ਪੰਤ ਨੂੰ ਪਲੇਇੰਗ ਇਲੈਵਨ ''ਚ ਸ਼ਾਮਲ ਕਰਨ ''ਤੇ ਭੜਕੇ ਭੋਗਲੇ, ਮਜ਼ੇਦਾਰ ਟਵੀਟ ਨਾਲ ਕਸਿਆ ਇਹ ਤੰਜ

02/21/2020 1:28:55 PM

ਸਪੋਰਟਸ ਡੈਸਕ— ਨਿਊਜ਼ੀਲੈਂਡ ਖਿਲਾਫ ਬੇਸਿਨ ਰਿਜ਼ਰਵ ਮੈਦਾਨ 'ਤੇ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ਦੇ ਪਹਿਲੇ ਦਿਨ ਦਾ ਖੇਡ ਸ਼ੁੱਕਰਵਾਰ ਨੂੰ ਭਾਰਤ ਲਈ ਚੰਗਾ ਨਹੀਂ ਰਿਹਾ। ਦਿਨ ਦੇ ਸ਼ੁਰੂਆਤੀ ਦੋ ਸੈਸ਼ਨਾਂ 'ਚ ਕੀਵੀ ਗੇਂਦਬਾਜ਼ਾਂ ਨੇ ਟੀਮ ਇੰਡੀਆ ਨੂੰ ਕਾਫੀ ਪਰੇਸ਼ਾਨ ਕੀਤਾ। ਇਸ ਤੋਂ ਇਲਾਵਾ ਦਿਨ ਦੇ ਤੀਜੇ ਸੈਸ਼ਨ ਦੀ ਖੇਡ ਮੀਂਹ ਕਾਰਨ ਨਾ ਹੋ ਸਕੀ। ਇਸੇ ਕਾਰਨ ਭਾਰਤ ਨੂੰ ਮੈਚ ਦੇ ਪਹਿਲੇ ਦਿਨ ਦੀ ਖੇਡ 5 ਵਿਕਟਾਂ ਦੇ ਨੁਕਸਾਨ 'ਤੇ 122 'ਤੇ ਖਤਮ ਕਰਨੀ ਪਈ। ਭਾਰਤੀ ਪਲੇਇੰਗ ਇਲੈਵਨ 'ਚ ਰਿਧੀਮਾਨ ਸਾਹਾ ਦੀ ਜਗ੍ਹਾ ਰਿਸ਼ਭ ਪੰਤ ਨੂੰ ਵਿਕਟਕੀਪਰ ਦੇ ਤੌਰ 'ਤੇ ਸ਼ਾਮਲ ਕੀਤਾ ਗਿਆ।

ਅਜਿਹੇ 'ਚ ਕੁਮੈਂਟੇਟਰ ਹਰਸ਼ਾ ਭੋਗਲੇ ਨੂੰ ਇਹ ਗੱਲ ਚੰਗੀ ਨਹੀਂ ਲੱਗੀ ਅਤੇ ਟਵਿੱਟਰ 'ਤੇ ਉਨ੍ਹਾਂ ਨੇ ਆਪਣੀ ਰਾਏ ਰੱਖੀ। ਹਰਸ਼ਾ ਭੋਗਲੇ ਨੇ ਆਪਣੇ ਟਵਿੱਟਰ ਅਕਾਊਂਟ 'ਚ ਲਿਖਿਆ, ''ਹੁਣੇ ਉਠਿਆ ਅਤੇ ਦੇਖਿਆ ਕਿ ਸਾਹਾ ਬਾਹਰ ਹੈ। ਸਾਨੂੰ ਭਾਰਤ ਦੇ ਹਰੇਕ ਯੁਵਾ ਵਿਕਟਕੀਪਰ ਨੂੰ ਇਹ ਦੱਸਣਾ ਹੋਵੇਗਾ ਕਿ ਸਟੰਪ ਦੇ ਪਿੱਛੇ ਦੀ ਦੁਨੀਆ 'ਚ ਸਰਵਸ੍ਰੇਸ਼ਠ ਕਰਨ ਦੀ ਬਜਾਏ ਉਸ ਦੇ ਸਾਹਮਣੇ ਕੁਝ ਦੌੜਾਂ ਬਣਾਉਣ 'ਤੇ ਧਿਆਨ ਲਗਾਓ। ਨਿਰਾਸ਼।''

ਇੰਨਾ ਹੀ ਨਹੀਂ ਭਾਰਤੀ ਪਲੇਇੰਗ ਇਲੈਵਨ 'ਚ ਪੰਤ ਨੂੰ ਸ਼ਾਮਲ ਕਰਨ 'ਤੇ ਹਰਸ਼ਾ ਭੋਗਲੇ ਨੇ ਤੰਜ ਵੀ ਕਸਦੇ ਹੋਏ ਟਵੀਟ ਕੀਤਾ ਅਤੇ ਲਿਖਿਆ ਕਿ ਮੈਨੂੰ ਉਸ ਦਿਨ ਦਾ ਇੰਤਜ਼ਾਰ ਹੈ ਜਦੋਂ ਵੱਡੇ ਕੰਸਰਟ 'ਚੋਂ ਸ਼੍ਰੇਆ ਘੋਸ਼ਾਲ ਨੂੰ ਬਾਹਰ ਕਰ ਦਿੱਤਾ ਜਾਵੇ ਸਿਰਫ ਇਸ ਲਈ ਕਿਉਂਕਿ ਦੂਜੀ ਕੁੜੀ ਗਿਟਾਰ ਥੋੜ੍ਹਾ ਬਿਹਤਰ ਵਜਾ ਲੈਂਦੀ ਹੈ।

ਜ਼ਿਕਰਯੋਗ ਹੈ ਕਿ ਮੀਂਹ ਕਾਰਨ ਜਦੋਂ ਖੇਡ ਛੇਤੀ ਖਤਮ ਹੋਇਆ ਤਾਂ ਰਿਸ਼ਭ ਪੰਤ 37 ਗੇਂਦਾਂ ਦਾ ਸਾਹਮਣਾ ਕਰ ਚੁੱਕੇ ਸਨ ਅਤੇ ਦੂਜੇ ਪਾਸੇ ਰਹਾਨੇ 38 ਦੌੜਾਂ ਬਣਾ ਕੇ ਖੇਡ ਰਹੇ ਸਨ। ਦੋਹਾਂ ਨੇ ਮਿਲ ਕੇ ਪਾਰਟਨਰਸ਼ਿਪ ਦੇ ਦੌਰਾਨ ਕੁਲ 83 ਗੇਂਦਾਂ ਦਾ ਸਾਹਮਣਾ ਕਰਕੇ ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਦੇ ਸਾਹਮਣੇ ਸੰਘਰਸ਼ ਦਿਖਾਉਣ ਦੀ ਭਰਪੂਰ ਕੋਸ਼ਿਸ਼ ਕੀਤੀ ਹੈ।

Tarsem Singh

This news is Content Editor Tarsem Singh