ਬਤੌਰ ਕਪਤਾਨ ਪਹਿਲੀ ਸਫਲਤਾ 'ਤੇ ਮਾਣ ਹੈ : ਹਰਮਨਪ੍ਰੀਤ

08/24/2019 1:07:04 PM

ਨਵੀਂ ਦਿੱਲੀ— ਡਰੈਗ ਫਲਿਕਰ ਹਰਮਨਪ੍ਰੀਤ ਸਿੰਘ ਨੂੰ ਮਾਣ ਹੈ ਕਿ ਬਤੌਰ ਕਪਤਾਨ ਉਹ ਭਾਰਤੀ ਹਾਕੀ ਟੀਮ ਨੂੰ ਟੋਕੀਓ 'ਚ ਓਲੰਪਿਕ ਟੈਸਟ ਟੂਰਨਾਮੈਂਟ 'ਚ ਖਿਤਾਬ ਦਿਵਾਉਣ 'ਚ ਕਾਮਯਾਬ ਰਹੇ। ਦੁਨੀਆ ਦੀ ਪੰਜਵੇਂ ਨੰਬਰ ਦੀ ਟੀਮ ਭਾਰਤ ਨੇ ਕੁਝ ਸੀਨੀਅਰ ਖਿਡਾਰੀਆਂ ਨੂੰ ਆਰਾਮ ਦੇ ਕੇ ਨੌਜਵਾਨਾਂ ਨੂੰ ਮੌਕਾ ਦਿੱਤਾ ਸੀ। ਇਸ ਦੇ ਬਾਵਜੂਦ ਨਿਊਜ਼ੀਲੈਂਡ ਨੂੰ 5-0 ਨਾਲ ਹਰਾ ਕੇ ਭਾਰਤ ਨੇ ਖਿਤਾਬ ਜਿੱੱਤਿਆ। 

ਹਰਮਨਪ੍ਰੀਤ ਨੇ ਕਿਹਾ, ''ਟੀਮ 'ਚ ਸ਼ਾਮਲ ਸਾਰੇ ਖਿਡਾਰੀਆਂ ਲਈ ਇਹ ਸੁਨਹਿਰੀ ਮੌਕਾ ਸੀ। ਕੁਝ ਤਜਰਬੇਕਾਰ ਖਿਡਾਰੀਆਂ ਨੂੰ ਆਰਾਮ ਦਿੱਤੇ ਜਾਣ ਦੇ ਕਾਰਨ ਇਹ ਯੁਵਾ ਟੀਮ ਸੀ ਪਰ ਸਾਰੇ ਕਸੌਟੀ 'ਤੇ ਖਰੇ ਉਤਰੇ। ਮੈਨੂੰ ਆਪਣੀ ਟੀਮ ਦੇ ਪ੍ਰਦਰਸ਼ਨ 'ਤੇ ਮਾਣ ਹੈ।'' ਉਨ੍ਹਾਂ ਕਿਹਾ, ''ਭਾਰਤੀ ਟੀਮ ਨੇ ਜਾਪਾਨ, ਮਲੇਸ਼ੀਆ, ਨਿਊਜ਼ੀਲੈਂਡ ਖਿਲਾਫ ਚੰਗਾ ਪ੍ਰਦਰਸ਼ਨ ਕੀਤਾ। ਮੇਰੇ ਲਈ ਇਹ ਮਾਣ ਦੀ ਗੱਲ ਹੈ ਕਿ ਮੈਂ ਪਹਿਲੀ ਵਾਰ ਇਸ ਟੀਮ ਦੀ ਕਪਤਾਨੀ ਕੀਤੀ।'' 

ਭਾਰਤ ਲਈ 2016 ਐੱਫ.ਆਈ.ਐੱਚ. ਚੈਂਪੀਅਨਸ ਟਰਾਫੀ, 2018 ਰਾਸ਼ਟਰਮੰਡਲ ਖੇਡ ਅਤੇ ਏਸ਼ੀਆਈ ਖੇਡਾਂ ਦੇ ਇਲਾਵਾ ਪਿਛਲੇ ਸਾਲ ਵਰਲਡ ਕੱਪ ਖੇਡ ਚੁੱਕੇ ਹਰਮਨਪ੍ਰੀਤ ਰੀਓ ਓਲੰਪਿਕ 'ਚ ਸਭ ਤੋਂ ਯੁਵਾ ਖਿਡਾਰੀਆਂ 'ਚੋਂ ਇਕ ਸਨ। ਉਨ੍ਹਾਂ ਕਿਹਾ, ''ਪਿਛਲਾ ਓਲੰਪਿਕ ਖੇਡਣਾ ਯਾਦਗਾਰ ਰਿਹਾ ਪਰ ਅਸੀਂ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ। ਹੁਣ ਟੀਮ ਦਾ ਪੂਰਾ ਧਿਆਨ ਟੋਕੀਓ ਓਲੰਪਿਕ 'ਤੇ ਹੈ ਅਤੇ ਉਸ ਲਈ ਕੁਆਲੀਫਾਈ ਕਰਨ 'ਤੇ ਅਸੀਂ ਜ਼ਰੂਰ ਕੁਝ ਵੱਡੀ ਉਪਲਬਧੀ ਹਾਸਲ ਕਰਾਂਗੇ।''

Tarsem Singh

This news is Content Editor Tarsem Singh