ਹਰਮਨਪ੍ਰੀਤ ਕੌਰ ਦੀ ਕਪਤਾਨ ਵਜੋਂ ਇਤਿਹਾਸਕ ਉਪਲੱਬਧੀ, ਇਸ ਮਾਮਲੇ 'ਚ ਧੋਨੀ ਤੇ ਕੋਹਲੀ ਨੂੰ ਛੱਡਿਆ ਪਿੱਛੇ

12/12/2022 7:41:07 PM

ਸਪੋਰਟਸ ਡੈਸਕ : ਆਸਟ੍ਰੇਲੀਆ ਖਿਲਾਫ ਦੂਜੇ ਟੀ-20 ਅੰਤਰਰਾਸ਼ਟਰੀ ਮੈਚ 'ਚ ਭਾਰਤ ਦੀ 4 ਦੌੜਾਂ ਨਾਲ ਜਿੱਤ ਤੋਂ ਬਾਅਦ ਕਪਤਾਨ ਹਰਮਨਪ੍ਰੀਤ ਕੌਰ ਨੇ ਇਕ ਵੱਡਾ ਰਿਕਾਰਡ ਬਣਾ ਲਿਆ ਹੈ। ਹਰਮਨਪ੍ਰੀਤ ਬਤੌਰ ਕਪਤਾਨ ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ 50 ਜਿੱਤਾਂ ਦਰਜ ਕਰਨ ਵਾਲੀ ਪਹਿਲੀ ਭਾਰਤੀ ਕਪਤਾਨ ਬਣ ਗਈ ਹੈ। ਇਸ ਮੁਕਾਮ ਤੱਕ ਪਹੁੰਚਣ ਲਈ, ਉਸਨੇ 85 ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ 61.59 ਦੀ ਜਿੱਤ ਪ੍ਰਤੀਸ਼ਤਤਾ ਨਾਲ ਭਾਰਤ ਦੀ ਅਗਵਾਈ ਕੀਤੀ ਹੈ।

ਮਹਾਨ ਵਿਕਟਕੀਪਰ ਬੱਲੇਬਾਜ਼ ਅਤੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਅਤੇ ਵਿਰਾਟ ਕੋਹਲੀ ਵੀ ਇਸ ਅੰਕੜੇ ਤੱਕ ਪਹੁੰਚਣ 'ਚ ਨਾਕਾਮ ਰਹੇ ਹਨ। ਇਸ ਦੇ ਨਾਲ ਹੀ ਮੌਜੂਦਾ ਕਪਤਾਨ ਰੋਹਿਤ ਸ਼ਰਮਾ ਕ੍ਰਿਕਟ ਦੇ ਸਭ ਤੋਂ ਛੋਟੇ ਫਾਰਮੈਟ 'ਚ 50 ਜਿੱਤਾਂ ਤੋਂ ਅਜੇ ਦੂਰ ਹੈ। ਧੋਨੀ ਨੇ 72 ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਮੇਨ ਇਨ ਬਲੂ ਦੀ ਅਗਵਾਈ ਕੀਤੀ ਹੈ ਤੇ 41 ਮੈਚ ਜਿੱਤੇ ਹਨ ਜਦੋਂ ਕਿ ਕੋਹਲੀ ਨੇ 50 ਮੈਚਾਂ ਵਿੱਚ ਭਾਰਤ ਦੀ ਕਪਤਾਨੀ ਕੀਤੀ ਅਤੇ ਟੀਮ ਨੂੰ 30 ਜਿੱਤਾਂ (ਜਿੱਤ ਦੀ ਪ੍ਰਤੀਸ਼ਤਤਾ 64.58) ਦਿਵਾਈ। ਰੋਹਿਤ ਨੇ ਹੁਣ ਤੱਕ 51 ਮੈਚਾਂ ਵਿੱਚ ਕਪਤਾਨੀ ਕੀਤੀ ਹੈ ਅਤੇ ਉਪ ਮਹਾਦੀਪ ਦੀ ਟੀਮ ਨੇ 39 ਜਿੱਤਾਂ (ਜਿੱਤ ਦੀ ਪ੍ਰਤੀਸ਼ਤਤਾ 76.47) ਦਰਜ ਕੀਤੀਆਂ ਹਨ ।

ਇਹ ਵੀ ਪੜ੍ਹੋ : 'ਤੁਸੀਂ ਰੱਬ ਦਾ ਦਿੱਤਾ ਆਸ਼ੀਰਵਾਦ ਹੋ', ਕਿੰਗ ਕੋਹਲੀ ਨੇ ਰੋਨਾਲਡੋ ਲਈ ਲਿਖਿਆ ਭਾਵੁਕ ਨੋਟ

ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਭਾਰਤ ਲਈ ਇੱਕ ਕਪਤਾਨ ਵਜੋਂ ਸਭ ਤੋਂ ਵੱਧ ਜਿੱਤਾਂ 

ਹਰਮਨਪ੍ਰੀਤ ਕੌਰ - 85 ਮੈਚਾਂ ਵਿੱਚ 50 ਜਿੱਤੇ

ਐਮਐਸ ਧੋਨੀ - 72 ਮੈਚਾਂ ਵਿੱਚ 41 ਜਿੱਤੇ

ਰੋਹਿਤ ਸ਼ਰਮਾ - 51 ਮੈਚਾਂ ਵਿੱਚ 39 ਜਿੱਤੇ

ਵਿਰਾਟ ਕੋਹਲੀ - 50 ਮੈਚਾਂ ਵਿੱਚ 30 ਜਿੱਤੇ

ਮੈਚ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਨੇ ਬੇਥ ਮੂਨੀ (ਅਜੇਤੂ 82) ਅਤੇ ਟਾਹਲੀਆ ਮੈਕਗ੍ਰਾ (ਅਜੇਤੂ 70) ਦੇ ਅਰਧ ਸੈਂਕੜਿਆਂ ਦੀ ਬਦੌਲਤ 20 ਓਵਰਾਂ ਵਿਚ ਇਕ ਵਿਕਟ ਦੇ ਨੁਕਸਾਨ 'ਤੇ 187 ਦੌੜਾਂ ਬਣਾਈਆਂ। ਇਸ ਦੇ ਜਵਾਬ ਵਿੱਚ ਭਾਰਤ ਨੇ ਸਮ੍ਰਿਤੀ ਮੰਧਾਨਾ (79) ਅਤੇ ਸ਼ੈਫਾਲੀ ਵਰਮਾ (34) ਦੀ ਚੰਗੀ ਸ਼ੁਰੂਆਤ ਦੀ ਬਦੌਲਤ ਮੈਚ ਟਾਈ ਵਿੱਚ ਸਮਾਪਤ ਕਰ ਦਿੱਤਾ। ਮੈਚ ਦਾ ਨਤੀਜਾ ਸੁਪਰ ਓਵਰ ਵਿਚ ਨਿਕਲਿਆ ਜਿਸ ਵਿਚ ਭਾਰਤ ਨੇ ਇਕ ਵਿਕਟ ਦੇ ਨੁਕਸਾਨ 'ਤੇ 20 ਦੌੜਾਂ ਬਣਾਈਆਂ ਜਦਕਿ ਆਸਟ੍ਰੇਲੀਆ ਇਕ ਵਿਕਟ ਦੇ ਨੁਕਸਾਨ 'ਤੇ 16 ਦੌੜਾਂ ਹੀ ਬਣਾ ਸਕਿਆ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh