ ਇਸ ਪਹਿਲਵਾਨ ਦੀ ਪਟੀਸ਼ਨ ’ਤੇ ਨੋਟਿਸ ਜਾਰੀ ਕੀਤਾ, ਜਿਸ ਨੂੰ ਪਿਛਲੇ ਸਾਲ 23 ਮਈ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਇਸ ਮਾਮਲੇ ਦੀ ਅਗਲੀ ਸੁਣਵਾਈ 28 ਮਾਰਚ ਨੂੰ ਪਾ ਦਿੱਤੀ ਹੈ। ਸੁਸ਼ੀਲ ’ਤੇ ਸੰਪਤੀ ਵਿਵਾਦ ਨੂੰ ਲੈ ਕੇ ਮਈ 2021 ਵਿਚ ਸਟੇਡੀਅਮ ਵਿਚ ਸਾਬਕਾ ਜੂਨੀਅਰ ਰਾਸ਼ਟਰੀ ਕੁਸ਼ਤੀ ਚੈਂਪੀਅਨ ਸਾਗਰ ਧਨਖੜ ਅਤੇ ਉਸ ਦੇ ਦੋਸਤਾਂ ਨਾਲ ਕਥਿਤ ਤੌਰ ’ਤੇ ਕੁੱਟਮਾਰ ਕਰਨ ਦਾ ਦੋਸ਼ ਹੈ। ਧਨਖੜ ਨੇ ਬਾਅਦ ਵਿਚ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ ਅਤੇ ਪੋਸਟਮਾਰਟਮ ਰਿਪੋਰਟ ਮੁਤਾਬਕ ਕਿਸੇ ਚੀਜ਼ ਨਾਲ ਸਿਰ ’ਤੇ ਜ਼ੋਰਦਾਰ ਸੱਟ ਲੱਗਣ ਕਾਰਨ ਉਸ ਦੀ ਮੌਤ ਹੋ ਗਈ ਸੀ।

ਦਿੱਲੀ ਪੁਲਸ ਨੇ ਮੁਲਜ਼ਮਾਂ ਖ਼ਿਲਾਫ਼ ਭਾਰਤੀ ਦੰਡ ਸੰਹਿਤਾ ਦੇ ਤਹਿਤ ਕਤਲ, ਕਤਲ ਦੀ ਕੋਸ਼ਿਸ਼, ਇਰਾਦੇ ਨਾਲ ਕਤਲ, ਅਪਰਾਧਿਕ ਸਾਜ਼ਿਸ਼, ਅਗਵਾ, ਡਕੈਤੀ, ਦੰਗੇ ਆਦਿ ਸਮੇਤ ਕਈ ਅਪਰਾਧਾਂ ਵਿਚ ਕਥਿਤ ਸ਼ਮੂਲੀਅਤ ਲਈ ਐਫ.ਆਈ.ਆਰ. ਦਰਜ ਕੀਤੀ ਹੈ। ਪੁਲਸ ਵੱਲੋਂ ਪਿਛਲੇ ਸਾਲ 2 ਅਗਸਤ ਨੂੰ ਜੋ ਪਹਿਲਾਂ ਦੋਸ਼ ਪੱਤਰ ਦਾਖ਼ਲ ਕੀਤਾ ਗਿਆ ਸੀ, ਉਸ ਵਿਚ ਕਿਹਾ ਸੀ ਕਿ ਸਟੇਡੀਅਮ ਵਿਚ ਹੋਇਆ ਵਿਵਾਦ ਸੁਸ਼ੀਲ ਵੱਲੋਂ ਰਚੀ ਗਈ ਸਾਜ਼ਿਸ਼ ਦਾ ਨਤੀਜਾ ਸੀ, ਜੋ ਨੌਜਵਾਨ ਪਹਿਲਵਾਨਾਂ ਵਿਚ ਆਪਣਾ ਦਬਦਬਾ ਮੁੜ ਸਥਾਪਿਤ ਕਰਨਾ ਚਾਹੁੰਦਾ ਸੀ।

ਸੁਸ਼ੀਲ 2 ਜੂਨ, 2021 ਤੋਂ ਨਿਆਇਕ ਹਿਰਾਸਤ ਵਿਚ ਹੈ। ਪਿਛਲੇ ਸਾਲ ਇੱਥੋਂ ਦੀ ਇਕ ਹੇਠਲੀ ਅਦਾਲਤ ਨੇ ਸੁਸ਼ੀਲ ਦੀ ਪਿਛਲੀ ਅਪਰਾਧਿਕ ਸ਼ਮੂਲੀਅਤ ਅਤੇ ਦੁਸ਼ਮਣੀ ਕਾਰਨ ਉਸ ਦੀ ਜਾਨ ਨੂੰ ਖ਼ਤਰੇ ਦੇ ਮੱਦੇਨਜ਼ਰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਹੇਠਲੀ ਅਦਾਲਤ ਨੇ ਕਿਹਾ ਸੀ ਕਿ ਪਹਿਲੀ ਨਜ਼ਰੇ, ਉਹ ਕਥਿਤ ਘਟਨਾ ਦੀ ਵੀਡੀਓ ਵਿਚ ਦਿਖਾਈ ਦੇ ਰਿਹਾ ਹੈ। ਹੇਠਲੀ ਅਦਾਲਤ ਤੋਂ ਜ਼ਮਾਨਤ ਦੀ ਮੰਗ ਕਰਦੇ ਹੋਏ ਸੁਸ਼ੀਲ ਨੇ ਕਿਹਾ ਸੀ ਕਿ ਪੁਲਸ ਨੇ ਉਸ ਦੇ ਖ਼ਿਲਾਫ਼ ਝੂਠਾ ਕੇਸ ਬਣਾਇਆ ਹੈ ਅਤੇ ਉਸ ਦਾ ‘ਖ਼ਰਾਬ ਅਕਸ’ ਪੇਸ਼ ਕੀਤਾ ਹੈ। ਉਸ ਨੇ ਦਾਅਵਾ ਕੀਤਾ ਕਿ ਉਸ ਨੂੰ ਜ਼ਲੀਲ ਕਰਨ ਅਤੇ ਉਸਦੀ ਸਾਖ ਨੂੰ ਠੇਸ ਪਹੁੰਚਾਉਣ ਲਈ ਉਸ ਦੇ ਖ਼ਿਲਾਫ਼ ਝੂਠੇ ਦੋਸ਼ ਲਗਾਏ ਗਏ ਸਨ।

cherry

This news is Content Editor cherry